ਚੰਡੀਗੜ੍ਹ, 5 ਮਈ ( ਦ ਪੰਜਾਬ ਵਾਇਰ)। ਦਿੱਲੀ ਭਾਜਪਾ ਦੇ ਬੁਲਾਰੇ ਤਜਿੰਦਰ ਬੱਗਾ ਨੂੰ ਪੰਜਾਬ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਖ਼ਿਲਾਫ਼ ਸਾਈਬਰ ਸੈੱਲ ਵਿੱਚ ਕੇਸ ਦਰਜ ਕੀਤਾ ਗਿਆ ਸੀ। ਮੁਹਾਲੀ ਪੁਲੀਸ ਨੇ ਬੱਗਾ ਖ਼ਿਲਾਫ਼ ਸਾਈਬਰ ਸੈੱਲ ਵਿੱਚ ਕੇਸ ਦਰਜ ਕੀਤਾ ਸੀ। ਇਸ ਦੌਰਾਨ ਦਿੱਲੀ ਪੁਲੀਸ ਦੀ ਟੀਮ ਨੇ ਕੁਰੂਕਸ਼ੇਤਰ ਤੋਂ ਭਾਜਪਾ ਆਗੂ ਤਜਿੰਦਰ ਪਾਲ ਸਿੰਘ ਬੱਗਾ ਨੂੰ ਹਿਰਾਸਤ ‘ਚ ਲਿਆ ਤੇ ਉਸ ਨੂੰ ਆਪਣੇ ਨਾਲ ਲੈ ਕੇ ਰਾਸ਼ਟਰੀ ਰਾਜਧਾਨੀ ਲਈ ਰਵਾਨਾ ਹੋ ਗਈ। ਹੁਣ ਇਸ ਮਾਮਲੇ ‘ਤੇ ਸਿਆਸਤ ਵੀ ਤੇਜ਼ ਹੋ ਗਈ ਹੈ। ਇਸ ਦੇ ਨਾਲ ਹੀ ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਪਹੁੰਚਿਆਂ ਅਤੇ ਅਦਾਲਤ ਨੇ ਪੰਜਾਬ ਸਰਕਾਰ ਦੀ ਉਸ ਮੰਗ ਨੂੰ ਰੱਦ ਕਰ ਦਿੱਤਾ ਹੈ, ਜਿਸ ‘ਚ ਕਿਹਾ ਗਿਆ ਸੀ ਕਿ ਬੱਗਾ ਨੂੰ ਮਾਮਲੇ ਦੀ ਸੁਣਵਾਈ ਤੱਕ ਹਰਿਆਣਾ ਪੁਲਸ ਕੋਲ ਰੱਖਿਆ ਜਾਵੇ ਅਤੇ ਦਿੱਲੀ ਨਾ ਭੇਜਿਆ ਜਾਵੇ।
ਹਣ ਇਸ ਮੁੱਦੇ ਤੇ ਕਾਂਗਰਸੀ ਅਤੇ ਭਾਜਪਾ ਆਗੂਆਂ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਹੈ। ਤਜਿੰਦਰ ਪਾਲ ਸਿੰਘ ਬੱਗਾ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ਿਲਾਫ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰਨ ਅਤੇ ਸਮਾਜ ਨੂੰ ਧਰਮ ਅਤੇ ਜਾਤ ਦੇ ਆਧਾਰ ‘ਤੇ ਵੰਡਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਹੈ।
