ਕਾਂਗਰਸ ਦਾ ਕਹਿਣਾ ਸਮਾਂ ਦੇ ਕੇ ਨਹੀਂ ਮਿਲੇ ਮੁੱਖ ਮੰਤਾਰੀ, ਮੁੱਖ ਮੰਤਰੀ ਮਾਨ ਦਾ ਬਿਆਨ ਬਿਨਾਂ ਸਮਾਂ ਲਏ ਆਈ ਪੰਜਾਬ ਦੀ ਬਚੀ ਖੁਚੀ ਕਾਂਗਰਸ
ਚੰਡੀਗੜ੍ਹ, 9 ਜੂਨ (ਦ ਪੰਜਾਬ ਵਾਇਰ)। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪਾਰਟੀ ਦੇ ਹੋਰ ਆਗੂਆਂ ਦੇ ਵਫ਼ਦ ਨੂੰ ਅੱਜ ਮਿਲਣ ਤੋਂ ਕਥਿਤ ਤੌਰ ‘ਤੇ ਇਨਕਾਰ ਕਰਨ ਤੋਂ ਬਾਅਦ ਕਾਂਗਰਸੀਆਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਧਰਨਾ ਦੇ ਦਿੱਤਾ। ਆਗੂਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਸਵੇਰੇ 10 ਵਜੇ ਮਿਲਣ ਦਾ ਸਮਾਂ ਦੇਣ ਦੇ ਬਾਵਜੂਦ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ਕਾਂਗਰਸ ਵਿਧਾਇਕ ਦਲ ਦੇ ਨੇਤਾ ਪ੍ਰਤਾਪ ਬਾਜਵਾ ਅਤੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਉਪ ਮੁੱਖਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਪੰਜਾਬ ਕਾਂਗਰਸ ਦੇ ਵਿਧਾਇਕਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਤਲਾਸ਼ੀ ਲੈਣ ਦੇ ਨਾਂ ‘ਤੇ ਬੇਇੱਜ਼ਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਅੱਧਾ ਘੰਟਾ ਉਡੀਕਣ ਤੋਂ ਬਾਅਦ ਕਿਹਾ ਗਿਆ ਕਿ ਮੁੱਖ ਮੰਤਰੀ ਉਨ੍ਹਾਂ ਨੂੰ ਨਹੀਂ ਮਿਲਣਗੇ। ਇਸ ਦੇ ਰੋਸ ਵਜੋਂ ਉਹ ਮੁੱਖ ਮੰਤਰੀ ਰਿਹਾਇਸ਼ ਕੰਪਲੈਕਸ ਦੇ ਅੰਦਰ ਹੀ ਧਰਨੇ ‘ਤੇ ਬੈਠ ਗਏ। ਜਿਸ ਤੋਂ ਬਾਅਦ ਉਹਨਾਂ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ।
ਉੱਧਰ ਇਸ ਸੰਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਬਿਆਨ ਸਾਹਨਣੇ ਆਇਆ ਜਿਸ ਵਿੱਚ ਉਹਨਾਂ ਵਲੋਂ ਕਿਹਾ ਗਿਆ ਕਿ ਉਹਨਾਂ ਨੂੰ ਦੁੱਖ ਹੈ ਕਿ ਬਿਨਾਂ ਸਮਾਂ ਲਏ ਪੰਜਾਬ ਦੀ ਬਚੀ ਖੁਚੀ ਕਾਂਗਰਸ ਅੱਜ ਰਿਸ਼ਵਤ ਦੇ ਕੇਸਾਂ ਦਾ ਸਾਹਮਣਾ ਕਰ ਰਹੇ ਆਪਣੇ ਲੀਡਰਾਂ ਦੇ ਹੱਕ ਵਿੱਚ ਮੇਰੇ ਘਰ ਧਰਨਾ ਦੇਣ ਆਈ ਪੰਜਾਬ ਲੁੱਟਣ ਵਾਲਿਆਂ ਦਾ ਸਾਥ ਦੇਣਾ ਇਹ ਸਬੂਤ ਹੈ ਕਿ ਰਿਸ਼ਵਤ ਇਹਨਾਂ ਦੇ ਖੂਨ ਵਿੱਚ ਹੈ.ਨਾਅਰੇ ਲਾ ਰਹੇ ਸਨ ਕਿ ਸਾਡੇ ਹੱਕ ਐਥੇ ਰੱਖ ਮਤਲਬ ਰਿਸ਼ਵਤਖੋਰੀ ਕਾਂਗਰਸ ਦਾ ਹੱਕ ਹੈ ?
