ਚੰਡੀਗੜ੍ਹ, 11 ਜੂਨ ( ਦ ਪੰਜਾਬ ਵਾਇਰ)। ਆਮ ਆਦਮੀ ਪਾਰਟੀ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸ਼ੁੱਕਰਵਾਰ ਨੂੰ ਸਾਬਕਾ ਕਾਂਗਰਸੀ ਮੰਤਰੀ ਅਤੇ ਮੌਜੂਦਾ ਫਤੇਹਗੜ ਚੂੜਿਆਂ ਦੇ ਵਿਧਾਇਕ ਤ੍ਰਿਪਤ ਰਜਿੰਦਰ ਬਾਜਵਾ ‘ਤੇ 28 ਕਰੋੜ ਦੇ ਘੁਟਾਲੇ ਦਾ ਦੋਸ਼ ਲਗਾਇਆ ਹੈ। ਕੁਲਦੀਪ ਧਾਲੀਵਾਲ ਨੇ ਜੀ.ਟੀ ਰੋਡ ‘ਤੇ ਵੇਚੀ ਗਈ ਪੰਚਾਇਤੀ ਜ਼ਮੀਨ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਉਹੀ ਜ਼ਮੀਨ ਹੈ, ਜਿਸ ਨੂੰ ਲੈ ਕੇ ਪਿਛਲੇ ਮਹੀਨੇ ਹੀ ਮੰਤਰੀ ਧਾਲੀਵਾਲ ‘ਤੇ ਦੋਸ਼ ਲੱਗ ਰਹੇ ਸਨ।
ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਅੰਮ੍ਰਿਤਸਰ ਜੀ.ਟੀ ਰੋਡ ’ਤੇ ਕੀਮਤੀ ਥਾਂ ’ਤੇ ਕਲੋਨੀ ਕੱਟੀ ਜਾ ਰਹੀ ਹੈ। ਪਿਛਲੇ ਮਹੀਨੇ ਉਸ ‘ਤੇ ਦੋਸ਼ ਲੱਗੇ ਸਨ ਕਿ ਉਨ੍ਹਾਂ ਨੇ ਪੰਚਾਇਤੀ ਜ਼ਮੀਨ ਵੇਚ ਦਿੱਤੀ ਸੀ ਪਰ ਜਦੋਂ ਉਸ ਦੀ ਜਾਂਚ ਸ਼ੁਰੂ ਹੋਈ ਤਾਂ ਇਹ ਗੱਲ ਸਾਹਮਣੇ ਆਈ ਕਿ ਇਸ ਜ਼ਮੀਨ ਦੀ ਫਾਈਲ ‘ਤੇ ਸਾਬਕਾ ਕਾਂਗਰਸੀ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਦਸਤਖਤ ਹਨ। ਇਹ ਦਸਤਖਤ 11 ਮਾਰਚ ਨੂੰ ਕੀਤੇ ਗਏ ਸਨ, ਜਦੋਂ 10 ਮਾਰਚ ਨੂੰ ਪੂਰੇ ਸੂਬੇ ਵਿੱਚ ਕਾਂਗਰਸ ਨੂੰ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।ਉਹਨਾਂ ਕਿਹਾ ਕਿ ਬਾਜਵਾ ਦੇ ਦਸਤਖਤ ਤੋਂ ਬਾਅਦ ਵੇਚੀ ਜ਼ਮੀਨ ਤੋਂ ਪੰਜਾਬ ਸਰਕਾਰ ਨੂੰ 28 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਉਸ ਨੇ ਇਸ ਜ਼ਮੀਨ ਦੀ ਖਰੀਦ-ਵੇਚ ਦੀ ਜਾਂਚ ਲਈ ਕਮੇਟੀ ਬਣਾਈ ਸੀ। ਇਹ ਕਮੇਟੀ ਆਈਐਸ ਅਮਿਤ ਕੁਮਾਰ ਦੀ ਪ੍ਰਧਾਨਗੀ ਹੇਠ ਜਾਂਚ ਕਰੇਗੀ।
