ਪੰਜਾਬ ਸਰਕਾਰ ਪੰਜਾਬੀਆਂ ਨੂੰ ਥੈਲੇਸੀਮੀਆ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਬਚਾਉਣ ਲਈ ਗੰਭੀਰ-ਡਾ. ਵਿਜੇ ਸਿੰਗਲਾ
ਸਰਕਾਰੀ ਮੈਡੀਕਲ ਕਾਲਜ, ਥੈਲੇਸੀਮੀਆ ਸੁਸਾਇਟੀ ਤੇ ਸਿਹਤ ਵਿਭਾਗ ਵੱਲੋਂ ਵਿਸ਼ਵ ਥੈਲੇਸੀਮੀਆ ਦਿਵਸ ਨੂੰ ਸਮਰਪਿਤ ਰਾਜ ਪੱਧਰੀ ਸਮਾਗਮ
ਪਟਿਆਲਾ, 12 ਮਈ: ਸਮੂਹ ਪੰਜਾਬੀਆਂ, ਖਾਸ ਕਰਕੇ ਬੱਚਿਆਂ ਨੂੰ ਥੈਲੇਸੀਮੀਆ ਵਰਗੀ ਨਾਮੁਰਾਦ ਬਿਮਾਰੀਆਂ ਤੋਂ ਬਚਾਉਣ ਅਤੇ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਆਪਣੀ ਵਚਨਬੱਧਤਾ ਨੂੰ ਪੂਰੀ ਸ਼ਿਦਤ ਨਾਲ ਨਿਭਾਏਗੀ। ਇਹ ਪ੍ਰਗਟਾਵਾ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਵਿਜੇ ਸਿੰਗਲਾ ਨੇ ਕੀਤਾ।
ਡਾ. ਸਿੰਗਲਾ ਅੱਜ ਇੱਥੇ ਸਰਕਾਰੀ ਮੈਡੀਕਲ ਕਾਲਜ, ਥੈਲੇਸੀਮੀਆ ਸੁਸਾਇਟੀ ਪਟਿਆਲਾ ਅਤੇ ਸਿਹਤ ਵਿਭਾਗ ਵੱਲੋਂ ਵਿਸ਼ਵ ਥੈਲੇਸੀਮੀਆ ਦਿਵਸ ਨੂੰ ਸਮਰਪਿਤ ਸਾਂਝੇ ਤੌਰ ‘ਤੇ ਕਰਵਾਏ ਰਾਜ ਪੱਧਰੀ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਪੁੱਜੇ ਸਨ। ਉਨ੍ਹਾਂ ਦੇ ਨਾਲ ਵਿਧਾਇਕ ਡਾ. ਬਲਬੀਰ ਸਿੰਘ, ਅਜੀਤਪਾਲ ਸਿੰਘ ਕੋਹਲੀ ਤੇ ਚੇਤਨ ਸਿੰਘ ਜੌੜਾਮਾਜਰਾ ਅਤੇ ਵਿਭਾਗ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਵੀ ਮੌਜੂਦ ਸਨ। ਇਸ ਮੌਕੇ ਉਨ੍ਹਾਂ ਨੇ ਥੈਲੇਸੀਮਿਕ ਬੱਚਿਆਂ ਨੂੰ ਅਸਲੀ ਹੀਰੋ ਦਸਦਿਆਂ ਬੂਟੇ ਦੇ ਕੇ ਸਨਮਾਨਤ ਕੀਤਾ।
