Close

Recent Posts

ਹੋਰ ਦੇਸ਼ ਪੰਜਾਬ ਮੁੱਖ ਖ਼ਬਰ ਰਾਜਨੀਤੀ

ਸਰਕਾਰ ਨੇ ਮਾਰਿਆ ਯੂ ਟਰਨ- ਸਾਰੇ ਐਸਸੀ, ਬੀਸੀ ਖਪਤਕਾਰ ਨਾ ਹੋਣ ਜਿਆਦਾ ਖੁਸ਼, ਇਨਕਮ ਟੈਕਸ ਦਾ ਭੁਗਤਾਨ ਕਰਨ ਵਾਲਿਆਂ ਤੇ ਹੋਵੇਗਾ ਜਨਰਲ ਸ਼੍ਰੇਣੀ ਵਾਲਾ ਫਾਰਮੂਲਾ ਲਾਗੂ

ਸਰਕਾਰ ਨੇ ਮਾਰਿਆ ਯੂ ਟਰਨ- ਸਾਰੇ ਐਸਸੀ, ਬੀਸੀ ਖਪਤਕਾਰ ਨਾ ਹੋਣ ਜਿਆਦਾ ਖੁਸ਼, ਇਨਕਮ ਟੈਕਸ ਦਾ ਭੁਗਤਾਨ ਕਰਨ ਵਾਲਿਆਂ ਤੇ ਹੋਵੇਗਾ ਜਨਰਲ ਸ਼੍ਰੇਣੀ ਵਾਲਾ ਫਾਰਮੂਲਾ ਲਾਗੂ
  • PublishedApril 19, 2022

ਚੰਡੀਗੜ੍ਹ, 19 ਅਪ੍ਰੈਲ । ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਇਕ ਕਿਲੋਵਾਟ ਲੋਡ ਤੱਕ ਬਿਜਲੀ ਕੁਨੈਕਸ਼ਨ ਵਾਲੇ ਬੀਪੀਐਲ ਖਪਤਕਾਰਾਂ ਨੂੰ ਇਕ ਮਹੀਨੇ ਲਈ 300 ਯੂਨਿਟ ਅਤੇ 2 ਮਹੀਨਿਆਂ ਲਈ 600 ਯੂਨਿਟ ਬਿਜਲੀ ਮੁਆਫ਼ ਕਰ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ 2 – 3 ਕਿਲੋਵਾਟ ਬਿਜਲੀ ਕੁਨੈਕਸ਼ਨ ਵਾਲੇ ਐਸਸੀ, ਬੀਸੀ ਖਪਤਕਾਰਾਂ ’ਤੇ ਜਨਰਲ ਸ਼੍ਰੇਣੀ ਦਾ ਨਿਯਮ ਲਾਗੂ ਹੋਵੇਗਾ। ਉਨ੍ਹਾਂ ਨੂੰ 2 ਮਹੀਨਿਆਂ ਲਈ 600 ਯੂਨਿਟ ਬਿਜਲੀ ਮੁਆਫ਼ ਕੀਤੀ ਜਾਵੇਗੀ, ਜੇਕਰ ਬਿੱਲ ਇਸ ਤੋਂ ਉਪਰ ਆਉਂਦਾ ਹੈ ਤਾਂ ਉਨ੍ਹਾਂ ਨੂੰ ਪੂਰਾ ਬਿੱਲ ਅਦਾ ਕਰਨਾ ਹੋਵੇਗਾ। ਇਸ ਤੋਂ ਇਲਾਵਾ ਇਨਕਮ ਟੈਕਸ ਦਾ ਭੁਗਤਾਨ ਕਰਨ ਵਾਲੇ ਅਨੁਸੂਚਿਤ ਜਾਤੀ ਅਤੇ ਬੀਸੀ ਪਰਿਵਾਰ ਤੇ ਜਨਰਲ ਸ਼੍ਰੇਣੀ ਦਾ ਫਾਰਮੂਲਾ ਲਾਗੂ ਹੋਵੇਗਾ। ਅਗਰ 2 ਮਹੀਨੇ ਦਾ ਬਿਲ 600 ਰੁਪਏ ਤੋਂ ਉਪਰ ਆਉਂਦਾ ਹੈ ਤਾਂ ਉਨ੍ਹਾਂ ਨੂੰ ਪੂਰਾ ਬਿੱਲ ਅਦਾ ਕਰਨਾ ਪਵੇਗਾ। ਇਸ ਬਿਆਨ ਨਾਲ ਪਿਛੜੀ ਜਾਤੀ, ਅਨੂਸੂਚਿਤ ਜਾਤੀ ਦੇ ਲੋਕ ਵੀ ਜਨਰਲ ਵਰਗ ਵਾਗ ਦੁਵਿਧਾ ਵਿੱਚ ਦਿਖ ਰਹੇ ਹਨ ਕਿਉਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਅਤੇ ਕਥਨ ਕੁਝ ਹੋਰ ਸਨ। ਲੋਕਾਂ ਦਾ ਕਹਿਣਾ ਹੈ ਕਿ ਹੁਣ ਅਸਲ ਸੱਚਾਈ ਜਾਨਣ ਲਈ ਨੋਟਿਫਿਕੇਸ਼ਨ ਦੇ ਜਾਰੀ ਹੋਣ ਦਾ ਇੰਤਜਾਰ ਕਰਨਾ ਚਾਹੀਦਾ, ਕਿਉਂਕਿ ਹੁਣ ਆਪ ਸਰਕਾਰ ਵਿੱਚ ਵੀ ਆਪਣੀ ਡਫਲੀ ਆਪਣਾ ਰਾਗ ਅਲਾਪਣ ਵਾਲੀ ਸਥਿਤੀ ਬਣਦੀ ਨਜਰ ਆ ਰਹੀ ਹੈ।

ਹਰਭਜਨ ਸਿੰਘ ਨੇ ਦੱਸਿਆ ਕਿ ਪਿਛਲੀ ਸਰਕਾਰ ਵੱਲੋਂ ਇੱਕ ਕਿਲੋਵਾਟ ਲੋਡ ਵਾਲੇ ਬਿਜਲੀ ਕੁਨੈਕਸ਼ਨ ਵਾਲੇ ਅਨੁਸੂਚਿਤ ਜਾਤੀ ਵਰਗ ਦੇ ਬੀਪੀਐਲ ਖਪਤਕਾਰਾਂ ਨੂੰ 200 ਯੂਨਿਟ ਮੁਫਤ ਬਿਜਲੀ ਦਿੱਤੀ ਜਾਂਦੀ ਸੀ, ਹੁਣ ਇਸ ਨੂੰ ਵਧਾ ਕੇ 300 ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ 2 ਮਹੀਨਿਆਂ ਵਿੱਚ 600 ਯੂਨਿਟ ਮੁਫਤ ਬਿਜਲੀ ਦਿੱਤੀ ਜਾਵੇਗੀ। ਜੇਕਰ ਉਨ੍ਹਾਂ ਦਾ ਬਿੱਲ 600 ਯੂਨਿਟ ਤੋਂ ਉੱਪਰ ਆਉਂਦਾ ਹੈ, ਤਾਂ ਉਨ੍ਹਾਂ ਨੂੰ 600 ਯੂਨਿਟ ਮੁਆਫ਼ ਕੀਤੇ ਜਾਣਗੇ ਅਤੇ ਅਗਰ ਉਨ੍ਹਾਂ ਦਾ ਬਿੱਲ 610 ਯੂਨਿਟ ਆਉਂਦਾ ਹੈ ਤਾਂ 10 ਯੂਨਿਟ ਬਿਜਲੀ ਦਾ ਬਿੱਲ ਅਦਾ ਕਰਨਾ ਹੋਵੇਗਾ।