ਮੰਤਰੀ ਕੁਲਦੀਪ ਧਾਲੀਵਾਲ ਨੇ ਦੱਸਿਆ ਕਿ ਅੰਮ੍ਰਿਤਸਰ ਜੀ.ਟੀ ਰੋਡ ‘ਤੇ ਸਥਿਤ ਜ਼ਮੀਨ ਨੂੰ ਖਰੀਦਣ ਦਾ ਕੰਮ 25 ਮਈ 2015 ਨੂੰ ਸ਼ੁਰੂ ਕੀਤਾ ਗਿਆ ਸੀ। ਜਦੋਂ ਸੂਬੇ ਵਿੱਚ ਅਕਾਲੀ ਦਲ ਦੀ ਸਰਕਾਰ ਸੀ। ਫਿਰ ਪੰਚਾਇਤ ਨੇ ਪ੍ਰਸਤਾਵ ਪੇਸ਼ ਕਰਕੇ ਆਪਣੀ ਰਿਪੋਰਟ ਚੰਡੀਗੜ੍ਹ ਭੇਜ ਦਿੱਤੀ। ਇਸ ਤੋਂ ਬਾਅਦ ਇਹ ਫਾਈਲ ਚੰਡੀਗੜ੍ਹ ਦਫ਼ਤਰਾਂ ਵਿੱਚ ਘੁੰਮਦੀ ਰਹੀ। ਹੈਰਾਨੀ ਦੀ ਗੱਲ ਹੈ ਕਿ 10 ਮਾਰਚ ਨੂੰ ਚੋਣ ਨਤੀਜੇ ਆਏ ਤੇ ਪੂਰੇ ਪੰਜਾਬ ਵਿਚ ਕਾਂਗਰਸ ਦੀ ਹਾਰ ਹੋਈ। ਹਾਰ ਤੋਂ ਅਗਲੇ ਦਿਨ 11 ਮਾਰਚ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਵੇਰੇ ਮੰਤਰੀ ਮੰਡਲ ਨਾਲ ਮੀਟਿੰਗ ਕੀਤੀ ਅਤੇ ਬਾਅਦ ਦੁਪਹਿਰ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਪਰ ਕਾਂਗਰਸ ਦੇ ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਨੈਤਿਕਤਾ ਨੂੰ ਦਰਕਿਨਾਰ ਕਰਦਿਆਂ ਇਸ ਨੂੰ ਵੇਚਣ ਦੇ ਹੁਕਮ ਦੇ ਦਿੱਤੇ। ਉਨ੍ਹਾਂ ਕਿਹਾ ਕਿ 15 ਮਾਰਚ ਨੂੰ ਆਰਡਰ ਆਏ ਅਤੇ ਉਸ ਤੋਂ ਬਾਅਦ ਜ਼ਮੀਨ ਦੀ ਰਜਿਸਟਰੀ ਹੋ ਗਈ, ਜਦਕਿ ਮਾਨ ਸਰਕਾਰ ਦੀ ਕੈਬਨਿਟ ਨੇ 19 ਮਾਰਚ ਨੂੰ ਸਹੁੰ ਚੁੱਕੀ।
ਕੁਲਦੀਪ ਧਾਲੀਵਾਲ ਨੇ ਦੱਸਿਆ ਕਿ ਇਹ ਘੁਟਾਲਾ ਇੱਥੇ ਹੀ ਨਹੀਂ ਰੁਕਿਆ। 41 ਏਕੜ ਜ਼ਮੀਨ ਦੀ ਤਜਵੀਜ਼ 2015 ਵਿੱਚ ਰੱਖੀ ਗਈ ਸੀ ਪਰ ਜਦੋਂ ਮਾਰਚ 2022 ਨੂੰ ਇਸ ਜ਼ਮੀਨ ਦੀ ਰਜਿਸਟਰੀ ਹੋਈ ਤਾਂ ਇਸ ਵਿੱਚ ਸਿਰਫ਼ 38 ਏਕੜ ਜ਼ਮੀਨ ਸੀ। ਇਸ ਸਾਰੀ ਘਟਨਾ ਵਿੱਚ ਸਰਕਾਰ ਦਾ 28 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ, ਜਿਸ ਨੂੰ ਸਰਕਾਰ ਬਰਦਾਸ਼ਤ ਨਹੀਂ ਕਰ ਸਕਦੀ। ਉਨ੍ਹਾਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ, ਜਲਦੀ ਹੀ ਰਿਪੋਰਟ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾਵੇਗੀ।