ਥੈਲੇਸੀਮੀਆ ਦਿਵਸ ਦੀ ਇਸ ਸਾਲ ਦੀ ਥੀਮ, ‘ਜਾਗਰੂਕ ਰਹੋ, ਸ਼ੇਅਰ ਕਰੋ, ਦੇਖਭਾਲ ਤੇ ਥੈਲੇਸੀਮੀਆ ਬਾਰੇ ਜਾਣਕਾਰੀ ਵੰਡਣ ਲਈ ਵਿਸ਼ਵ-ਵਿਆਪੀ ਭਾਈਚਾਰੇ ਨਾਲ ਕੰਮ ਕਰਨ’, ਦਾ ਜ਼ਿਕਰ ਕਰਦਿਆਂ ਡਾ. ਵਿਜੇ ਸਿੰਗਲਾ ਨੇ ਕਿਹਾ ਕਿ ਥੈਲੇਸੀਮੀਆ ਇੱਕ ਖ਼ਾਨਦਾਨੀ (ਜੈਨੇਟਿਕ) ਵਿਕਾਰ ਹੈ, ਜਿਸ ਨੂੰ ਰੋਕਣ ਲਈ ਸਰਕਾਰੀ ਰਾਜਿੰਦਰਾ ਹਸਪਤਾਲ ‘ਚ ਜੈਨੇਟਿਕ ਕਾਉਂਸਲਿੰਗ ਸੈਂਟਰ ਖੋਲ੍ਹਿਆ ਜਾਵੇਗਾ। ਉਨ੍ਹਾਂ ਨੇ ਵਿਧਾਇਕ ਡਾ. ਬਲਬੀਰ ਸਿੰਘ ਦੀ ਮੰਗ ‘ਤੇ ਕਿਹਾ ਕਿ ਸਰਕਾਰ ਵੱਲੋਂ ਰਾਜਿੰਦਰਾ ਹਸਪਤਾਲ ਦੀ ਹਰ ਘਾਟ ਨੂੰ ਦੂਰ ਕੀਤਾ ਜਾਵੇਗਾ।
ਡਾ. ਵਿਜੇ ਸਿੰਗਲਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲਕਦਮੀ ਸਦਕਾ ਇਹ ਪਹਿਲੀ ਵਾਰ ਹੋਇਆ ਹੈ ਕਿ ਥੈਲੇਸੀਮਿਕ ਬੱਚਿਆਂ ਦੇ ਇਲਾਜ ਲਈ ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ (ਆਰ.ਬੀ.ਐਸ.ਕੇ.) ਅਧੀਨ ਬੋਨ ਮੈਰੋ ਟਰਾਂਸਪਲਾਂਟ ਦੀ ਸ਼ੁਰੂਆਤ ਸਰਕਾਰੀ ਰਾਜਿੰਦਰਾ ਹਸਪਤਾਲ ਵੱਲੋਂ ਕਰਵਾਈ ਗਈ ਹੈ। ਇਸ ਤੋਂ ਪਹਿਲਾਂ ਅਜਿਹੇ ਬੱਚਿਆਂ ਨੂੰ ਚੇਨਈ ਜਾਣਾ ਪੈਂਦਾ ਸੀ ਪਰੰਤੂ ਹੁਣ ਦੋ ਬੱਚਿਆਂ ‘ਚੋ ਇੱਕ ਦਾ ਬੋਨ ਮੈਰੋ ਪੀ.ਜੀ.ਆਈ. ਵਿਖੇ ਟਰਾਂਸਪਲਾਂਟ ਹੋ ਗਿਆ ਹੈ ਅਤੇ ਦੂਜੇ ਬੱਚੇ ਦਾ ਬੋਨ ਮੈਰੋ ਅਗਲੇ ਹਫ਼ਤੇ ਟਰਾਂਸਪਲਾਂਟ ਹੋਵੇਗਾ। ਉਨ੍ਹਾਂ ਦੱਸਿਆ ਕਿ ਬੋਨ ਮੈਰੋ ਟ੍ਰਾਂਸਪਲਾਂਟੇਸ਼ਨ ਲਈ ਪੰਜਾਬ ਸਰਕਾਰ ਵੱਲੋਂ 13 ਸਾਲ ਤੱਕ ਦੀ ਉਮਰ ਦੇ ਮਰੀਜ਼ਾਂ ਲਈ ਟ੍ਰਾਂਸਪਲਾਂਟੇਸ਼ਨ ਲਈ 10 ਲੱਖ ਰੁਪਏ ਪ੍ਰਤੀ ਮਰੀਜ਼ ਦੀ ਸਹਾਇਤਾ ਦਿੱਤੀ ਜਾਂਦੀ ਹੈ।