ਬਿਜਲੀ ਮੰਤਰੀ ਨੇ ਕਿਹਾ ਕਿ ਜੇਕਰ ਐਸ.ਸੀ., ਬੀ.ਸੀ ਵਰਗ ਨਾਲ ਸਬੰਧਤ ਖਪਤਕਾਰ ਕੋਲ 2 ਤੋਂ 3 ਕਿਲੋਵਾਟ ਬਿਜਲੀ ਦਾ ਲੋਡ ਹੈ, ਜੇਕਰ ਉਨ੍ਹਾਂ ਦਾ ਬਿਜਲੀ ਦਾ ਬਿੱਲ 600 ਤੋਂ ਉਪਰ ਆਉਂਦਾ ਹੈ ਤਾਂ ਉਸ ਨੂੰ ਪੂਰਾ ਬਿੱਲ ਅਦਾ ਕਰਨਾ ਪਵੇਗਾ। ਬਿਜਲੀ ਮੰਤਰੀ ਨੇ ਕਿਹਾ ਕਿ ਜਨਰਲ ਵਰਗ ਨਾਲ ਕੋਈ ਧੱਕਾ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਜਨਰਲ ਵਰਗ ਨਾਲ ਧੱਕਾ ਕੀਤਾ ਸੀ ਪਰ ਸਾਡੀ ਸਰਕਾਰ ਜਨਰਲ ਵਰਗ ਨੂੰ ਵੀ ਦੋ ਮਹੀਨਿਆਂ ਲਈ 600 ਯੂਨਿਟ ਮੁਫਤ ਬਿਜਲੀ ਦੇ ਰਹੀ ਹੈ। ਬਿਜਲੀ ਮੰਤਰੀ ਨੇ ਕਿਹਾ ਕਿ ਆਮਦਨ ਕਰ ਅਦਾ ਕਰਨ ਵਾਲੇ ਖਪਤਕਾਰਾਂ ਲਈ 300 ਯੂਨਿਟ ਪ੍ਰਤੀ ਮਹੀਨਾ ਵੀ ਮੁਆਫ਼ ਕੀਤਾ ਗਿਆ ਹੈ। ਜੇਕਰ ਉਨ੍ਹਾਂ ਦਾ ਦੋ ਮਹੀਨੇ ਦਾ ਬਿੱਲ 600 ਯੂਨਿਟ ਤੋਂ ਉੱਪਰ ਆਉਂਦਾ ਹੈ ਤਾਂ ਉਨ੍ਹਾਂ ਨੂੰ ਪੂਰਾ ਬਿੱਲ ਅਦਾ ਕਰਨਾ ਹੋਵੇਗਾ।

ਇਸ ਤੋਂ ਇਲਾਵਾ ਬਿਜਲੀ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਬਿਜਲੀ ਦਾ ਕੋਈ ਸੰਕਟ ਨਹੀਂ ਆਉਣ ਦਿੱਤਾ ਜਾਵੇਗਾ ਅਤੇ ਬਿਜਲੀ ਮੰਤਰੀ ਨੇ ਕਿਹਾ ਕਿ ਮਾਰਚ 2021 ਦੇ ਮੁਕਾਬਲੇ ਹੁਣ ਮਾਰਚ 2022 ਵਿੱਚ ਅਸੀਂ ਇੱਕ ਮਹੀਨੇ ਵਿੱਚ 1000 ਮੈਗਾਵਾਟ ਵੱਧ ਬਿਜਲੀ ਸਪਲਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਅਪ੍ਰੈਲ ਮਹੀਨੇ ਵਿੱਚ ਮੰਗ ਹੋਰ ਵਧੇਗੀ ਅਤੇ 15000 ਮੈਗਾਵਾਟ ਬਿਜਲੀ ਦੀ ਮੰਗ ਹੋਰ ਵਧੇਗੀ, ਇਸ ਲਈ ਅਸੀਂ ਸਾਰੇ ਪ੍ਰਬੰਧ ਕਰ ਲਏ ਹਨ। ਉਨ੍ਹਾਂ ਕਿਹਾ ਕਿ ਉਹ ਕੇਂਦਰੀ ਕੋਲਾ ਮੰਤਰੀ ਨੂੰ ਵੀ ਮਿਲ ਚੁੱਕੇ ਹਨ। ਬਿਜਲੀ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ, ਅਸੀਂ ਬਿਜਲੀ ਦੀ ਮੰਗ ਪੂਰੀ ਕਰਾਂਗੇ।

