, ਪੁਲਿਸ ਨੇ ਅਖੌਤੀ ਨੇਤਾ ਅਤੇ ਉਸਦੇ ਪਿਤਾ ‘ਤੇ ਕੀਤਾ ਮਾਮਲਾ ਦਰਜ
ਗੁਰਦਾਸਪੁਰ, 23 ਅਪ੍ਰੈਲ (ਮੰਨਣ ਸੈਣੀ)। ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਗੁੰਨੋਪੁਰ ‘ਚ ਸ਼ੁੱਕਰਵਾਰ ਸ਼ਾਮ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਸ਼ਿਵ ਸੈਨਾ ਦੇ ਅਖੌਤੀ ਆਗੂ ਨੇ ਮਾਮੂਲੀ ਤਕਰਾਰ ਤੋਂ ਬਾਅਦ ਕੁਝ ਨੌਜਵਾਨਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਹਾਲਾਂਕਿ ਇਸ ਗੋਲੀਬਾਰੀ ‘ਚ ਨੌਜਵਾਨ ਬਚਣ ਵਿੱਚ ਕਾਮਯਾਬ ਹੋ ਗਏ। ਜਿਸ ਤੋਂ ਬਾਅਦ ਗੁੱਸੇ ‘ਚ ਆਏ ਪਿੰਡ ਦੇ ਲੋਕਾਂ ਨੇ ਉਸ ਆਗੂ ਅਤੇ ਉਸ ਦੇ ਪਿਤਾ ਨੂੰ ਦੁਕਾਨ ‘ਚ ਬੰਦ ਕਰਕੇ ਸ਼ਿਵ ਸੈਨਾ ਦੀ ਮੋਪੇਡ ਨੂੰ ਅੱਗ ਲਗਾ ਦਿੱਤੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਚਾਰੇ ਥਾਣਿਆਂ ਦੀ ਪੁਲਿਸ ਅਤੇ ਉੱਚ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਉਕਤ ਆਗੂ ਅਤੇ ਉਸਦੇ ਪਿਤਾ ਨੂੰ ਲੋਕਾਂ ਦੇ ਚੁੰਗਲ ‘ਚੋਂ ਛੁਡਵਾ ਕੇ ਥਾਣੇ ਲਿਆਂਦਾ | ਜਿਸ ਤੋਂ ਬਾਅਦ ਦੋਵਾਂ ਪਿਓ-ਪੁੱਤ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸੂਤਰਾਂ ਮੁਤਾਬਕ ਪ੍ਰਦੀਪ ਕੁਮਾਰ ਸ਼ੁੱਕਰਵਾਰ ਸ਼ਾਮ ਨੂੰ ਆਪਣੇ ਪਿਤਾ ਨਰੇਸ਼ ਕੁਮਾਰ ਦੀ ਦੁਕਾਨ ‘ਤੇ ਸ਼ਰਾਬ ਪੀ ਰਿਹਾ ਸੀ। ਤਕਰਾਰ ਦੌਰਾਨ ਗੁੱਸੇ ‘ਚ ਆਏ ਪ੍ਰਦੀਪ ਕੁਮਾਰ ਨੇ ਆਪਣੇ ਲਾਇਸੰਸੀ ਹਥਿਆਰ ਨਾਲ ਨੌਜਵਾਨਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਪਰ ਖੁਸ਼ਕਿਸਮਤੀ ਨਾਲ ਨੌਜਵਾਨ ਇਸ ਹਮਲੇ ਵਿੱਚ ਬਚ ਨਿਕਲੇ। ਇਸ ਤੋਂ ਬਾਅਦ ਗੁੱਸੇ ‘ਚ ਆਏ ਲੋਕਾਂ ਨੇ ਉਸ ਆਗੂ ਅਤੇ ਉਸ ਦੇ ਪਿਤਾ ਨੂੰ ਉਨ੍ਹਾਂ ਦੀ ਦੁਕਾਨ ‘ਤੇ ਹੀ ਘੇਰ ਲਿਆ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਇੰਚਾਰਜ ਮੇਜਰ ਸਿੰਘ ਦੀ ਅਗਵਾਈ ‘ਚ ਪੁਲਸ ਪਾਰਟੀ ਮੌਕੇ ‘ਤੇ ਪਹੁੰਚ ਗਈ। ਪਰ ਉਦੋਂ ਤੱਕ ਮਾਹੌਲ ਕਾਫੀ ਗਰਮ ਹੋ ਚੁੱਕਾ ਸੀ। ਮਾਹੌਲ ਤਣਾਅਪੂਰਨ ਹੁੰਦਾ ਦੇਖ ਥਾਣਾ ਭੈਣੀ ਮੀਆਂ ਖਾਂ, ਥਾਣਾ ਕਾਹਨੂੰਵਾਨ, ਥਾਣਾ ਧਾਰੀਵਾਲ ਅਤੇ ਥਾਣਾ ਪੁਰਾਣਾਸ਼ਾਲਾ ਤੋਂ ਇਲਾਵਾ ਐੱਸਪੀ ਡੀ ਗੁਰਦਾਸਪੁਰ ਡਾ: ਮੁਕੇਸ਼ ਕੁਮਾਰ, ਹਲਕਾ ਡੀਐੱਸਪੀ ਕੁਲਵਿੰਦਰ ਸਿੰਘ ਵਿਰਕ ਅਤੇ ਡੀਐੱਸਪੀ ਨਾਗਰਾ ਵੀ ਪੁਲੀਸ ਪਾਰਟੀ ਸਮੇਤ ਪਿੰਡ ਪੁੱਜੇ। ਇਸ ਦੌਰਾਨ ਪੁਲਿਸ ਅਤੇ ਭੀੜ ਵਿਚਾਲੇ ਹੱਥੋਪਾਈ ਵੀ ਹੋਈ। ਪੁਲੀਸ ਨੇ ਉਕਤ ਆਗੂ ਤੇ ਉਸ ਦੇ ਪਿਤਾ ਨੂੰ ਬੜੀ ਮੁਸ਼ੱਕਤ ਨਾਲ ਹਿਰਾਸਤ ਵਿੱਚ ਲੈ ਕੇ ਥਾਣੇ ਲੈ ਗਈ।
ਇਸ ਸੰਬੰਧੀ ਡੀਐਸਪੀ ਦੇਹਾਤੀ ਕੁਲਵਿੰਦਰ ਸਿੰਘ ਵਿਰਕ ਅਤੇ ਐਸਐਚਓ ਮੇਜਰ ਸਿੰਘ ਨੇ ਦੱਸਿਆ ਕਿ ਪ੍ਰਦੀਪ ਕੁਮਾਰ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ ਧਾਰਾ ਇਰਾਦਾ ਕਤਲ, ਆਤਮ ਹੱਤਿਆ ਲਈ ਉਕਸਾਉਣਾ, ਧੋਖਾਧੜੀ, ਆਰਮਜ ਐਕਟ ਸਹਿਤ ਕਈ ਹੋਰ ਕੇਸ ਦਰਜ ਹਨ।। ਹੁਣ ਸ਼ਿਕਾਇਤਕਰਤਾ ਦੇ ਆਧਾਰ ‘ਤੇ ਪ੍ਰਦੀਪ ਕੁਮਾਰ ਦੇ ਖ਼ਿਲਾਫ਼ ਧਾਰਾ ਇਰਾਦਾ ਕਤਲ ਅਤੇ ਆਰਮ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਖ਼ਿਲਾਫ਼ ਥਾਣਾ ਬਹਿਰਾਮਪੁਰ ਵਿੱਚ 307 ਅਤੇ ਥਾਣਾ ਧਾਰੀਵਾਲ ਵਿੱਚ 306 ਦਾ ਕੇਸ ਦਰਜ ਹੈ। ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।