Close

Recent Posts

ਹੋਰ ਦੇਸ਼ ਪੰਜਾਬ ਰਾਜਨੀਤੀ

ਖਹਿਰਾ ਨੇ ਦੱਸਿਆ ਆਪਣਾ ਕਿਸਾਨ ਏਜੰਡਾ, ਸਵਾਮੀਨਾਥਨ ਕਮੀਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਵਾਉਣ ਉੱਪਰ ਦੇਣਗੇ ਜੋਰ

ਖਹਿਰਾ ਨੇ ਦੱਸਿਆ ਆਪਣਾ ਕਿਸਾਨ ਏਜੰਡਾ, ਸਵਾਮੀਨਾਥਨ ਕਮੀਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਵਾਉਣ ਉੱਪਰ ਦੇਣਗੇ ਜੋਰ
  • PublishedJuly 15, 2022

ਚੰਡੀਗੜ, 15 ਜੁਲਾਈ (ਦ ਪੰਜਾਬ ਵਾਇਰ)। ਆਲ ਇੰਡੀਆ ਕਿਸਾਨ ਕਾਂਗਰਸ ਦੇ ਨਵ ਨਿਯੁਕਤ ਚੇਅਰਮੈਨ ਅਤੇ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਕਿਹਾ ਕਿ ਦੇਸ਼ ਭਰ ਵਿੱਚ ਕਿਸਾਨਾਂ ਅਤੇ ਬੇਜਮੀਨੇ ਮਜਦੂਰਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਸਾਹਮਣੇ ਲਿਆਉਣ ਦੇ ਨਾਲ ਨਾਲ ਸਵਾਮੀਨਾਥਨ ਕਮੀਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਵਾਉਣਾ ਉਹਨਾਂ ਦਾ ਮੁੱਖ ਏਜੰਡਾ ਹੋਵੇਗਾ।

ਆਲ ਇੰਡੀਆ ਕਿਸਾਨ ਕਾਂਗਰਸ ਦੇ ਚੇਅਰਮੈਨ ਨਿਯੁਕਤ ਕੀਤੇ ਜਾਣ ਉਪਰੰਤ ਅੱਜ ਆਪਣੀ ਪਹਿਲੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਖਹਿਰਾ ਨੇ ਕਿਹਾ ਕਿ ਉਹ ਨਾਲ ਹੀ ਪੰਜਾਬ ਦੇ ਕਿਸਾਨਾਂ ਅਤੇ ਖੇਤ ਮਜਦੂਰਾਂ ਦੇ ਤਰਸਯੋਗ ਹਲਾਤਾਂ ਉੱਪਰ ਵੀ ਆਪਣਾ ਧਿਆਨ ਕੇਂਦਰਿਤ ਕਰਨਗੇ।

ਖਹਿਰਾ ਨੇ ਕਾਂਗਰਸ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ, ਸੀਨੀਅਰ ਆਗੂ ਰਾਹੁਲ ਗਾਂਧੀ, ਕੇ.ਸੀ ਵੈਨੂਗੋਪਾਲ, ਪੀ.ਸੀ.ਸੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਮੇਤ ਸਮੁੱਚੀ ਲੀਡਰਸ਼ਿਪ ਦਾ ਉਹਨਾਂ ਉੱਪਰ ਵਿਸ਼ਵਾਸ ਜਤਾਉਣ ਲਈ ਧੰਨਵਾਦ ਕੀਤਾ। ਇਸ ਮੋਕੇ ਪ੍ਰਦੇਸ਼ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਵੀ ਹਾਜਿਰ ਸਨ।

