ਪ੍ਰਤਾਪ ਬਾਜਵਾ, ਸੁਖਜਿੰਦਰ ਰੰਧਾਵਾ, ਤ੍ਰਿਪਤ ਬਾਜਵਾ, ਅਰੂਣਾ ਚੋਧਰੀ ਅਤੇ ਪਾਹੜਾ ਕਾਂਗਰਸ ਦਾ ਕੁਣਬਾ ਬਚਾਉਣ ਵਿੱਚ ਹੋਏ ਸਫਲ , ਕਾਂਗਰਸ ਅੰਦਰ ਵੱਧਿਆ ਕੱਦ
ਬਟਾਲਾ ਅਤੇ ਸ੍ਰੀ ਹਰਗੋਬਿੰਦਪੁਰ ਨੂੰ ਛੱਡ ਹਲਕੇ ਦੀਆਂ ਪੰਜ ਸੀਟਾਂ ‘ਤੇ ਕਾਂਗਰਸੀ ਉਮੀਦਵਾਰਾਂ ਦਾ ਕਬਜ਼ਾ, ਚੌਥੇ ਨੰਬਰ ਤੇ ਰਹੀ ਭਾਜਪਾ
ਗੁਰਦਾਸਪੁਰ, 10 ਮਾਰਚ (ਮੰਨਣ ਸੈਣੀ) । ਪੰਜਾਬ ਵਿੱਚ ਜਿੱਥੇ ਆਮ ਆਦਮੀ ਪਾਰਟੀ ਦੀ ਹਨੇਰੀ ਨੇ ਸਾਰੀਆਂ ਪਾਰਟੀਆਂ ਦੇ ਵੱਡੇ ਆਗੂਆਂ ਨੂੰ ਕਰਾਰੀ ਸ਼ਿਕਸਤ ਦੇਣ ਵਿੱਚ ਸਫਲ ਹੋਈ ਹੈ ਪਰ ਉਥੇ ਹੀ ‘ਆਪ’ ਦੀ ਇਸ ਹਨੇਰੀ ਵਿੱਚ ਵੀ ਜ਼ਿਲ੍ਹਾ ਗੁਰਦਾਸਪੁਰ ਦੇ ਦਿੱਗਜ ਕਾਂਗਰਸੀ ਆਗੂ ਆਪਣੀ ਬਾਦਸ਼ਾਹਤ ਬਰਕਰਾਰ ਰੱਖਣ ਵਿੱਚ ਕਾਮਯਾਬ ਰਹੇ ਹਨ। ਇੱਕ ਪਾਸੇ ਜਿੱਥੇ ਆਪ ਦੀ ਸੁਨਾਮੀ ਨੇ ਕਾਂਗਰਸ, ਅਕਾਲੀ ਦਲ ਦੇ ਮੁੱਖ ਮੰਤਰੀ ਦੇ ਉਮੀਦਵਾਰ ਜਿਸ ਵਿੱਚ ਚਰਨਜੀਤ ਸਿੰਘ ਚੰਨੀ, ਸੁਖਬੀਰ ਸਿੰਘ ਬਾਦਲ ਅਤੇ ਪ੍ਰਧਾਨ ਜਿਸ ਵਿੱਚ ਨਵਜੋਤ ਸਿੰਘ ਸਿੱਧੂ ਤੱਕ ਦੇ ਪਰਖੱਚੇ ਉੜਾ ਦਿੱਤੇ ਉੱਥੇ ਹੀ ਜ਼ਿਲੇ ਦੇ ਕਾਂਗਰਸੀ ਆਗੂਆਂ ਵੱਲੋ ‘ਆਪ’ ਦੇ ਵਿਜੇ ਰੱਥ ਨੂੰ ਰੋਕਣ ਵਿੱਚ ਕਾਮਯਾਬ ਰਹ ਕੇ ਕਾਂਗਰਸ ਦੀਆਂ ਜੜਾਂ ਬਚਾਉਣ ਵਿੱਚ ਸਫਲ ਰਹੇ। ਜ਼ਿਲ੍ਹੇ ਦਾ ਇਕ ਸੰਸਦ ਮੈਂਬਰ, ਇੱਕ ਉਪ ਮੁੱਖ ਮੰਤਰੀ, ਦੋ ਮੰਤਰੀ ਅਤੇ ਇੱਕ ਵਿਧਾਇਕ ਨੇ ਪੰਜਾਬ ਅੰਦਰ ਆਪ ਦੀ ਵੱਗੀ ਰਹੀ ਹਨੇਰੀ ਵਿੱਚ ਵੀ ਆਪਣਾ ਕੁਣਬਾ ਬਚਾਉਣ ਵਿੱਚ ਸਫਲਤਾ ਹਾਸਿਲ ਕਰ ਲੋਕਾਂ ਅਤੇ ਪਾਰਟੀ ਵਿੱਚ ਆਪਣਾ ਕੱਦ ਉੱਚਾ ਕੀਤਾ ਹੈ। ਇਸ ਜ਼ਿਲ੍ਹੇ ਵਿੱਚ ਸਿਰਫ਼ ਬਟਾਲਾ ਹਲਕੇ ਅਤੇ ਸ੍ਰੀ ਹਰਗੋਬਿੰਦਪੁਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ, ਜਿਸ ਵਿੱਚ ਦੋਵੇ ਹਲਕੇ ਤੋਂ ਕਾਂਗਰਸੀ ਉਮੀਦਵਾਰ ਬੁਰੀ ਤਰਾਂ ਪਸਤ ਪਾਏ ਗਏ ਹਨ।
ਆਮ ਆਦਮੀ ਪਾਰਟੀ ਦੇ ਤੂਫ਼ਾਨ ਨੂੰ ਰੋਕਣ ਵਾਲਿਆਂ ਵਿੱਚ ਰਾਜ ਸਭਾ ਮੈਂਬਰ ਅਤੇ ਪੰਜਾਬ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਹਲਕਾ ਕਾਦੀਆਂ, ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਹਲਕਾ ਡੇਰਾ ਬਾਬਾ ਨਾਨਕ, ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋ ਹਲਕਾ ਫਤਿਹਗੜ੍ਹ ਚੂੜੀਆਂ, ਹਲਕਾ ਦੀਨਾਨਗਰ ਤੋਂ ਮੰਤਰੀ ਅਰੁਣਾ ਚੌਧਰੀ ਅਤੇ ਗੁਰਦਾਸਪੁਰ ਤੋਂ ਲਗਾਤਾਰ ਦੂਜੀ ਵਾਰ ਜਿੱਤਣ ਵਾਲੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਸ਼ਾਮਲ ਹਨ। ਰੰਧਾਵਾ , ਚੌਧਰੀ ਅਤੇ ਤ੍ਰਿਪਤ ਬਾਜਵਾ ਤਿੰਨੇ ਐਸੇ ਲੀਡਰ ਹਨ ਜਿਹਨਾਂ ਵੱਲੋ ਹੈਟ੍ਰਿਕ ਲਗਾਈ ਗਈ ਹੈ।
ਉਂਜ ਦੀਨਾਨਗਰ ਹਲਕੇ ਨੂੰ ਛੱਡ ਕੇ ਇੱਥੇ ਕਾਂਗਰਸ ਦੇ ਸਾਰੇ ਦਿੱਗਜ ਆਮ ਆਦਮੀ ਪਾਰਟੀ ਨਾਲ ਨਹੀਂ ਸਗੋਂ ਅਕਾਲੀ ਦਲ ਨਾਲ ਲੜੇ ਅਤੇ ਸਾਰੀਆਂ ਸੀਟਾਂ ’ਤੇ ਅਕਾਲੀ ਦਲ ਦੇ ਉਮੀਦਵਾਰਾਂ ਵੱਲੋਂ ਵੀ ਚੰਗਾ ਪ੍ਰਦਰਸ਼ਨ ਕੀਤਾ ਗਿਆ ਪਰ ਉਹਨਾਂ ਨੂੰ ਜਿੱਤ ਨਸੀਬ ਨ ਹੋਈ। ਜ਼ਿਲ੍ਹਾ ਗੁਰਦਾਸਪੁਰ ਦੀ ਇਹ ਉਹੀ ਬ੍ਰਿਗੇਡ ਹੈ, ਜਿਸ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਨਾਲ ਕਾਫੀ ਮਤਭੇਦ ਸਨ ਅਤੇ ਕੁਝ ਆਗੂਆ ਦੀ ਸਿਆਸਤ ਕਾਰਨ ਕੈਪਟਨ ਨੂੰ ਕੁਰਸੀ ਛੱਡਣੀ ਪਈ ਸੀ।
ਜ਼ਿਲੇ ਦੀ ਇਸ ਲੜਾਈ ਵਿੱਚ ਅਕਾਲੀ ਜਿਆਦਾਤਰ ਦੂਜੇ ਅਤੇ ਆਪ ਤੀਜੇ ਥਾਂ ਤੇ ਰਹੀ। ਜਿੱਥੇ ਅਕਾਲੀ ਦਲ ਵੱਲੋਂ ਪੂਰੇ ਜੋਸ਼ ਨਾਲ ਲੜਾਈ ਲੜੀ ਗਈ ਉੱਥੇ ਹੀ ਆਪ ਨੇ ਦੀਨਾਨਗਰ ਛੱਡ ਬਾਕੀ ਪੰਜਾ ਸੀਟਾਂ ਤੋਂ ਤੀਜਾ ਥਾਂ ਹੀ ਹਾਸਿਲ ਕੀਤਾ। ਜਦੋਂਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਭਾਜਪਾ ਅਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਕੁਝ ਖਾਸ ਨਹੀਂ ਕਰ ਸਕੀਆਂ ਅਤੇ ਜ਼ਿਆਦਾਤਰ ਉਨ੍ਹਾਂ ਨੂੰ ਚੌਥਾ ਸਥਾਨ ਮਿਲਿਆ ਅਤੇ ਭਾਜਪਾ ਦਾ ਗ੍ਰਾਫ ਕਾਫੀ ਹੱਦ ਤੱਕ ਡਿੱਗ ਗਿਆ। ਭਾਜਪਾ ਦੇ ਗ੍ਰਾਫ ਦੇ ਡਿੱਗਣ ਦਾ ਸਭ ਤੋਂ ਵੱਡਾ ਕਾਰਨ ਸੰਸਦ ਮੈਂਬਰ ਸੰਨੀ ਦਿਓਲ ਦੀ ਗੈਰਹਾਜ਼ਰੀ ਅਤੇ ਭਾਜਪਾ ਵੱਲੋਂ ਗੁਰਦਾਸਪੁਰ ਜਿਲੇ ਅੰਦਰ ਕੋਈ ਠੋਕ ਨੇਤਾ ਨਾ ਹੋਣਾ ਮੰਨਿਆ ਜਾ ਰਿਹਾ ਹੈ।