ਕਿਹਾ ਮਾਨ ਦੀ ਵਿਚਾਰਧਾਰਾ ਅਤੀਤ ਵਿੱਚ ਪੰਜਾਬ ਅਤੇ ਸਾਡੀ ਕੌਮ ਲਈ ਹੋਈ ਜ਼ਹਿਰੀਲੀ ਸਾਬਤ
ਚੰਡੀਗੜ੍ਹ, 26 ਜੂਨ (ਦ ਪੰਜਾਬ ਵਾਇਰ)। ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ ਲੋਕ ਸਭਾ ਦੀ ਜਿਮਨੀ ਚੋਣ ਜਿੱਤ ਗਏ ਹਨ। ਉਨ੍ਹਾਂ ਵੱਲੋਂ ਪੂਰੇ ਫਸਵੇਂ ਮੁਕਾਬਲੇ ‘ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਨੂੰ ਹਰਾਇਆ।ਸਿਮਰਨਜੀਤ ਸਿੰਘ ਮਾਨ ਦੀ ਜਿੱਤ ਨਾਲ ਜਿੱਥੇ ਹੁਣ ਆਮ ਆਦਮੀ ਪਾਰਟੀ ਦਾ ਦੇਸ਼ ਦੀ ਲੋਕ ਸਭਾ ਅੰਦਰ ਪੂਰੀ ਤਰ੍ਹਾਂ ਸਫ਼ਾਇਆ ਹੋ ਗਿਆ ਹੈ।
ਸਿਮਰਨਜੀਤ ਸਿੰਘ ਮਾਨ ਦੀ ਜਿੱਤ ਤੋਂ ਬਾਅਦ ਹਰੇਕ ਪਾਰਟੀ ਦੇ ਆਗੂਆ ਦੇ ਬਿਆਨ ਸਾਹਮਣੇ ਆ ਰਹੇ ਹਨ ਅਤੇ ਮਾਨ ਦੇ ਸਮਰਥਕਾ ਅੰਦਰ ਖੂਸ਼ੀ ਦੀ ਲਹਿਰ ਹੈ। ਇਸੇ ਦੌਰਾਨ ਕਾਂਗਰਸ ਪਾਰਟੀ ਦੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਦਾ ਵੀ ਬਿਆਨ ਸਾਹਮਣੇ ਆਇਆ ਹੈ। ਰਵਨੀਤ ਬਿੱਟੂ ਵੱਲੋਂ ਸਿਮਰਨਜੀਤ ਸਿੰਘ ਮਾਨ ਤੇ ਤਿੱਖਾ ਹਮਲਾ ਕੀਤਾ ਗਿਆ ਹੈ ਅਤੇ ਉਨ੍ਹਾਂ ਦੀ ਵਿਚਾਰਧਾਰਾ ਤੇ ਵੀ ਸਵਾਲ ਚੁੱਕੇ ਗਏ ਹਨ ਅਤੇ ਉਨ੍ਹਾਂ ਦੇ ਏਜੰਡੇ ਨੂੰ ਪੰਜਾਬ ਅਤੇ ਦੇਸ਼ ਦੀ ਸ਼ਾਂਤੀ ਅਤੇ ਅਖੰਡਤਾ ਲਈ ਖਤਰਾ ਦੱਸਿਆ ਹੈ।
ਬਿੱਟੂ ਨੇ ਟਵੀਟ ਕਰ ਕਿਹਾ ਗਿਆ ਹੈ ਕਿ ਲੋਕਾਂ ਵੱਲੋਂ ਦਿੱਤਾ ਗਿਆ ਫਤਵਾ ਹਮੇਸ਼ਾ ਹੀ ਸਰਵਉੱਚ ਹੁੰਦਾ ਹੈ ਅਤੇ ਇਸ ਵਾਰ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਨਿੱਤਰਿਆ ਹੈ। ਹਾਲਾਂਕਿ, ਮਾਨ ਦੀ ਵਿਚਾਰਧਾਰਾ ਅਤੀਤ ਵਿੱਚ ਪੰਜਾਬ ਅਤੇ ਸਾਡੀ ਕੌਮ ਲਈ ਜ਼ਹਿਰੀਲੀ ਸਾਬਤ ਹੋਈ ਹੈ। ਉਸਦਾ ਖਾਲਿਸਤਾਨੀ ਏਜੰਡਾ ਪੰਜਾਬ ਅਤੇ ਦੇਸ਼ ਦੀ ਸ਼ਾਂਤੀ ਅਤੇ ਅਖੰਡਤਾ ਲਈ ਖਤਰਾ ਹੈ। ਸਾਨੂੰ ਨਾਗਰਿਕ ਹੋਣ ਦੇ ਨਾਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਹ ਸ਼ਾਂਤੀ ਅਤੇ ਅਖੰਡਤਾ ਹਮੇਸ਼ਾ ਬਰਕਰਾਰ ਰਹੇ।