ਸੂਬੇ ਵਿਚ ਜਿੱਤ ਲਈ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਦਿੱਤੀ ਵਧਾਈ
ਬਟਾਲਾ, 10 ਮਾਰਚ (ਮੰਨਣ ਸੈਣੀ): ਹਲਕਾ ਫਤਹਿਗੜ੍ਹ ਚੂੜੀਆਂ ਤੋਂ ਲਗਾਤਾਰ ਤੀਜੀ ਵਾਰੀ ਜਿੱਤ ਹਾਸਲ ਕਰਨ ਵਾਲੇ ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਹਲਕੇ ਦੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਲੋਕਾਂ ਵਲੋਂ ਉਹਨਾਂ ਵਿਚ ਪ੍ਰਗਟਾਏ ਗਏ ਵਿਸ਼ਵਾਸ਼ ਉੱਤੇ ਪੂਰਾ ਉਤਰਨਗੇ।ਉਹਨਾਂ ਇਸ ਗੱਲ ਉੱਤੇ ਖ਼ੁਸ਼ੀ ਪ੍ਰਗਟਾਈ ਹੈ ਕਿ ਲੋਕਾਂ ਨੇ ਉਹਨਾਂ ਵਲੋਂ ਇਲਾਕੇ ਵਿਚ ਬਿਨਾਂ ਭੇਦ ਭਾਵ ਤੋਂ ਕਰਵਾਏ ਗਏ ਇਕਸਾਰ ਵਿਕਾਸ ਨੂੰ ਪ੍ਰਵਾਨ ਕੀਤਾ ਹੈ।ਉਹਨਾਂ ਕਿਹਾ ਕਿ ਇਸ ਚੋਣ ਨਤੀਜੇ ਨੇ ਸਿੱਧ ਕਰ ਦਿੱਤਾ ਹੈ ਕਿ ਲੋਕ ਕੀਤੇ ਗਏ ਕੰਮ ਦੀ ਕਦਰ ਪਾਉਂਦੇ ਹਨ।
ਸ਼੍ਰੀ ਬਾਜਵਾ ਨੇ ਕਿਹਾ ਹੈ ਕਿ ਉਹ ਹਲਕਾ ਫਤਹਿਗੜ੍ਹ ਚੂੜੀਆਂ ਦੇ ਵਿਕਾਸ ਲਈ ਲਗਾਤਾਰ ਯਤਨਸ਼ੀਲ ਰਹਿਣਗੇ ਅਤੇ ਚੱਲ ਰਹੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਅਧਾਰ ਉੱਤੇ ਪੂਰੇ ਕਰਾੳੇੁਣਗੇ।ਉਹਨਾਂ ਕਿਹਾ ਕਿ ਉਹ ਹਲਕੇ ਦੇ ਲੋਕਾਂ ਦੇ ਰਿਣੀ ਹਨ ਅਤੇ ਹਮੇਸ਼ਾ ਉਹਨਾਂ ਦੀ ਸੇਵਾ ਵਿਚ ਹਾਜ਼ਰ ਰਹਿਣਗੇ।ਸ਼੍ਰੀ ਬਾਜਵਾ ਨੇ ਕਾਂਗਰਸ ਪਾਰਟੀ ਦੇ ਸਾਰੇ ਆਗੂਆਂ ਅਤੇ ਵਰਕਰਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਉਹਨਾਂ ਦੀ ਜਿੱਤ ਲਈ ਦਿਨ ਰਾਤ ਮਿਹਨਤ ਕੀਤੀ ਸੀ।ਉਹਨਾਂ ਕਿਹਾ ਕਿ ਇਹ ਜਿੱਤ ਉਹਨਾਂ ਦੀ ਨਹੀਂ ਸਗੋਂ ਕਾਂਗਰਸ ਪਾਰਟੀ ਦੇ ਹਰ ਵਰਕਰ ਦੀ ਜਿੱਤ ਹੈ।
ਕਾਂਗਰਸੀ ਆਗੂ ਨੇ ਇਸ ਗੱਲ ਉੱਤੇ ਵੀ ਤਸੱਲੀ ਪ੍ਰਗਟਾਈ ਕਿ ਹਲਕੇ ਵਿਚ ਚੱਲੀ ਚੋਣ ਮੁਹਿੰਮ ਦੌਰਾਨ ਸਾਰੇ ਹੀ ਉਮੀਦਵਾਰਾਂ ਨੇ ਇੱਕ ਦੂਜੇ ਉੱਤੇ ਚਿੱਕੜ ਉਛਾਲੀ ਨਹੀਂ ਕੀਤੀ ਸਗੋਂ ਸਾਫ ਸੁਥਰੇ ਢੰਗ ਨਾਲ ਚੋਣ ਲੜੀ।ਉਹਨਾਂ ਇਸ ਲਈ ਆਪਣੇ ਦੋਵੇਂ ਹੀ ਪ੍ਰਮੁੱਖ ਵਿਰੋਧੀ ਉਮੀਦਵਾਰਾਂ ਦਾ ਧੰਨਵਾਦ ਵੀ ਕੀਤਾ।
ਸ਼੍ਰੀ ਬਾਜਵਾ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੂੰ ਸੂਬੇ ਵਿਚ ਹੋਈ ਜ਼ਬਰਦਸਤ ਜਿੱਤ ਲਈ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਉਹ ਲੋਕਾਂ ਨਾਲ ਕੀਤੇ ਵਾਅਦਿਆਂ ਉੱਤੇ ਅਮਲ ਕਰਨਗੇ।