ਉਧਰ ਇਸ ਸੰਬੰਧੀ ਆਪਣੇ ਤੇ ਲਗਾਏ ਗਏ ਦੋਸ਼ਾ ਦਾ ਕੜਾ ਜਵਾਬ ਦੇਂਦੇ ਹੋਏ ਤ੍ਰਿਪਤ ਬਾਜਵਾ ਮੀਡੀਆਂ ਦੇ ਸਾਹਮਣੇ ਆਏ ਅਤੇ ਉਨ੍ਹਾਂ ਕਿਹਾ ਕਿ ਆਪ ਸਰਕਾਰ ਆਪਣੀ ਨਾਕਾਮੀ ਕਾਰਣ ਪਹਿਲਾਂ ਹੀ ਬੈਕਫੁਟ ਤੇ ਆ ਚੁੱਕੀ ਹੈ ਅਤੇ ਇਨ੍ਹਾਂ ਕੋਈ ਹੁਣ ਸੰਗਰੂਰ ਦੀਆਂ ਚੋਣਾਂ ਵਿੱਚ ਕੋਈ ਮੁੱਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਰੇਟ ਹਾਈ ਪਾਵਰ ਕਮੇਟੀ ਫ਼ਿਕਸ ਕਰਦੇ ਹਨ ਉਹ ਨਹੀਂ। ਉਨ੍ਹਾਂ ਕਿਹਾ ਕਿ ਹੁਣ ਸੰਗਰੂਰ ਦੀਆਂ ਚੋਣਾਂ ਕਰਕੇ ਸਾਫ਼ ਚਰਿੱਤਰ ਵਾਲੇ ਵਿਅਕਤੀ ਤੇ ਦਾਗ ਉਛਾਲੇ ਜਾ ਰਹੇ ਹਨ।ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਝੂਠ ਦੇ ਆਧਾਰ ਤੇ ਲੋਕਾਂ ਨੂੰ ਬੇਵਕੂਫ ਬਣਾ ਕੇ ਸੱਤਾ ਵਿੱਚ ਆਈ ਸੀ। ਅਤੇ ਮੂਸੇਵਾਲਾ ਦੇ ਕਤਲ ਕਾਂਡ ਤੋਂ ਬਾਅਦ ਲੋਕ ਡਰੇ ਹੋਏ ਹਨ ਅਤੇ ਇਹ ਹੁਣ ਧਿਆਨ ਭਟਕਾਉਂਣਾ ਚਾਹੁੰਦੇ ਹਨ।
ਸਾਬਕਾ ਮੰਤਰੀ ਅਤੇ ਮੌਜੂਦਾ ਵਿਧਾਇਕ ਬਾਜਵਾ ਨੇ ਸਾਫ਼ ਕਿਤਾ ਕਿ ਉਹ ਹਰ ਜਾਂਚ ਲਈ ਤਿਆਰ ਹਨ ਅਤੇ ਚੰਗਾ ਹੋਵੇਗਾ ਕਿ ਜਾਂਚ ਸੀਟਿੰਗ ਜੱਜ ਤੋਂ ਕਰਵਾਈ ਜਾਵੇਂ। ਕਿਉਂਕਿ ਇਨ੍ਹਾਂ ਵੱਲੋਂ ਬਣਾਈ ਗਈ ਕਮੇਟੀ ਤੇ ਮੰਤਰੀ ਅਤੇ ਸਰਕਾਰ ਦਾ ਦਬਾਅ ਹੋਵੇਗਾ। ਬਾਜਵਾ ਨੇ ਕਿਹਾ ਕਿ ਇਨ੍ਹਾਂ ਮਹਿਜ਼ ਝੂਠ ਦਾ ਪੁਲਿੰਦਾ ਤਿਆਰ ਕੀਤਾ ਗਿਆ ਹੈ ਜੋਂ ਜਾਂਚ ਤੋਂ ਬਾਅਦ ਸਾਫ਼ ਹੋ ਜਾਵੇਗਾ। 11 ਮਾਰਚ ਨੂੰ ਫਾਇਲ ਸਾਇੰਨ ਕਰਨ ਦੇ ਸਵਾਲ ਤੇ ਉਨ੍ਹਾਂ ਕਿਹਾ ਕਿ ਉਹ ਉਸ ਵੇਲੇ ਦਫਤਰ ਗਏ ਅਤੇ ਪੈਡਿਗ ਫਾਇਲਾਂ ਸਾਇਨ ਕੀਤੀਆਂ ਗਇਆਂ। ਇਸ ਦਾ ਜਵਾਬ ਚੀਫ ਸੈਕਟਰੀ ਹੀ ਦੇ ਸਕਦੇ ਹਨ।ਬਾਜਵਾ ਨੇ ਕਿਹਾ ਕਿ ਉਹ ਕਿਸੇ ਤੋਂ ਡਰਨ ਵਾਲੇ ਨਹੀਂ ਕਿਉਂਕਿ ਕੁਝ ਗਲਤ ਹੋਇਆ ਹੀ ਨਹੀਂ ਹੈ ਅਤੇ ਹਰ ਜਾਂਚ ਲਈ ਤਿਆਰ ਹਨ।