ਪੰਚਕੂਲਾ (ਹਰਿਆਣਾ) ਵਿੱਚ ਹੋਣ ਜਾ ਰਹੇ ਖੇਲੋ ਇੰਡੀਆ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਜੂਡੋ ਖਿਡਾੜੀ ਹੋਏ ਰਵਾਨਾ
ਗੁਰਦਾਸਪੁਰ 8 ਜੂਨ (ਮੰਨਣ ਸੈਣੀ)। ਭਾਰਤ ਸਰਕਾਰ ਦੇ ਖੇਡ ਮੰਤਰਾਲੇ ਵੱਲੋਂ ਆਯੋਜਿਤ ਖੇਲੋ ਇੰਡੀਆ ਯੂਥ ਗੇਮਸ ਵਿਚ ਭਾਰਤ ਭਰ ਤੋਂ 4700 ਦੇ ਲਗਭਗ ਖਿਡਾਰੀ 25 ਖੇਡਾਂ ਲਈ ਪੰਚਕੂਲਾ ਹਰਿਆਣਾ ਵਿਖੇ ਭਾਗ ਲੈਣ ਰਹੇ ਹਨ। 18 ਸਾਲ ਘਟ ਉਮਰ ਵਰਗ ਦੇ ਇਹ ਖਿਡਾਰੀ ਆਪਣੇ ਆਪਣੇ ਸੂਬੇ ਦੀ ਆਨ ਸ਼ਾਨ ਲਈ ਦਿਨ ਰਾਤ ਇੱਕ ਕਰ ਕੇ ਮੈਡਲ ਜਿੱਤਣ ਲਈ ਖੇਡ ਦੇ ਮੈਦਾਨ ਵਿੱਚ ਨਿਤਰੇ ਹਨ। ਜੂਡੋ ਖੇਡ ਵਿੱਚ ਪੰਜਾਬ ਦੀ 7 ਮੈਂਬਰੀ ਟੀਮ ਵਿਚ ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਦੇ ਤਿੰਨ ਖਿਡਾਰੀ ਵੀ ਸ਼ਾਮਿਲ ਹਨ ਜਿਹਨਾਂ ਵਿੱਚ ਚਿਰਾਗ ਸ਼ਰਮਾ, ਸਾਗਰ ਸ਼ਰਮਾ ਰਾਕੇਸ਼ ਗਿਲ ਭਾਗ ਲੈਣ ਰਹੇ ਹਨ। ਇਹਨਾਂ ਨਾਲ ਟੀਮ ਦੇ ਅੰਤਰਰਾਸ਼ਟਰੀ ਪੱਧਰ ਦੇ ਕੋਚ ਰਵੀ ਕੁਮਾਰ ਵੀ ਜਾਣਗੇ। 9 ਜੂਨ ਤੋਂ 13 ਜੂਨ ਤੱਕ ਚਲਣ ਵਾਲੇ ਜੂਡੋ ਮੁਕਾਬਲਿਆਂ ਵਿੱਚ ਪੰਜਾਬ ਦੇ ਖਿਡਾਰੀਆਂ ਨੂੰ ਬੇਹੱਦ ਜਦੋਜਹਿਦ ਦਾ ਸਾਹਮਣਾ ਕਰਨਾ ਪਵੇਗਾ। ਗੁਰਦਾਸਪੁਰ ਦੇ ਜੂਡੋ ਖਿਡਾਰੀਆਂ ਨੂੰ ਸਤੀਸ਼ ਕੁਮਾਰ, ਅਮਰਜੀਤ ਸ਼ਾਸਤਰੀ ਨੇ ਰਵਾਨਾ ਕਰਦੇ ਹੋਏ ਇਹ ਆਸ ਪ੍ਰਗਟ ਕੀਤੀ ਹੈ ਕਿ ਇਹਨਾਂ ਖਿਡਾਰੀਆਂ ਨੇ ਮੈਡਲ ਜਿਤਕੇ ਗੁਰਦਾਸਪੁਰ ਦਾ ਨਾਮ ਰੌਸ਼ਨ ਕਰਨ ਦੀ ਪੂਰੀ ਸੰਭਾਵਨਾ ਹੈ।
ਪੰਜਾਬ ਜੂਡੋ ਐਸੋਸੀਏਸ਼ਨ ਦੇ ਪ੍ਰੈਸ ਸਕੱਤਰ ਅਮਰਜੀਤ ਸ਼ਾਸ਼ਤਰੀ ਨੇ ਦੱਸਿਆ ਕਿ, ਇਹ ਖੇਡਾਂ ਪਹਿਲਾਂ ਜਨਵਰੀ ਮਹੀਨੇ ਹੋਣੀਆਂ ਸਨ ਪਰ ਕੋਵਿਡ ਦੀ ਤੀਜੀ ਲਹਿਰ ਦੇ ਡਰ ਕਰਕੇ ਅੱਗੇ ਪਾ ਦਿਤੀਆਂ ਸਨ। ਜਾਣਕਾਰੀ ਅਨੁਸਾਰ 4 ਜੂਨ ਤੋਂ 13 ਜੂਨ ਤੱਕ ਚਲ ਰਹੀਆਂ ਇਨ੍ਹਾਂ ਖੇਡਾਂ ਪੰਜਾਬ ਦੇ 244 ਖਿਡਾਰੀ ਅਤੇ 74 ਦੇ ਲਗਭਗ ਖੇਡ ਅਮਲਾਂ ਅਥਲੈਟਿਕਸ, ਫੁਟਬਾਲ, ਕਬੱਡੀ, ਬਾਸਕਟਬਾਲ, ਜੂਡੋ, ਕੁਸ਼ਤੀਆਂ, ਭਾਰਤੋਲਨ, ਜਿਮਨਾਸਟਿਕ, ਹਾਕੀ ਆਦਿ ਖੇਡਾਂ ਵਿੱਚ ਭਾਗ ਲੈ ਰਹੇ ਹਨ। ਇਹ ਖਿਡਾਰੀ ਨੈਸ਼ਨਲ ਖੇਡ ਫੈਡਰੇਸ਼ਨਾਂ ਤੋਂ ਹਰਿਆਣਾ ਦੇ 398 ਖਿਡਾਰੀ ਦਾ ਦਲ, ਮਹਾਰਾਸ਼ਟਰ ਦੇ 354 ਖਿਡਾਰੀਆਂ ਦਾ ਦਲ ਅਤੇ ਸਭ ਤੋਂ ਛੋਟਾ ਦਲ ਅੰਡੇਮਾਨ ਨਿਕੋਬਾਰ ਦਾ ਹੈ।
ਇਸ ਸੰਬੰਧੀ ਪੰਜਾਬ ਸਰਕਾਰ ਅਤੇ ਖੇਡ ਵਿਭਾਗ ਤੇ ਵੱਡੇ ਦੋਸ਼ ਲਗਾਉਂਦੇ ਹੋਏ ਉਹਨਾਂ ਕਿਹਾ ਕਿ ਇਹ ਪੰਜਾਬ ਦੇ ਖਿਡਾਰੀਆਂ ਦੀ ਤ੍ਰਾਸਦੀ ਹੈ ਕਿ ਇਹਨਾਂ ਖੇਡਾਂ ਵਿਚ ਭਾਗ ਲੈਣ ਲਈ ਖੇਡ ਵਿਭਾਗ ਪੰਜਾਬ ਵੱਲੋਂ ਕੋਈ ਤਿਆਰੀ ਕੈਂਪ ਨਹੀਂ ਲਗਾਏ ਗਏ ਇਥੋਂ ਤੱਕ ਕਿ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਆਪਣੇ ਕੋਚਾਂ ਅਤੇ ਸਾਥੀਆਂ ਦੇ ਦਰਸ਼ਨ ਖੇਡ ਮੈਦਾਨ ਵਿੱਚ ਹੀ ਹੋਣੇ ਹਨ। ਖਿਡਾਰੀਆਂ ਨੂੰ ਕੋਈ ਖੇਡ ਸਮਾਂਨ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ ਪੰਜਾਬ ਦੇ ਖਿਡਾਰੀਆਂ ਦਾ ਕੋਈ ਵਾਲੀ ਵਾਰਸ ਨਹੀਂ ਹੈ। ਉਹਨਾਂ ਕਿਹਾ ਕਿ ਪੰਜਾਬ ਦੀਆਂ ਖੇਡਾਂ ਦੀ ਕਮਾਂਡ ਉਨ੍ਹਾਂ ਅਧਿਕਾਰੀਆਂ ਕੋਲ ਹੈ ਜਿਨ੍ਹਾਂ ਦਾ ਖੇਡਾਂ ਨਾਲ ਕੋਈ ਵਾਹ ਵਾਸਤਾ ਨਹੀਂ ਹੈ। 9 ਦਿਨ ਚੱਲਣ ਵਾਲੇ ਇਨ੍ਹਾਂ ਮੁਕਾਬਲਿਆਂ ਵਿੱਚ ਹੁਣ ਤੱਕ ਪੰਜਾਬ ਪੰਜਵੇਂ ਸਥਾਨ ਤੇ ਹੈ। ਜੇ ਪੰਜਾਬ ਆਪਣੇ ਪਿਛਲੇ ਮੈਡਲ ਇਤਿਹਾਸ ਨੂੰ ਦੁਹਰਾਉਣ ਵਿਚ ਕਾਮਯਾਬ ਹੋ ਸਕਿਆ ਤਾਂ ਉਸ ਦਾ ਸਿਹਰਾ ਮਿਹਨਤੀ ਖਿਡਾਰੀਆਂ ਅਤੇ ਕੋਚਾਂ ਸਿਰ ਹੋਵੇਗਾ। ਨਹੀਂ ਤਾਂ ਮੌਕਾਪ੍ਰਸਤ ਖੇਡ ਅਧਿਕਾਰੀਆਂ ਨੇ ਆਪਣੀ ਨਾਕਾਮੀ ਦਾ ਠੀਕਰਾ ਖਿਡਾਰੀਆਂ, ਕੋਚਾਂ, ਅਤੇ ਖੇਡ ਐਸੋਸੀਏਸ਼ਨ ਦੇ ਸਿਰ ਭੰਨਕੇ ਆਪਣੇ ਆਪ ਨੂੰ ਸੁਰਖ਼ਰੂ ਹੋ ਜਾਣਾ ਹੈ। ਹਰ ਖੇਤਰ ਵਿੱਚ ਬਦਲਾਅ ਦੀ ਗੱਲ ਕਰਨ ਵਾਲੀ ਆਮ ਆਦਮੀ ਪਾਰਟੀ ਅਜੇ ਖੇਡਾਂ ਵਿਚ ਇਨਕਲਾਬੀ ਤਬਦੀਲੀ ਕਰਨ ਤੋਂ ਕੋਹਾਂ ਦੂਰ ਹੈ