ਪਟਿਆਲਾ, 29 ਅਪ੍ਰੈਲ। ਸ਼ੁੱਕਰਵਾਰ ਨੂੰ ਪਟਿਆਲਾ ‘ਚ ਜਲੂਸ ਕੱਢੇ ਜਾਣ ‘ਤੇ ਹੰਗਾਮਾ ਹੋ ਗਿਆ। ਇਤਿਹਾਸਕ ਸ਼੍ਰੀ ਕਾਲੀ ਮਾਤਾ ਮੰਦਰ ਨੇੜੇ ਸ਼ਿਵ ਸੈਨਿਕ ਅਤੇ ਖਾਲਿਸਤਾਨ ਪੱਖੀ ਸਿੱਖ ਜਥੇਬੰਦੀਆਂ ਆਹਮੋ-ਸਾਹਮਣੇ ਹੋ ਗਈਆਂ। ਇਸ ਦੌਰਾਨ ਦੋਵਾਂ ਪਾਸਿਆਂ ਤੋਂ ਭਾਰੀ ਪਥਰਾਅ ਹੋਇਆ। ਪੁਲਿਸ ਨੇ ਦੋਵਾਂ ਧਿਰਾਂ ਨੂੰ ਰੋਕਣ ਲਈ ਹਵਾ ਵਿੱਚ ਗੋਲੀਆਂ ਚਲਾਈਆਂ। ਇਸ ਦੇ ਨਾਲ ਹੀ ਤਲਵਾਰ ਲੱਗਣ ਕਾਰਨ ਇੱਕ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਿਆ।
ਸ਼ਿਵ ਸੈਨਾ ਵੱਲੋਂ ਸ਼ੁੱਕਰਵਾਰ ਨੂੰ ਪਟਿਆਲਾ ਦੇ ਆਰੀਆ ਸਮਾਜ ਚੌਂਕ ਵਿੱਚ ਤੈਅ ਪ੍ਰੋਗਰਾਮ ਅਨੁਸਾਰ ਖਾਲਿਸਤਾਨ ਦਾ ਪੁਤਲਾ ਫੂਕਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਇਸ ਦੌਰਾਨ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜੱਦ। ਇਸ ਗੱਲ ਦਾ ਪਤਾ ਲੱਗਦਿਆਂ ਹੀ ਖਾਲਿਸਤਾਨੀ ਸਮਰਥਕ ਮੌਕੇ ‘ਤੇ ਪਹੁੰਚ ਗਏ ਅਤੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਸ ਦੌਰਾਨ ਦੋਵੇਂ ਧਿਰਾਂ ਆਹਮੋ-ਸਾਹਮਣੇ ਹੋ ਗਈਆਂ।
ਹਾਲਾਂਕਿ ਮੌਕੇ ‘ਤੇ ਮੌਜੂਦ ਭਾਰੀ ਪੁਲਿਸ ਬਲ ਨੇ ਦੋਵਾਂ ਧਿਰਾਂ ਨੂੰ ਮਨਾ ਕੇ ਸ਼ਾਂਤ ਕਰਵਾਇਆ। ਪਰ ਇਸ ਦੇ ਬਾਵਜੂਦ ਖਾਲਿਸਤਾਨੀ ਸਮਰਥਕ ਤਲਵਾਰਾਂ ਲੈ ਕੇ ਸ਼੍ਰੀ ਕਾਲੀ ਮਾਤਾ ਮੰਦਰ ਦੇ ਅੰਦਰ ਪਹੁੰਚ ਗਏ। ਇਸ ਦੌਰਾਨ ਹਿੰਦੂ ਨੇਤਾਵਾਂ ਅਤੇ ਖਾਲਿਸਤਾਨੀ ਸਮਰਥਕਾਂ ਵਿਚਾਲੇ ਕਾਫੀ ਇੱਟ-ਪੱਥਰ ਵੀ ਚੱਲੇ। ਇਕ ਹਿੰਦੂ ਨੇਤਾ ‘ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ।
ਐਸਐਸਪੀ ਡਾ: ਨਾਨਕ ਸਿੰਘ ਨੇ ਸਥਿਤੀ ਨੂੰ ਕਾਬੂ ਕਰਨ ਲਈ ਇਸ ਦੌਰਾਨ ਕਈ ਰਾਉਂਡ ਹਵਾ ਵਿੱਚ ਫਾਇਰ ਵੀ ਕੀਤੇ ਅਤੇ ਚੱਪੇ ਚੱਪੇ ਤੇ ਉਹਨਾਂ ਵੱਲ਼ੋਂ ਖੁਦ ਮਾਹੌਲ ਨੂੰ ਸ਼ਾਂਤ ਕਰਨ ਦੇ ਯਤਨ ਕੀਤੇ ਗਏ। ਧਿਆਨ ਯੋਗ ਹੈ ਕਿ ਕੁਝ ਵੈੱਬ ਚੈਨਲਾਂ ‘ਤੇ ਐਸਐਚਓ ਦਾ ਹੱਥ ਵੱਢੇ ਜਾਣ ਦੀਆਂ ਖ਼ਬਰਾਂ ਚੱਲ ਰਹੀਆਂ ਹਨ। ਜਿਸ ਨੂੰ ਡੀਸੀ ਸਾਕਸ਼ੀ ਸਾਹਨੀ ਨੇ ਬੇਬੁਨਿਆਦ ਕਰਾਰ ਦਿੱਤਾ ਹੈ।