ਦਰਅਸਲ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਪੰਜਾਬ ਕਾਂਗਰਸ ਦਾ ਵਫ਼ਦ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਲਈ ਉਹਨਾਂ ਦੀ ਰਿਹਾਇਸ਼ ’ਤੇ ਪਹੁੰਚਿਆ ਸੀ। ਰਾਜਾ ਵੜਿੰਗ ਦਾ ਕਹਿਣਾ ਹੈ ਕਿ ਉਹਨਾਂ ਨੂੰ ਅੰਦਰ ਲਿਜਾ ਕੇ ਉਹਨਾਂ ਦੀ ਚੈਕਿੰਗ ਕੀਤੀ ਗਈ ਅਤੇ ਉਸ ਤੋਂ ਬਾਅਦ ਉਹਨਾਂ ਦੇ ਫੋਨ ਰੱਖ ਲਏ ਗਏ।
ਕਾਂਗਰਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਕਾਫੀ ਸਮਾਂ ਬਿਠਾ ਕੇ ਰੱਖਿਆ ਪਰ ਬਾਅਦ ਵਿਚ ਕਹਿ ਦਿੱਤਾ ਗਿਆ ਕਿ ਮੁੱਖ ਮੰਤਰੀ ਉਹਨਾਂ ਨਾਲ ਕੱਲ੍ਹ 1 ਵਜੇ ਮੁਲਾਕਾਤ ਕਰਨਗੇ। ਇਸ ਲਈ ਕਾਂਗਰਸ ਦੀ ਲੀਡਰਸ਼ਿਪ ਕੱਲ੍ਹ 1 ਵਜੇ ਤੱਕ ਧਰਨੇ ਉੱਤੇ ਬੈਠੇਗੀ। ਕਾਂਗਰਸ ਦਾ ਕਹਿਣਾ ਹੈ ਕਿ ਅਸੀਂ ਉਦੋਂ ਤੱਕ ਨਹੀਂ ਉੱਠਾਂਗੇ ਜਦੋਂ ਤੱਕ ਮੁੱਖ ਮੰਤਰੀ ਦਾ ਕੋਈ ਜਵਾਬ ਨਹੀਂ ਆਉਂਦਾ। ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਦੇਸ਼ ਦੇ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਸੂਬੇ ਦੀ ਸਰਕਾਰ ਨੇ ਮੁੱਖ ਵਿਰੋਧੀ ਧਿਰ ਨੂੰ ਜ਼ਲੀਲ ਕੀਤਾ ਗਿਆ ਹੈ।
ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਅੱਜ ਲੋਕਤੰਤਰ ਦਾ ਘਾਣ ਹੋਇਆ ਹੈ। ਰਾਜਾ ਵੜਿੰਗ ਨੇ ਕਿਹਾ ਕਿ ਅਸੀਂ ਮੁੱਖ ਮੰਤਰੀ ਤੋਂ ਮੀਟਿੰਗ ਲਈ ਸਮਾਂ ਮੰਗਿਆ ਸੀ ਫ਼ਿਰ ਵੀ ਸਾਨੂੰ ਪੌਣਾ ਘੰਟਾ ਮੁੱਖ ਮੰਤਰੀ ਨਿਵਾਸ ਦੇ ਬਾਹਰ ਖੜ੍ਹਾ ਰੱਖਿਆ ਗਿਆ। ਮੁੱਖ ਮੰਤਰੀ ਨਿਵਾਸ ਦੇ ਅੰਦਰ ਜਾਣ ਲਈ ਰਾਜਾ ਵੜਿੰਗ ਅਤੇ ਅਧਿਕਾਰੀਆਂ ਵਿਚਾਲੇ ਬਹਿਸ ਹੋ ਗਈ। ਰਾਜਾ ਵੜਿੰਗ ਨੇ ਕਿਹਾ ਕਿ ਅਸੀਂ ਪੰਜਾਬ ਦੀ ਗੱਲ ਕਰਨ ਆਏ ਹਾਂ। ਕਾਂਗਰਸ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਸੰਗਤ ਸਿੰਘ ਗਿਲਜੀਆਂ ਵਿਰੁੱਧ ਭ੍ਰਿਸ਼ਟਾਚਾਰ ਦੇ ਕੇਸ ਦਾ ਵਿਰੋਧ ਕਰ ਰਹੀ ਹੈ। ਉਹਨਾਂ ਕਿਹਾ ਕਿ ‘ਆਪ’ ਸਰਕਾਰ ਬਦਲੇ ਦੀ ਕਾਰਵਾਈ ਕਰ ਰਹੀ ਹੈ। ਇਸ ਤੋਂ ਇਲਾਵਾ ਕਾਨੂੰਨ ਵਿਵਸਥਾ ਨੂੰ ਲੈ ਕੇ ਵੀ ਉਹ ਸਰਕਾਰ ਦਾ ਵਿਰੋਧ ਕਰ ਰਹੇ ਹਨ।