ਚੰਡੀਗੜ੍ਹ, 2 ਮਈ। ਪੰਜਾਬ ਕਾਂਗਰਸ ਦਾ ਅੰਦਰੂਨੀ ਵਿਵਾਦ ਖਤਮ ਹੋਣ ਦਾ ਨਾਮ ਨਹੀਂ ਹੋ ਰਿਹਾ। ਹੁਣ ਕਾਂਗਰਸ ਆਗੂ ਹਰੀਸ਼ ਚੌਧਰੀ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖਿਆ ਹੈ ਕਿ ਨਵਜੋਤ ਸਿੱਧੂ ਖ਼ਿਲਾਫ਼ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਅਨੁਸ਼ਾਸਨੀ ਕਾਰਵਾਈ ਹੋਵੇ।
ਮਿਲੀ ਜਾਣਕਾਰੀ ਅਨੂਸਾਰ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਸਿਫਾਰਿਸ਼ ’ਤੇ ਕਾਰਵਾਈ ਕਰਦੇ ਹੋਏ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਪਾਰਟੀ ਹਾਈ ਕਮਾਂਡ ਨੂੰ ਪੱਤਰ ਲਿਖ ਕੇ ਸਿੱਧੂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੀ ਸਿਫਾਰਿਸ਼ ਕੀਤੀ ਹੈ। ਇਸ ਸਬੰਧ ਵਿਚ ਅਨੁਸ਼ਾਸਨੀ ਕਮੇਟੀ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਸ਼ਿਕਾਇਤ ’ਤੇ ਕਾਰਵਾਈ ਹੋਣ ਦੀ ਉਮੀਦ ਹੈ। ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਰਾਜਾ ਵੜਿੰਗ ਦੇ ਸਹੁੰ ਚੁੱਕ ਸਮਾਗਮ ਵਾਲੇ ਦਿਨ ਸਿੱਧੂ ਸਮਾਗਮ ਵਿੱਚ ਸਿਰਫ ਮਹਿਮਾਨ ਵਜੋਂ ਹੀ ਸ਼ਾਮਲ ਹੋਏ ਸਨ। ਇਸ ਤੋਂ ਇਲਾਵਾ ਸਿੱਧੂ ਵੱਲੋਂ ਅੱਜ ਪ੍ਰਸ਼ਾਂਤ ਕਿਸ਼ੋਰ ਦੇ ਟਵੀਟ ’ਤੇ ਕੀਤੇ ਰੀਟਵੀਟ ਕਾਰਨ ਵੀ ਰਾਜਸੀ ਗਲਿਆਰਿਆਂ ਵਿਚ ਚਰਚਾ ਚਲਦੀ ਰਹੀ।