ਬਿਜਲੀ ਮੰਤਰੀ ਨੇ ਕਿਹਾ ਕਿ ਅਸੀਂ ਪੰਜਾਬ ਦੇ ਪ੍ਰਾਈਵੇਟ ਥਰਮਲ ਪਲਾਂਟਾਂ ਤੋਂ ਵੀ ਨਿਯਮਾਂ ਤਹਿਤ ਬਿਜਲੀ ਖਰੀਦ ਰਹੇ ਹਾਂ। ਬਿਜਲੀ ਮੰਤਰੀ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਪੰਜਾਬ ਵਿਧਾਨ ਸਭਾ ਵਿੱਚ ਪ੍ਰਾਈਵੇਟ ਥਰਮਲ ਪਲਾਂਟਾਂ ਵਿਰੁੱਧ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜਿਆ ਸੀ। ਬਿਜਲੀ ਮੰਤਰੀ ਨੇ ਕਿਹਾ ਕਿ ਅਸੀਂ ਇਸ ਮਾਮਲੇ ‘ਤੇ ਅਗਲੀ ਕਾਰਵਾਈ ਕਰਾਂਗੇ, ਕਿਉਂਕਿ ਜੋ ਵੀ ਹੋਣਾ ਹੈ, ਉਹ ਕਾਨੂੰਨ ਅਨੁਸਾਰ ਹੀ ਹੋਣਾ ਹੈ।

ਬਿਜਲੀ ਮੰਤਰੀ ਨੇ ਕਿਹਾ ਕਿ ਅਸੀਂ ਗੈਰ-ਕਾਨੂੰਨੀ ਕਾਲੋਨੀਆਂ ਵਿੱਚ ਲਗਾਏ ਗਏ ਬਿਜਲੀ ਮੀਟਰਾਂ ਦੀ ਜਾਂਚ ਕਰਵਾ ਰਹੇ ਹਾਂ ਅਤੇ ਕਾਲੋਨਾਈਜ਼ਰਾਂ ਵਿਰੁੱਧ ਵੀ ਕਾਰਵਾਈ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਹਾਲਾਂਕਿ ਅਜਿਹੇ ਕਈ ਮਾਮਲੇ ਹਨ ਜੋ ਉਨ੍ਹਾਂ ਦੇ ਧਿਆਨ ਵਿੱਚ ਆਏ ਹਨ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਨੂੰ ਪ੍ਰੇਸ਼ਾਨ ਨਹੀਂ ਹੋਣ ਦੇਵਾਂਗੇ। ਅਸੀਂ ਕਾਲੋਨਾਈਜ਼ਰਾਂ ਨੂੰ ਨੋਟਿਸ ਵੀ ਦੇਵਾਂਗੇ ਅਤੇ ਕਾਰਵਾਈ ਵੀ ਕਰਾਂਗੇ। ਇਸ ਤੋਂ ਇਲਾਵਾ ਬਿਜਲੀ ਮੰਤਰੀ ਨੇ ਕਿਹਾ ਕਿ ਅਜਿਹੇ ਸਰਕਾਰੀ ਅਤੇ ਨਿੱਜੀ ਅਦਾਰੇ ਹਨ, ਜਿਨ੍ਹਾਂ ਨੇ ਬਿਜਲੀ ਦੇ ਬਿੱਲ ਜਮ੍ਹਾ ਨਹੀਂ ਕਰਵਾਏ ਹਨ, ਅਸੀਂ ਉਨ੍ਹਾਂ ਦੀ ਵੀ ਸਮੀਖਿਆ ਕਰ ਰਹੇ ਹਾਂ।

Written By
The Punjab Wire