ਇਸ ਮੌਕੇ ਰਾਜਿੰਦਰਾ ਹਸਪਤਾਲ ਦੀ ਨੋਡਲ ਅਫ਼ਸਰ ਡਾ. ਹਰਸ਼ਿੰਦਰ ਕੌਰ ਮੰਚ ਸੰਚਾਲਨ ਕਰਦਿਆਂ ਦੱਸਿਆ ਕਿ 18 ਸਾਲ ਤੋਂ ਛੋਟੇ ਬੱਚੇ, ਜੋ ਕਿ ਸਰਕਾਰੀ ਸਕੂਲਾਂ ‘ਚ ਪੜ੍ਹਦੇ ਹਨ, ਦੀਆਂ ਗੰਭੀਰ ਬਿਮਾਰੀਆਂ ਦਾ ਇਲਾਜ ਬਿਲਕੁਲ ਮੁਫ਼ਤ ਕਰਵਾਇਆ ਜਾਂਦਾ ਹੈ, ਜਿਸ ਲਈ ਰਜਿੰਦਰਾ ਹਸਪਤਾਲ ਲਈ ਪੰਜਾਬ ਸਰਕਾਰ ਨੇ ਆਰ.ਬੀ.ਐਸ.ਕੇ ਤਹਿਤ ਪਿਛਲੇ ਡੇਢ ਸਾਲ ਤੋ ਰੁਕਿਆ 20 ਲੱਖ ਰੁਪਏ ਦਾ ਫੰਡ ਜਾਰੀ ਕਰ ਦਿੱਤਾ ਹੈ। ਜਦਕਿ 80 ਬੱਚਿਆਂ ਨੂੰ 35-35 ਹਜਾਰ ਰੁਪਏ ਦੀਆਂ ਕੰਨਾਂ ਦੀਆਂ ਮਸ਼ੀਨਾਂ ਲਗਵਾਈਆਂ ਗਈਆਂ ਹਨ ਤੇ 200 ਦੇ ਕਰੀਬ ਬੱਚਿਆਂ ਦੇ ਦਿਲ ਦੇ ਆਪਰੇਸ਼ਨ ਕਰਵਾਏ ਗਏ ਹਨ। ਇਸ ਤੋਂ ਇਲਾਵਾ ਕਲੱਬ ਬੂਟ ਤੇ ਪਲਾਸਟਿਕ ਸਰਜਰੀ ਮੁਫ਼ਤ ਕਰਵਾਉਣ ਤੋਂ ਇਲਾਵਾ ਅਜਿਹੇ ਬੱਚਿਆਂ ਦੇ ਟੈਸਟਾਂ ‘ਤੇ 78 ਲੱਖ ਰੁਪਏ ਖ਼ਰਚੇ ਗਏ ਹਨ।
ਇਸ ਦੌਰਾਨ ਡਾਇਰੈਕਟਰ ਮੈਡੀਕਲ ਸਿੱਖਿਆ ਤੇ ਖੋਜ ਡਾ. ਅਵਨੀਸ਼ ਕੁਮਾਰ, ਡਾਇਰੈਕਟਰ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ, ਵਾਈਸ ਪ੍ਰਿੰਸੀਪਲ ਡਾ. ਆਰ.ਪੀ.ਐਸ. ਸਿਬੀਆ, ਮੈਡੀਕਲ ਸੁਪਰਡੈਂਟ ਡਾ. ਹਰਨਾਮ ਸਿੰਘ ਰੇਖੀ, ਬਲੱਡ ਸੈਲ ਪੰਜਾਬ ਦੇ ਸਟੇਟ ਨੋਡਲ ਅਫ਼ਸਰ ਡਾ. ਬੌਬੀ ਗੁਲਾਟੀ, ਸੰਯੁਕਤ ਡਾਇਰੈਕਟਰ ਡਾ. ਸੁਨੀਤਾ ਦੇਵੀ, ਸਿਵਲ ਸਰਜਨ ਡਾ. ਰਾਜੂ ਧੀਰ, ਉਪ ਡਾਇਰੈਕਟਰ ਨਵੀਨ ਬਾਂਸਲ, ਸਹਾਇਕ ਡਾਇਰੈਕਟਰ ਮਨੀਸ਼ ਕੁਮਾਰ ਤੇ ਯਾਦਵਿੰਦਰ ਸਿੰਘ ਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵੀਨੂ ਗੋਇਲ ਸਮੇਤ ਥੈਲੇਸੀਮਿਆ ਸੁਸਾਇਟੀ ਪਟਿਆਲਾ ਦੇ ਮੈਂਬਰ ਅਤੇ ਬੱਚੇ ਮੌਜੂਦ ਸਨ।