ਉਹਨਾਂ ਕਿਹਾ ਕਿ ਪੰਜਾਬ ਅਤੇ ਦੇਸ਼ ਦੇ ਕਿਸਾਨਾਂ ਵੱਲੋਂ ਕਰਜ਼ੇ ਦੀ ਮਾਰ ਹੇਠ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਦਾ ਮਸਲਾ ਹੱਲ ਕਰਨਾ ਅਤੇ ਖੇਤੀਬਾੜੀ ਵਿੱਚ ਬਦਲਾਅ ਲਿਆਉਣਾ ਉਹਨਾਂ ਦੇ ਮੁੱਖ ਮਕਸਦ ਹੋਣਗੇ। ਉਹਨਾਂ ਖੁਲਾਸਾ ਕੀਤਾ ਕਿ ਇਕੱਲੇ ਪੰਜਾਬ ਦੇ ਕਿਸਾਨ ਬੈਂਕਾਂ ਦੇ ਇੱਕ ਲੱਖ ਕਰੋੜ ਰੁਪਏ ਦੇ ਕਰਜਾਈ ਹਨ।

ਕਿਸਾਨਾਂ ਦੇ ਤਰਸਯੋਗ ਹਲਾਤਾਂ ਵੱਲ ਧਿਆਨ ਦੇਣ ਦੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰਦਿਆਂ ਉਹਨਾਂ ਕਿਹਾ ਕਿ ਉਹਨਾਂ ਦੇ ਜੱਦੀ ਜਿਲਾ ਸੰਗਰੂਰ ਵਿੱਚ ਸੱਭ ਤੋਂ ਜਿਆਦਾ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਹਨ। ਉਹਨਾਂ ਕਿਹਾ ਕਿ ਜਿਸ ਤਰਾਂ ਦੇਸ਼ ਦੀ ਰਾਖੀ ਕਰਦਿਆਂ ਆਪਣੀ ਜਾਨਾਂ ਵਾਰਨ ਵਾਲੇ ਫੋਜੀਆਂ ਵਾਸਤੇ ਸੂਬਾ ਸਰਕਾਰ ਨੇ ਮੁਆਵਜ਼ਾ ਰਾਸ਼ੀ ਵਧਾਕੇ ਇੱਕ ਕਰੋੜ ਰੁਪਏ ਕਰ ਦਿੱਤੀ ਹੈ ਇਸੇ ਤਰਾਂ ਹੀ ਖੁਦਕੁਸ਼ੀਆਂ ਕਰਨ ਵਾਲੇ ਬਦਕਿਸਮਤ ਕਿਸਾਨਾਂ ਦੇ ਪਰਿਵਾਰਾਂ ਨੂੰ ਵੀ 25 ਲੱਖ ਰੁਪਏ ਮੁਆਵਜਾ ਦਿੱਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਸ ਦਾ ਅਰਥ ਇਹ ਨਹੀਂ ਕਿ ਉਹ ਖੁਦਕੁਸ਼ੀਆਂ ਲਈ ਉਤਸਾਹਿਤ ਕਰ ਰਹੇ ਹਨ ਪਰੰਤੂ ਅਜਿਹਾ ਵੱਡਾ ਅਤੇ ਭਿਆਨਕ ਕਦਮ ਚੁੱਕਣ ਵਾਲਿਆਂ ਦੇ ਪਰਿਵਾਰਾਂ ਨੂੰ ਜਾਇਜ ਮੁਆਵਜਾ ਮਿਲਣਾ ਚਾਹੀਦਾ ਹੈ ਤਾਂ ਜੋ ਕਿ ਉਹ ਆਪਣੀ ਆਰਥਿਕਤਾ ਨੂੰ ਸੁਰੱਖਿਅਤ ਕਰ ਸਕਣ।