ਇਸ ਘਟਨਾ ਤੋਂ ਬਾਅਦ ਕਾਂਗਰਸ ਦੇ ਵੱਡੇ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਵੀ ਸਾਹਮਣੇ ਆਇਆ ਹੈ। ਬਾਜਵਾ ਦਾ ਕਹਿਣਾ ਹੈ ਕਿ ਮੈਂ ਤਾਕੀਦ ਕਰਦਾ ਹਾਂ @ਭਗਵੰਤ ਮਾਨ
ਜੀ ਸਾਡੇ ਪੰਜਾਬ ਪੁਲਿਸ ਅਫਸਰਾਂ ਨੂੰ ਅਰਵਿੰਦ ਕੇਜਰੀਵਾਲ ਦੀ ਪ੍ਰਾਈਵੇਟ ਮਿਲੀਸ਼ੀਆ ਵਿੱਚ ਨਾ ਘਟਾਓ। ਭਾਜਪਾ ਦੇ ਬੁਲਾਰੇ ਤਜਿੰਦਰ ਬੱਗਾ ਨੂੰ ਗ੍ਰਿਫਤਾਰ ਕਰਨ ਦਾ ਸਾਰਾ ਤਮਾਸ਼ਾ ਦਿੱਲੀ ‘ਚ ‘ਆਪ’ ਦੇ ਆਕਾਵਾਂ ਵੱਲੋਂ ਬਦਲਾਖੋਰੀ ਦੀ ਰਾਜਨੀਤੀ ਤੋਂ ਇਲਾਵਾ ਕੁਝ ਨਹੀਂ ਹੈ। ਦਿੱਲੀ ਵਿੱਚ ਆਪਣੇ ਮਾਲਕਾਂ ਨੂੰ ਖੁਸ਼ ਕਰਨ ਦੀ ਬਜਾਏ ਸ਼ਾਸਨ ‘ਤੇ ਧਿਆਨ ਦਿਓ
ਇਸ ਮੁੱਦੇ ਤੇ ਸਾਬਕਾ ਉਪ ਮੁੱਖਮੰਤਰੀ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਵੀ ਆਪਣੀ ਟਵੀਟ ਕਰ ਤੰਜ ਕੱਸਿਆ ਗਿਆ। ਰੰਧਾਵਾ ਨੇ ਲਿਖਿਆ ਕਿ CM @ArvindKejriwal ਜੀ! ਜੇਕਰ ਆਪਣੀ ਬਦਲਾਖੋਰੀ ਚ ਪੰਜਾਬ ਦੀ ਸਾਖ਼ ਅਤੇ ਪ੍ਰਤਿਭਾ ਨੂੰ ਦਾਅ ਉੱਤੇ ਲਗਾਉਣ ਤੋ ਬਾਅਦ ਚੈਨ ਮਿਲ ਗਿਆ ਹੋਵੇ ਤਾਂ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਆਪਣੇ ਸੂਬੇ ਦੀ ਸੇਵਾ ਕਰਨ ਦਵੋ। ਪੰਜਾਬ ਦੀ ਕਾਨੂੰਨ ਵਿਵਸਥਾ ਪਹਿਲਾ ਹੀ ਤਰਸਯੋਗ ਹਲਾਤਾਂ ਤੋ ਗੁਜ਼ਰ ਰਹੀ ਹੈ।
ਇਸ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੀ ਨਿਸ਼ਾਨਾ ਸਾਧਿਆ ਹੈ। ਸਿੱਧੂ ਦਾ ਕਹਿਣਾ ਹੈ ਕਿ ਤਜਿੰਦਰ ਬੱਗਾ ਕਿਸੇ ਵੱਖਰੀ ਪਾਰਟੀ ਦੇ ਹੋ ਸਕਦੇ ਹਨ, ਵਿਚਾਰਧਾਰਕ ਮਤਭੇਦ ਹੋ ਸਕਦੇ ਹਨ। ਪਰ ਸਿਆਸੀ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਵਲੋਂ ਸਿਆਸੀ ਬਦਲਾਖੋਰੀ ਤਹਿਤ ਪੰਜਾਬ ਪੁਲਿਸ ਰਾਹੀਂ ਨਿਜੀ ਅੰਕਾਂ ਦਾ ਨਿਪਟਾਰਾ ਕਰਨਾ ਇੱਕ ਵੱਡਾ ਪਾਪ ਹੈ। ਸਿੱਧੂ ਨੇ ਕਿਹਾ ਕਿ ਪੰਜਾਬ ਪੁਲਿਸ ਦਾ ਸਿਆਸੀਕਰਨ ਕਰਕੇ ਉਸ ਦੇ ਅਕਸ ਨੂੰ ਖਰਾਬ ਕਰਨਾ ਬੰਦ ਕਰੋ।
ਇਸ ਤੇ ਭਾਜਪਾ ਦੇ ਆਗੂਆ ਵੱਲ਼ੋਂ ਵੀ ਬੇਹਦ ਤਿੱਖਾ ਰੁੱਖ ਅਪਣਾਇਆ ਗਿਆ। ਭਾਜਪਾ ਨੇਤਾ ਤਰੁਣ ਚੁੱਗ ਨੇ ਕਿਹਾ ਕਿ ਜਿਸ ਤਰ੍ਹਾਂ ਕੇਜਰੀਵਾਲ ਪੰਜਾਬ ਪੁਲਿਸ ਦੀ ਦੁਰਵਰਤੋਂ ਕਰ ਰਿਹਾ ਹੈ, ਉਹ ਨਿੰਦਣਯੋਗ ਹੈ। ਪੰਜਾਬ ਪੁਲਿਸ ਨੇ @TajinderBagga ਨੂੰ ਉਸਦੇ ਘਰੋਂ ਗ੍ਰਿਫਤਾਰ ਕੀਤਾ ਹੈ। ਬੱਗਾ ਅਤੇ ਉਸਦੇ ਪਿਤਾ ਨਾਲ ਅਣਮਨੁੱਖੀ ਸਲੂਕ ਕੀਤਾ ਗਿਆ। ਪਰ ਕੇਜਰੀਵਾਲ ਜੀ ਯਾਦ ਰੱਖੋ ਕਿ ਤੁਹਾਡੀਆਂ ਹਰਕਤਾਂ ਕਿਸੇ ਸੱਚੇ ਸਰਦਾਰ ਨੂੰ ਨਹੀਂ ਡਰਾ ਸਕਦੀਆਂ।
ਇਸ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਵੀ ਇਸ ਮੁੱਦੇ ਤੇ ਕਿਹਾ ਗਿਆ ਹੈ ਕਿ ਬਦਲਾਵ ਦਾ ਮਤਲਬ ਸਿਆਸੀ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਲਈ ਪੁਲਿਸ ਦੀ ਦੁਰਵਰਤੋਂ ਕਰਨਾ ਨਹੀਂ ਹੈ।
ਕੇਸ ਦਰਜ ਕਰਨਾ ਅਤੇ ਕੇਜਰੀਵਾਲ ਦੇ ਵਿਰੋਧੀਆਂ ਨੂੰ ਗ੍ਰਿਫਤਾਰ ਕਰਨਾ ਬੰਦ ਕਰਨਾ ਚਾਹੀਦਾ ਹੈ, ਜਿਵੇਂ ਕਿ ਤਜਿੰਦਰ ਬੱਗਾ ਦੇ ਕੇਸ ਵਿੱਚ ਕੀਤਾ ਗਿਆ ਹੈ। ਬਾਦਲ ਨੇ ਕਿਹਾ ਕਿ ਪੰਜਾਬੀਆਂ ਨੇ ਤੁਹਾਨੂੰ ਸਾਰਥਕ ਤਬਦੀਲੀ ਲਿਆਉਣ ਲਈ ਚੁਣਿਆ ਹੈ, ਨਾ ਕਿ ਤੁਹਾਡੀ ਪਾਰਟੀ ਦੇ ਮੁਖੀ ਦੇ ਸਿਆਸੀ ਅੰਕਾਂ ਦਾ ਨਿਪਟਾਰਾ ਕਰਨ ਲਈ।