ਚੰਡੀਗੜ੍ਹ, 28 ਜੂਨ (ਦ ਪੰਜਾਬ ਵਾਇਰ)। ਪੰਜਾਬ ਵਿਧਾਨ ਸਭਾ ਅੰਦਰ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜੱਦ ਪੰਜਾਬ ਦੇ ਜੇਲ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੱਡੇ ਦੋਸ਼ ਲਗਾਉਂਦੇ ਹੋਏ ਸਦਨ ਅੰਦਰ ਯੂਪੀ ਦੇ ਗੈਂਗਸਟਰ ਮੁਖਤਾਰ ਅੰਸਾਰੀ ਬਾਰੇ ਵੱਡਾ ਖੁਲਾਸਾ ਕੀਤਾ। ਜੇਲ੍ਹ ਮੰਤਰੀ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਮੁਖਤਾਰ ਅੰਸਾਰੀ ਵਿਰੁੱਧ ਜਾਅਲੀ ਐਫ.ਆਈ.ਆਰ. ਦਰਜ ਕਰ ਉਸ ਦੇ ਖਿਲਾਫ ਚਲਾਨ ਵੀ ਪੇਸ਼ ਨਹੀਂ ਕੀਤਾ। ਮੰਤਰੀ ਨੇ ਕਿਹਾ ਕਿ ਜੇ.ਈ. ਮੁਖਤਾਰ ਅੰਸਾਰੀ ਪੰਜਾਬ ਦੀ ਰੋਪੜ ਜੇਲ੍ਹ ਵਿੱਚ ਬੰਦ ਸੀ, ਉਸ ਨੂੰ ਯੂਪੀ ਪੁਲਿਸ ਕੋਲ ਨਾ ਸੌਂਪਣ ਦੇ ਬਦਲੇ ਪਿਛਲੀ ਸਰਕਾਰ ਨੇ 55 ਲੱਖ ਰੁਪਏ ਖਰਚ ਕੀਤੇ ਸਨ। ਮੰਤਰੀ ਵੱਲੋਂ ਇਹ ਵੀ ਕਿਹਾ ਗਿਆ ਕਿ ਮੁਖਤਾਰ ਅੰਸਾਰੀ ਦੀ ਪਤਨੀ ਵੀ ਉਸ ਨਾਲ ਜੇਲ ਅੰਦਰ ਰਹੀ। ਜਿਸ ਤੋਂ ਬਾਅਦ ਸਦਨ ਅੰਦਰ ਹੰਗਾਮਾ ਮੱਚ ਗਿਆ ਅਤੇ ਕਾਂਗਰਸ ਦੀਆਂ ਵੱਡੀਆ ਤੋਪਾਂ ਦੇ ਮੁੰਹ ਲਾਰੇਂਸ ਬਿਸ਼ਨੋਈ ਦੇ ਜਰੀਏ ਦਿੱਲੀ ਵੱਲ ਹੋ ਗਏ।
ਜੇਲ ਮੰਤਰੀ ਨੇ ਸਦਨ ਅੰਦਰ ਕਿਹਾ ਕਿ ਮੁਖਤਾਰ ਅੰਸਾਰੀ ਨੂੰ ਯੂ.ਪੀ ਲੈ ਜਾਣ ਲਈ ਯੂ.ਪੀ ਸਰਕਾਰ ਨੇ ਕਈ ਪ੍ਰੋਡਕਸ਼ਨ ਕਟਵਾਏ ਪਰ ਪਿਛਲੀ ਸਰਕਾਰ ਨੇ ਮੁਖਤਾਰ ਅੰਸਾਰੀ ਨੂੰ ਯੂਪੀ ਪੁਲਿਸ ਦੇ ਹਵਾਲੇ ਨਹੀਂ ਕੀਤਾ, ਜਿਸ ਤੋਂ ਬਾਅਦ ਯੂਪੀ ਸਰਕਾਰ ਨੂੰ ਸੁਪਰੀਮ ਕੋਰਟ ਜਾਣਾ ਪਿਆ। ਯੂਪੀ ਸਰਕਾਰ ਦੇ ਸੁਪਰੀਮ ਕੋਰਟ ਵਿੱਚ ਜਾਣ ਤੋਂ ਬਾਅਦ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਮੁਖਤਾਰ ਅੰਸਾਰੀ ਦੇ ਵੱਡੇ ਵਕੀਲ ਦਾ ਨਾਂ ਲਿਆ ਸੀ, ਜਿਸ ਦਾ ਹੁਣ 55 ਲੱਖ ਰੁਪਏ ਦਾ ਬਿੱਲ ਆਇਆ ਹੈ। ਮੰਤਰੀ ਨੇ ਕਿਹਾ ਕਿ ਅਸੀਂ ਪੰਜਾਬ ਦੇ ਲੋਕਾਂ ਦਾ ਪੈਸਾ ਕਿਉਂ ਅਦਾ ਕਰੀਏ। ਮੰਤਰੀ ਨੇ ਕਿਹਾ ਕਿ ਇਹ ਬਹੁਤ ਗੰਭੀਰ ਮਾਮਲਾ ਹੈ।
