ਚੰਡੀਗੜ੍ਹ, 7 ਜੂਨ 2022 (ਦ ਪੰਜਾਬ ਵਾਇਰ)। ਰਾਹੁਲ ਗਾਂਧੀ ਦੇ ਪੰਜਾਬ ਦੌਰੇ ਤੋਂ ਪਹਿਲਾਂ ਕਾਂਗਰਸ ਦੇ 2 ਸਾਬਕਾ ਮੰਤਰੀ ਭ੍ਰਿਸ਼ਟਾਚਾਰ ਵਿੱਚ ਫਸੇ ਹਨ। ਪੰਜਾਬ ਵਿਜੀਲੈਂਸ ਬਿਊਰੋ ਨੇ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫਤਾਰ ਕੀਤਾ ਹੈ। ਧਰਮਸੋਤ ਨੂੰ ਅਮਲੋਹ ਤੋਂ ਸਵੇਰੇ 3 ਵਜੇ ਦੇ ਕਰੀਬ ਗ੍ਰਿਫ਼ਤਾਰ ਕੀਤਾ ਗਿਆ। ਧਰਮਸੋਤ ਦੇ ਨਾਲ-ਨਾਲ ਪੱਤਰਕਾਰ ਕਮਲਜੀਤ ਸਿੰਘ ਅਤੇ ਉਹਨਾਂ ਦੇ ਓਐਸਡੀ ਰਹੇ ਚਮਕੌਰ ਸਿੰਘ ਨੂੰ ਵੀ ਵਿਜੀਲੈਂਸ ਨੇ ਫੜ ਲਿਆ ਹੈ। ਇਨ੍ਹਾਂ ਸਾਰਿਆਂ ‘ਤੇ ਰੁੱਖਾਂ ਦੀ ਕਟਾਈ ਤੋਂ ਲੈ ਕੇ ਜੰਗਲਾਤ ਵਿਭਾਗ ਦੇ ਹਰ ਕੰਮ ‘ਚ ਰਿਸ਼ਵਤ ਲੈਣ ਦਾ ਦੋਸ਼ ਹੈ। ਇਸ ਦੇ ਨਾਲ ਹੀ ਵੱਡੀ ਕਾਰਵਾਈ ਕਰਦੇ ਹੋਏ ਵਿਜਿਲੈਂਸ ਵੱਲੋਂ ਧਰਮਸੋਤ ਤੋਂ ਬਾਅਦ ਜੰਗਲਾਤ ਮੰਤਰੀ ਬਣੇ ਸੰਗਤ ਸਿੰਘ ਗਿਲਜੀਆਂ ਖ਼ਿਲਾਫ਼ ਵੀ ਐਫਆਈਆਰ ਦਰਜ ਕੀਤੀ ਗਈ ਹੈ। ਗਿਲਜੀਆਂ ਦੇ ਪੀਏ ਕੁਲਵਿੰਦਰ ਸਿੰਘ ਅਤੇ ਸਚਿਨ ਕੁਮਾਰ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ।
ਧਰਮਸੋਤ ਨੂੰ ਹਟਾਉਣ ਤੋਂ ਬਾਅਦ ਗਿਲਜੀਆਂ ਨੂੰ ਜੰਗਲਾਤ ਮੰਤਰੀ ਬਣਾਇਆ ਗਿਆ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ ਤਾਂ ਧਰਮਸੋਤ ਜੰਗਲਾਤ ਮੰਤਰੀ ਸਨ। ਹਾਲਾਂਕਿ ਜਦੋਂ ਕੈਪਟਨ ਨੂੰ ਹਟਾਇਆ ਗਿਆ ਤਾਂ ਧਰਮਸੋਤ ਨੂੰ ਵੀ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਇਸ ਤੋਂ ਬਾਅਦ ਚਰਨਜੀਤ ਚੰਨੀ ਮੁੱਖ ਮੰਤਰੀ ਬਣੇ। ਫਿਰ ਸੰਗਤ ਸਿੰਘ ਗਿਲਜੀਆਂ ਨੂੰ ਜੰਗਲਾਤ ਮੰਤਰੀ ਬਣਾਇਆ ਗਿਆ।
ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਹਾਲ ਹੀ ਵਿੱਚ ਆਪਣੇ ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਬਰਖਾਸਤ ਕਰ ਦਿੱਤਾ ਹੈ।
ਵਿਜੀਲੈਂਸ ਬਿਊਰੋ ਨੇ ਮੁਹਾਲੀ ਦੇ ਡੀਐਫਓ ਅਤੇ ਠੇਕੇਦਾਰ ਨੂੰ ਰਿਸ਼ਵਤ ਦੇ ਦੋਸ਼ ਵਿੱਚ ਰੰਗੇ ਹੱਥੀਂ ਕਾਬੂ ਕੀਤਾ ਸੀ। ਉਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਧਰਮਸੋਤ ਦਰੱਖਤ ਕੱਟਣ ਲਈ 500 ਰੁਪਏ ਰਿਸ਼ਵਤ ਲੈਂਦਾ ਸੀ। ਇਸ ਤੋਂ ਇਲਾਵਾ ਨਵੇਂ ਰੁੱਖ ਲਗਾਉਣ ਲਈ ਵੀ ਰਿਸ਼ਵਤ ਲਈ ਗਈ। ਉਸ ਦਾ ਕਹਿਣਾ ਹੈ ਕਿ ਇਸ ਦਾ ਹਿੱਸਾ ਵੀ ਸਿੱਧਾ ਤਤਕਾਲੀ ਮੰਤਰੀ ਧਰਮਸੋਤ ਨੂੰ ਗਿਆ। ਇਸ ਪੁੱਛਗਿੱਛ ਦੇ ਆਧਾਰ ‘ਤੇ ਵਿਜੀਲੈਂਸ ਬਿਊਰੋ ਵੱਲੋਂ ਧਰਮਸੋਤ ਨੂੰ ਗ੍ਰਿਫ਼ਤਾਰ ਕੀਤਾ ਗਿਆ। ਧਰਮਸੋਤ ਤੋਂ ਮੁਹਾਲੀ ਵਿਜੀਲੈਂਸ ਹੈੱਡਕੁਆਰਟਰ ਵਿਖੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਸਾਧੂ ਸਿੰਘ ਧਰਮਸੋਤ ਉੱਪਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਦੇ ਵੀ ਦੋਸ਼ ਲਗਦੇ ਰਹੇ ਹਨ। ਉਨ੍ਹਾਂ ਦੇ ਸਮਾਜਿਕ ਸੁਰੱਖਿਆ ਮੰਤਰੀ ਦੇ ਕਾਰਜਕਾਲ ਦੌਰਾਨ ਨਿੱਜੀ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਸਕਾਲਰਸ਼ਿਪ ਦੇ ਪੈਸੇ ਗਲਤ ਤਰੀਕੇ ਨਾਲ ਦਿੱਤੇ ਜਾਣ ਦੇ ਦੋਸ਼ ਲੱਗੇ ਸਨ। ਇਸ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ। ਇਸ ਦੇ ਬਾਵਜੂਦ ਤਤਕਾਲੀ ਕੈਪਟਨ ਸਰਕਾਰ ਨੇ ਧਰਮਸੋਤ ਨੂੰ ਕਲੀਨ ਚਿੱਟ ਦੇ ਦਿੱਤੀ ਸੀ।