ਸਵਾਮੀਨਾਥਨ ਕਮੀਸ਼ਨ ਦੀਆਂ ਸਿਫਾਰਿਸ਼ਾਂ ਉੱਪਰ ਬੋਲਦਿਆਂ ਉਹਨਾਂ ਕਿਹਾ ਕਿ ਸਾਰੀਆਂ ਪਾਰਟੀਆਂ ਬਿਨਾਂ ਕਿਸੇ ਸ਼ਰਤ ਦੇ ਇਹਨਾਂ ਸਿਫਾਰਿਸ਼ਾਂ ਨੂੰ ਲਾਗੂ ਕਰਨ ਦੇ ਵਾਅਦੇ ਕਰਦੀਆਂ ਹਨ ਪਰੰਤੂ ਜਿਵੇਂ ਹੀ ਸੱਤਾ ਵਿੱਚ ਆਉਂਦੀਆਂ ਹਨ ਤਾਂ ਇਹਨਾਂ ਨੂੰ ਭੁੱਲ ਜਾਂਦੀਆਂ ਹਨ ਅਤੇ ਇਸੇ ਕਾਰਨ ਇਹ ਮਿੱਟੀ ਵਿੱਚ ਰੁਲ ਰਹੀਆਂ ਹਨ।

ਖਹਿਰਾ ਨੇ ਦੇਸ਼ ਦੀ ਖੇਤੀਬਾੜੀ ਦੀ ਤਰਸਯੋਗ ਤਸਵੀਰ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਦੇਸ਼ ਦੇ ਹਰ ਸੂਬੇ ਵਿੱਚੋਂ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਉਹਨਾਂ ਕਿਹਾ ਕਿ ਭਾਰਤ ਦੀ 60-70 ਫੀਸਦੀ ਵਸੋਂ ਖੇਤੀਬਾੜੀ ਉੱਪਰ ਨਿਰਭਰ ਕਰਦੀ ਹੈ ਪਰੰਤੂ ਅੱਜ ਖੇਤੀਬਾੜੀ ਕਿਸੇ ਤਰਾਂ ਵੀ ਮੁਨਾਫੇ ਵਾਲਾ ਕੰਮ ਨਹੀਂ ਰਿਹਾ ਅਤੇ ਖੇਤੀਬਾੜੀ ਆਮਦਨ ਨਿਰੰਤਰ ਗਿਰਾਵਟ ਵੱਲ ਜਾ ਰਹੀ ਹੈ।

ਸੂਬਾ ਸਰਕਾਰ ਉੱਪਰ ਵਰਦਿਆਂ ਕਾਂਗਰਸੀ ਆਗੂ ਨੇ ਕਿਹਾ ਕਿ ਇਸ ਨੇ ਕਿਸਾਨਾਂ ਲਈ ਕੁਝ ਨਹੀਂ ਕੀਤਾ। ਉਹਨਾਂ ਕਿਹਾ ਕਿ ਇਸ਼ਤਿਹਾਰਾਂ ਉੱਪਰ ਬੇਸ਼ਕੀਮਤੀ ਪੈਸਾ ਬਰਬਾਦ ਕਰਨ ਦੀ ਬਜਾਏ ਕਿਸਾਨਾਂ ਵਸਤੇ ਇਸਤੇਮਾਲ ਕੀਤਾ ਜਾ ਸਕਦਾ ਸੀ। ਮਿਸਾਲ ਦੇ ਤੋਰ ਤੇ ਉਹਨਾਂ ਕਿਹਾ ਕਿ ਮੂੰਗੀ ਉੱਪਰ ਐਲਾਨਿਆ ਐਮ.ਐਸ.ਪੀ ਅੱਖਾਂ ਵਿੱਚ ਘੱਟਾ ਪਾਉਣ ਵਾਲੀ ਗੱਲ ਸੀ ਕਿਉਂਕਿ ਸੂਬੇ ਨੇ ਇਸ ਵਾਸਤੇ ਨਾਂਮਾਤਰ ਪੈਸਾ ਰੱਖਿਆ ਸੀ ਜਿਸ ਨਾਲ ਕਿ ਸਿਰਫ 18000 ਏਕੜ ਫਸਲ ਦੀ ਖਰੀਦ ਕੀਤੀ ਜਾ ਸਕਦੀ ਸੀ ਅਤੇ ਬਾਕੀ ਫਸਲ ਐਮ.ਐਸ.ਪੀ ਨਾ ਮਿਲਣ ਕਾਰਨ ਰੁੱਲ ਰਹੀ ਹੈ।

