ਕਿਹਾ ਪੰਜਾਬ ਭਰ ਵਿੱਚ ਝੋਨੇ ਦੀ ਲੁਆਈ ਦੀ ਸਮੀਖਿਆ ਕਰਨ ਅਤੇ ਮੁੜ ਤਹਿ ਕਰਨ ਲਈ ਨਿਰਦੇਸ਼ ਦਿਓ
ਕੋਈ ਵੀ ਦੇਰੀ ਕਿਸਾਨਾਂ ਦੀ ਆਮਦਨ ਨੂੰ ਨਕਾਰਾਤਮਕ ਤੌਰ ‘ਤੇ ਪਹੁੰਚਾਏਗੀ ਨੁਕਸਾਨ ਅਤੇ ਹੋਰ ਆਰਥਿਕ ਸੰਕਟ ਦਾ ਬਣੇਗੀ ਕਾਰਣ
ਗੁਰਦਾਸਪੁਰ, 11 ਮਈ (ਮੰਨਣ ਸੈਣੀ)। ਮਾਝੇ ਅਤੇ ਦੁਆਬੇ ਨੂੰ 10 ਜੂਨ ਤੋਂ ਝੋਨੇ ਦੀ ਫ਼ਸਲ ਬੀਜਣ ਦੀ ਇਜਾਜ਼ਤ ਦੇਣ ਸੰਬੰਧੀ ਸ਼ੈਡੋ ਮੁੱਖ ਮੰਤਰੀ ਕਹਿ ਜਾਣ ਵਾਲੇ ਵਿਰੋਧੀ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖਿਆ ਹੈ। ਪ੍ਰਤਾਪ ਬਾਜਵਾ ਵੱਲੋਂ ਇਸ ਸੰਬੰਧੀ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਪੰਜਾਬ ਭਰ ਵਿੱਚ ਝੋਨੇ ਦੀ ਲੁਆਈ ਦੀ ਸਮੀਖਿਆ ਕਰਨ ਅਤੇ ਮੁੜ ਤਹਿ ਕਰਨ ਲਈ ਨਿਰਦੇਸ਼ ਦੇਣ। ਇਸ ਸੰਬੰਧੀ ਕੋਈ ਵੀ ਦੇਰੀ ਕਿਸਾਨਾਂ ਦੀ ਆਮਦਨ ਨੂੰ ਨਕਾਰਾਤਮਕ ਤੌਰ ਤੇ ਨੁਕਸਾਨ ਪਹੁੰਚਾਏਗੀ ਅਤੇ ਹੋਰ ਆਰਥਿਕ ਸੰਕਟ ਦਾ ਕਾਰਨ ਬਣੇਗੀ।
ਆਪਣੇ ਪੱਤਰ ਵਿੱਚ ਵਿਰੋਧੀ ਦਲ ਦੇ ਨੇਤਾ ਪ੍ਰਤਾਪ ਬਾਜਵਾ ਵੱਲੋਂ ਕਿਹਾ ਗਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਸਰਕਾਰ ਦੁਆਰਾ ਜ਼ਾਰੀ ਕੀਤੀ ਗਈ ਤਾਜ਼ਾ ਨੋਟੀਫਿਕੇਸ਼ਨ ਜੋ 6 ਮਈ 2022 ਦਾ ਪੰਜਾਬ ਦੇ ਮਾਝਾ ਅਤੇ ਦੁਆਬਾ ਖੇਤਰ ਦੇ ਕਿਸਾਨਾਂ ‘ਤੇ ਬਹੁਤ ਮਾੜਾ ਅਸਰ ਪਵੇਗਾ।
ਬਾਜਵਾ ਨੇ ਦੱਸਿਆ ਕਿ ਇਹ ਨੋਟੀਫਿਕੇਸ਼ਨ ਸੂਬੇ ਭਰ ਵਿੱਚ ਝੋਨੇ ਦੀ ਲੁਆਈ ਲਈ ਇੱਕ ਸਮਾਂ-ਸਾਰਣੀ ਹੈ। ਜ਼ੋ ਸੰਗਰੂਰ, ਬਰਨਾਲਾ, ਮਲੇਰਕੋਟਲਾ, ਲੁਧਿਆਣਾ, ਪਟਿਆਲਾ ਅਤੇ ਸ੍ਰੀ ਫਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਵਿੱਚ ਝੋਨੇ ਦੀ ਲੁਆਈ 18 ਜੂਨ, 2022 ਤੋਂ ਸ਼ੁਰੂ ਕਰਕੇ ਅਤੇ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲਿਆਂ ਵਿੱਚ ਝੋਨੇ ਦੀ ਲੁਆਈ ਦੀ ਸ਼ੁਰੂਆਤ 26 ਜੂਨ 2022 ਨਿਰਧਾਰਿਤ ਕਰਦੀ ਹੈ।
ਮਾਝਾ ਅਤੇ ਦੁਆਬਾ ਦੇ ਖੇਤਰੀ ਹਾਲਾਤ ਦੱਸਦੇ ਹੋਏ ਪ੍ਰਤਾਪ ਬਾਜਵਾ ਵੱਲੋਂ ਕਿਹਾ ਗਿਆ ਕਿ ਮਾਝਾ ਖੇਤਰ ਵਿੱਚ ਉਪਰੋਕਤ ਜਿਲ੍ਹੇ ਸ਼ਿਵਾਲਿਕ ਪਹਾੜੀਆਂ ਦੇ ਨਾਲ ਲੱਗਦੇ ਹਨ। ਇਸ ਕਾਰਨ ਤਾਪਮਾਨ ਅਤੇ ਤ੍ਰੇਲ ਦੀ ਸ਼ੁਰੂਆਤ ਇਸ ਖੇਤਰ ਵਿੱਚ ਝੋਨੇ ਦੇ ਪੱਕਣ ਦੇ ਸਮੇਂ ਨੂੰ ਪ੍ਰਭਾਵਿਤ ਕਰਦੀ ਹੈ। ਇਹ ਮੌਸਮੀ ਹਾਲਾਤ ਝੋਨੇ ਦੀ ਫ਼ਸਲ ਦੀ ਪੱਕਣ ਨੂੰ ਹੌਲੀ ਕਰ ਦਿੰਦੇ ਹਨ। ਮਾਝਾ ਖੇਤਰ ਵਿੱਚ ਝੋਨੇ ਦੀ ਲੁਆਈ ਵਿੱਚ ਅੱਠ ਦਿਨਾਂ ਦੀ ਦੇਰੀ ਕਰਨ ਨਾਲ ਫ਼ਸਲਾਂ ਦੇ ਪੱਕਣ ਵਿੱਚ ਦੇਰੀ, ਨਾ ਪੱਕੇ ਹੋਏ ਹਰੇ ਦਾਣੇ ਅਤੇ ਫ਼ਸਲਾਂ ਵਿੱਚ ਜ਼ਿਆਦਾ ਨਮੀ ਪੈਦਾ ਹੁੰਦੀ ਹੈ, ਜਿਸ ਨਾਲ ਰਾਜ ਦੀਆਂ ਮੰਡੀਆਂ ਵਿੱਚ ਝੋਨੇ ਦੀ ਮੰਡੀਕਰਨ ਪ੍ਰਭਾਵਿਤ ਹੁੰਦੀ ਹੈ। ਜਿਸ ਦੇ ਚਲਦਿਆਂ ਝੋਨੇ ਦੀ ਲੁਆਈ ਵਿੱਚ ਦੇਰੀ ਨਾਲ ਮਾਝਾ ਅਤੇ ਦੁਆਬਾ ਖੇਤਰਾਂ ਵਿੱਚ ਕਿਸਾਨਾਂ ਲਈ ਫਸਲਾਂ ਦਾ ਝਾੜ ਵੀ ਘੱਟ ਜਾਂਦਾ ਹੈ।