ਸਥਿਤੀ ਕਾਬੂ ਹੇਠ, ਅਫਵਾਹਾਂ ‘ਤੇ ਧਿਆਨ ਨਾ ਦਿਓ: ਆਈਜੀ ਰਾਕੇਸ਼ ਅਗਰਵਾਲ
ਪਟਿਆਲਾ ਰੇਂਜ ਦੇ ਆਈਜੀ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਸਥਿਤੀ ਹੁਣ ਕਾਬੂ ਹੇਠ ਹੈ। ਕਿਸੇ ਨੇ ਅਫਵਾਹ ਫੈਲਾ ਦਿੱਤੀ ਸੀ, ਜਿਸ ਕਾਰਨ ਦੋਵਾਂ ਧਿਰਾਂ ਵਿਚਾਲੇ ਤਕਰਾਰ ਹੋ ਗਈ। ਐਸਐਚਓ ਦਾ ਹੱਥ ਵੱਢਣ ਦੀ ਵੀ ਅਫਵਾਹ ਹੈ। ਸਥਿਤੀ ਨੂੰ ਪੂਰੀ ਤਰ੍ਹਾਂ ਨਾਲ ਸ਼ਾਂਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਪੁੱਜ ਕੇ ਸਥਿਤੀ ਨੂੰ ਸੰਭਾਲਣ ਲਈ ਪੁਲੀਸ ਨੂੰ ਹਵਾ ਵਿੱਚ ਗੋਲੀ ਚਲਾਉਣੀ ਪਈ।
ਪਟਿਆਲਾ ਵਿੱਚ ਝੜਪ ਦੀ ਘਟਨਾ ਬਹੁਤ ਮੰਦਭਾਗੀ- ਮੁੱਖ ਮੰਤਰੀ
ਇਸ ਸੰਵੇਧਨਸ਼ੀਲ ਮਸਲੇ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਵੀ ਟਵੀਟ ਕਰ ਦੱਸਿਆ ਗਿਆ ਕਿ ਪਟਿਆਲਾ ਵਿੱਚ ਝੜਪਾਂ ਦੀ ਘਟਨਾ ਬਹੁਤ ਹੀ ਮੰਦਭਾਗੀ ਹੈ। ਮੈਂ ਡੀਜੀਪੀ ਨਾਲ ਗੱਲ ਕੀਤੀ, ਇਲਾਕੇ ਵਿੱਚ ਸ਼ਾਂਤੀ ਬਹਾਲ ਹੋ ਗਈ ਹੈ। ਅਸੀਂ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ ਅਤੇ ਕਿਸੇ ਨੂੰ ਵੀ ਰਾਜ ਵਿਚ ਗੜਬੜ ਪੈਦਾ ਨਹੀਂ ਕਰਨ ਦੇਵਾਂਗੇ। ਪੰਜਾਬ ਦੀ ਸ਼ਾਂਤੀ ਅਤੇ ਸਦਭਾਵਨਾ ਸਭ ਤੋਂ ਮਹੱਤਵਪੂਰਨ ਹੈ।
“ਰਾਜ ਵਿੱਚ ਪੂਰੀ ਤਰ੍ਹਾਂ ਅਰਾਜਕਤਾ”
ਇਸ ਘਟਨਾ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਟਵੀਟ ਕਰ ਕਿਹਾ ਕੀ ਰਾਜ ਵਿੱਚ ਪੂਰੀ ਤਰ੍ਹਾਂ ਅਰਾਜਕਤਾ ਹੈ। ਪਟਿਆਲਾ ਤੋਂ ਪ੍ਰੇਸ਼ਾਨ ਕਰਨ ਵਾਲੇ ਦ੍ਰਿਸ਼। ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਆਪਣਾ ਘਰ ਠੀਕ ਕਰ ਲੈਣ। ਰਾਜ ਵਿੱਚ ਇੱਕ ਤੋਂ ਬਾਅਦ ਇੱਕ ਘਟਨਾਵਾਂ ਵਾਪਰਨ ਨਾਲ ਪਿਛਲੇ ਇੱਕ ਮਹੀਨੇ ਵਿੱਚ ਕਾਨੂੰਨ ਵਿਵਸਥਾ ਵਿਗੜ ਗਈ ਹੈ। ਮੁੱਖ ਮੰਤਰੀ ਨੂੰ ਤੁਰੰਤ ਡੀਜੀਪੀ ਪੰਜਾਬ ਨਾਲ ਪਟਿਆਲਾ ਦਾ ਦੌਰਾ ਕਰਨਾ ਚਾਹੀਦਾ ਹੈ।