ਉਹਨਾਂ ਐਲਾਨ ਕੀਤਾ ਕਿ ਉਹ ਫਸਲੀ ਵਿਿਭੰਨਤਾ ਅਤੇ ਕਣਕ ਅਤੇ ਝੋਨੇ ਤੋਂ ਇਲਾਵਾ ਹੋਰਨਾਂ ਫਸਲਾਂ ਲਈ ਵੀ ਐਮ.ਐਸ.ਪੀ ਦਿੱਤੇ ਜਾਣ ਉੱਪਰ ਜੋਰ ਦੇਣਗੇ। ਉਹਨਾਂ ਕਿਹਾ ਕਿ ਫਸਲੀ ਵਿਿਭੰਨਤਾ ਪੰਜਾਬ ਦੀ ਜਰੂਰਤ ਹੈ ਅਤੇ ਜਿਸ ਲਈ ਹੋਰਨਾਂ ਫਸਲਾਂ ਉੱਪਰ ਵੀ ਐਮ.ਐਸ.ਪੀ ਦਿੱਤਾ ਜਾਣਾ ਜਰੂਰੀ ਹੈ।

ਰਾਜਸਥਾਨ ਫੀਡਰ ਨਹਿਰ ਨੂੰ ਪੱਕਾ ਕੀਤੇ ਜਾਣ ਦਾ ਆਪਣਾ ਵਿਰੋਧ ਮੁੜ ਦੁਹਰਾਂਦਿਆਂ ਉਹਨਾਂ ਕਿਹਾ ਕਿ ਇਸ ਨਾਲ ਨਜਦੀਕੀ ਇਲਾਕਾ ਬਿਲਕੁੱਲ ਸੁੱਕ ਜਾਵੇਗਾ। ਉਹਨਾਂ ਕਿਹਾ ਕਿ ਜਦ ਪਾਣੀ ਵੱਗਦਾ ਹੈ ਤਾਂ ਉਹ ਨਜਦੀਕੀ ਇਲਾਕਿਆਂ ਨੂੰ ਰਿਚਾਰਜ ਕਰਦਾ ਹੈ। ਪਰੰਤੂ ਜਦ ਕੰਢੇ ਅਤੇ ਤਲ ਪੱਕੇ ਕਰ ਦਿੱਤੇ ਗਏ ਤਾਂ ਜਮੀਨ ਪਾਣੀ ਨਹੀਂ ਸੋਖੇਗੀ ਅਤੇ ਜਮੀਨੀ ਪਾਣੀ ਦਾ ਲੈਵਲ ਰਿਚਾਰਜ ਨਹੀਂ ਹੋਵੇਗਾ। ਉਹਨਾਂ ਕਿਹਾ ਕਿ ਨਹਿਰ ਦੇ ਕੰਢੇ ਅਤੇ ਤਲ ਪੱਕਾ ਕੀਤਾ ਜਾਣਾ ਆਮ ਆਦਮੀ ਪਾਰਟੀ ਸਰਕਾਰ ਦਾ ਇੱਕ ਮੰਦਭਾਗਾ ਫੈਸਲਾ ਹੈ।

ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਦੇ ਸਵਾਲ ਉੱਪਰ ਬੋਲਦਿਆਂ ਉਹਨਾਂ ਕਿਹਾ ਕਿ ਉਹ ਹਰ ਉਸ ਕੈਦੀ ਦੀ ਰਿਹਾਈ ਦੇ ਪੱਖ ਵਿੱਚ ਹਨ ਜਿਹਨਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਹਨ ਚਾਹੇ ਉਹ ਕਿਸੇ ਵੀ ਧਰਮ ਦੇ ਹੋਣ।

Written By
The Punjab Wire