ਉਹਨਾਂ ਕਿਹਾ ਕਿ ਮੁਖਤਾਰ ਅੰਸਾਰੀ ਨੂੰ ਰੋਪੜ ਜੇਲ ਵਿਚ ਰੱਖਿਆ ਗਿਆ ਸੀ ਜਿੱਥੇ ਇਕ ਬੈਰਕ ਵਿਚ 25 ਕੈਦੀ ਰਹਿ ਸਕਦੇ ਸਨ, ਮੁਖਤਾਰ ਅੰਸਾਰੀ ਨੂੰ ਉਸ ਬੈਰਕ ਵਿਚ ਰੱਖਿਆ ਗਿਆ ਸੀ ਅਤੇ ਵੀਆਈਪੀ ਟ੍ਰੀਟਮੈਂਟ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੀ ਪਤਨੀ ਵੀ ਨਾਲ ਰਹੀ। ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਇਸ ਮਾਮਲੇ ‘ਚ ਐੱਫ.ਆਈ.ਆਰ ਦਰਜ ਕਰਨ ਦੇ ਹੁਕਮ ਦਿੱਤੇ ਹਨ, ਜਿਨ੍ਹਾਂ ਦੇ ਕਹਿਣ ‘ਤੇ ਸਭ ਕੁਝ ਹੋਇਆ ਹੈ।
ਜੇਲ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਵਿਧਾਨ ਸਭਾ ਅੰਦਰ ਕੀਤੇ ਗਏ ਇਸ ਖੁਲਾਸੇ ਤੋਂ ਬਾਅਦ ਕਾਂਗਰਸ ਦੇ ਵਿਰੋਧੀ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਡੇਰਾ ਬਾਬਾ ਨਾਨਕ ਹਲਕੇ ਦੇ ਵਿਧਾਇਕ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮੰਤਰੀ ਵੱਲੋਂ ਦਿੱਤੇ ਗਏ ਬਿਆਨ ਤੇ ਸਖ਼ਤ ਐਤਰਾਜ ਜਤਾਉੰਦਿਆ ਸਬੂਤ ਮੰਗੇ। ਸੁਖਜਿੰਦਰ ਰੰਧਾਵਾ ਅਤੇ ਪ੍ਰਤਾਪ ਬਾਜਵਾ ਵੱਲੋਂ ਕਿਹਾ ਗਿਆ ਕਿ ਮੰਤਰੀ ਇਸ ਸਬੰਧੀ ਕੋਈ ਤੱਥ ਪੇਸ਼ ਕਰ ਸਕਦੇ ਹਨ? ਵੇਖਦੇ ਹੀ ਵੇਖਦੇ ਦੋਵਾਂ ਪਾਸੇ ਮਾਮਲੇ ਨੇ ਤੂਲ ਫੜ ਲਿਆ ਅਤੇ ਵਿਰੋਧੀ ਦਲ ਦੇ ਨੇਤਾ ਪ੍ਰਤਾਪ ਬਾਜਵਾ ਵੱਲੋਂ ਲਾਰੇਂਸ਼ ਬਿਸ਼ਨੋਈ ਦੇ ਜਰੀਏ ਸਿੱਧੀ ਉੰਗਲ ਦਿੱਲੀ ਦਰਬਾਰ ਤੇ ਚੁੱਕ ਲਈ ਗਈ।
ਦੱਸਣਯੋਗ ਹੈ ਕਿ ਲਾਰੇਂਸ ਬਿਸ਼ਨੌਈ ਤਿਹਾੜ ਜੇਲ ਅੰਦਰ ਬੰਦ ਸੀ ਅਤੇ ਉੱਥੋਂ ਹੀ ਆਪਣਾ ਨੈਟਵਰਕ ਚਲਾ ਰਿਹਾ ਸੀ। ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜਿਸ਼ ਵੀ ਉਸੇ ਵੱਲੋਂ ਜੇਲ ਅੰਦਰੋਂ ਰਚੀ ਗਈ। ਤਿਹਾੜ ਜੇਲ ਦਿੱਲੀ ਅੰਦਰ ਹੈ ਅਤੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ।