ਹੋਰ ਗੁਰਦਾਸਪੁਰ ਦੇਸ਼ ਪੰਜਾਬ ਮੁੱਖ ਖ਼ਬਰ ਰਾਜਨੀਤੀ

ਮਨੋਨੀਤ ਮੁੱਖ ਮੰਤਰੀ ਵੱਲੋਂ ਡੀਜੀਪੀ ਨੂੰ ਹੁਸ਼ਿਆਰਪੁਰ ਦੇ ਚੋਲਾਂਗ ਨੇੜੇ ਗਊਆਂ ਦੀ ਹੱਤਿਆ ਦੀ ਘਟਨਾ ਦੇ ਜਾਂਚ ਦੇ ਹੁਕਮ

ਮਨੋਨੀਤ ਮੁੱਖ ਮੰਤਰੀ ਵੱਲੋਂ ਡੀਜੀਪੀ ਨੂੰ ਹੁਸ਼ਿਆਰਪੁਰ ਦੇ ਚੋਲਾਂਗ ਨੇੜੇ ਗਊਆਂ ਦੀ ਹੱਤਿਆ ਦੀ ਘਟਨਾ ਦੇ ਜਾਂਚ ਦੇ ਹੁਕਮ
  • PublishedMarch 12, 2022

ਚੰਡੀਗੜ੍ਹ, 12 ਮਾਰਚ: ਹੁਸ਼ਿਆਰਪੁਰ ਜ਼ਿਲ੍ਹੇ ਦੇ ਚੋਲਾਂਗ ਰੇਲਵੇ ਕ੍ਰਾਸਿੰਗ ਨੇੜੇ ਗਊਆਂ ਦੀ ਹੱਤਿਆ ਦੀ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਦੇ ਮਨੋਨੀਤ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਘਿਨਾਉਣੇ ਅਪਰਾਧ ਦੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਸੂਬੇ ਦੇ ਪੁਲੀਸ ਮੁਖੀ ਨੂੰ ਡੂੰਘਾਈ ਨਾਲ ਜਾਂਚ ਕਰਵਾਉਣ ਦੇ ਹੁਕਮ ਦਿੱਤੇ ਹਨ।

ਭਗਵੰਤ ਮਾਨ ਨੇ ਡੀ.ਜੀ.ਪੀ. ਨੂੰ ਹਦਾਇਤ ਦਿੰਦਿਆਂ ਕਿਹਾ ਕਿ ਮਾੜੇ ਅਨਸਰਾਂ ਨੂੰ ਅਜਿਹੇ ਅਣਮਨੁੱਖੀ ਕਾਰਿਆਂ ਤੋਂ ਰੋਕਿਆ ਜਾਣਾ ਚਾਹੀਦਾ ਹੈ ਕਿਉਂ ਜੋ ਅਮਨ-ਕਾਨੂੰਨ ਦੀ ਵਿਵਸਥਾ ਨੂੰ ਹਰ ਹੀਲੇ ਕਾਇਮ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਅਜਿਹੀਆਂ ਘਿਨਾਉਣੀਆਂ ਕਾਰਵਾਈਆਂ ਨਾਲ ਸੂਬੇ ਦੇ ਸ਼ਾਂਤਮਈ ਮਾਹੌਲ ਨੂੰ ਖਰਾਬ ਕਰਨ ਦੀ ਹਰਗ਼ਿਜ਼ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਉਨ੍ਹਾਂ ਨੇ ਡੀ.ਜੀ.ਪੀ. ਨੂੰ ਇਹ ਵੀ ਕਿਹਾ ਕਿ ਗਊਆਂ ਦੇ ਸਿਰ ਵੱਢ ਦੇਣ ਵਾਲੀ ਦੁਖਦਾਇਕ ਘਟਨਾ ਵਿਚ ਸ਼ਾਮਲ ਪਾਏ ਜਾਣ ਵਾਲੇ ਹੋਰਨਾਂ ਵਿਅਕਤੀਆਂ ਵਿਰੁੱਧ ਵੀ ਸਖ਼ਤ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇ ਤਾਂ ਕਿ ਘਿਨਾਉਣੇ ਕੰਮਾਂ ਵਿੱਚ ਸ਼ਾਮਲ ਬਾਕੀ ਲੋਕਾਂ ਲਈ ਵੀ ਮਿਸਾਲ ਪੇਸ਼ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਨਾ-ਮੁਆਫ ਕਰਨ ਯੋਗ ਅਤੇ ਬੇਹੱਦ ਸ਼ਰਮਨਾਕ ਘਟਨਾ ਦੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਅਤੇ ਸਾਰਿਆਂ ਵੱਲੋਂ ਇਸ ਦੀ ਸਖ਼ਤ ਤੋਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਵੀ ਕੀਤੀ ਜਾਣੀ ਚਾਹੀਦੀ ਹੈ।

ਭਗਵੰਤ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਡੇਰੇ ਜਨਤਕ ਹਿੱਤ ਵਿੱਚ ਇਸ ਸਥਿਤੀ ‘ਚ ਸੰਜਮ ਵਰਤਣ ਕਿਉਂਕਿ ਸੂਬਾ ਪੁਲੀਸ ਨੂੰ ਪਹਿਲਾਂ ਹੀ ਦੋਸ਼ੀਆਂ ਖ਼ਿਲਾਫ਼ ਛੇਤੀ ਤੋਂ ਛੇਤੀ ਕਾਨੂੰਨੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਜਾ ਚੁੱਕੇ ਹਨ। ਏਸੇ ਦੌਰਾਨ ਹੁਸ਼ਿਆਰਪੁਰ ਪੁਲੀਸ ਨੇ ਇਸ ਸਬੰਧ ਵਿੱਚ ਐਫ ਆਈ ਆਰ ਦਰਜ ਕਰ ਲਈ ਹੈ।

Written By
The Punjab Wire