ਹੋਰ ਗੁਰਦਾਸਪੁਰ ਪੰਜਾਬ ਮੁੱਖ ਖ਼ਬਰ ਰਾਜਨੀਤੀ

ਦਿਵਿਆਂਗ, ਬਜ਼ੁਰਗ ਅਤੇ ਪਹਿਲੇ ਵੋਟਰਾਂ ਨੇ ਚੋਣਾਂ ਲਈ ਦਿਖਾਇਆ ਭਾਰੀ ਉਤਸ਼ਾਹ

ਦਿਵਿਆਂਗ, ਬਜ਼ੁਰਗ ਅਤੇ ਪਹਿਲੇ ਵੋਟਰਾਂ ਨੇ ਚੋਣਾਂ ਲਈ ਦਿਖਾਇਆ ਭਾਰੀ ਉਤਸ਼ਾਹ
  • PublishedFebruary 20, 2022

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤੇ ਪ੍ਰਬੰਧਾਂ ਦੀ ਭਰਵੀਂ ਸਰਾਹਨਾ

ਗੁਰਦਾਸਪੁਰ, 20 ਫਰਵਰੀ ( ਮੰਨਣ ਸੈਣੀ ) । ਵਿਧਾਨ ਸਭਾ ਚੋਣਾਂ ਵਿਚ ਜ਼ਿਲਾ ਗੁਰਦਾਸਪੁਰ ਦੇ ਵਾਸੀਆਂ ਨੇ ਵੋਟ ਪਾਉਣ ਵਿਚ ਪੂਰਾ ਉਤਸ਼ਾਹ ਦਿਖਾਇਆ ਤੇ ਖਾਸਕਰਕੇ ਨੋਜਵਾਨ,  ਜਿਨਾਂ ਵਲੋਂ ਪਹਿਲੀ ਵਾਰ ਆਪਣੀ ਵੋਟ ਪਾਈ ਗਈ, ਪੂਰੇ ਚਾਅ ਤੇ ਉਤਸ਼ਾਹ ਵਿਚ ਵੇਖੇ ਗਏ। ਇਸੇ ਤਰ੍ਹਾਂ ਦਿਵਿਆਂਗ ਤੇ ਬਜ਼ੁਰਗਾਂ ਵੋਟਰਾਂ ਵਲੋਂ ਵੀ ਆਪਣੀ ਵੋਟ ਦੇ ਹੱਕ ਦੀ ਵੱਧ ਚੜ੍ਹ ਕੇ ਵਰਤੋਂ ਕੀਤੀ ਗਈ।

ਇਸ ਮੌਕੇ ਜ਼ਿਲਾ ਵਾਸੀਆਂ ਨੇ ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ ਪ੍ਰਸ਼ਾਸਨ ਵਲੋਂ ਪੋਲਿੰਗ ਬੂਥਾਂ ਵਿਚ ਕੀਤੇ ਗਏ ਸਮੁੱਚੇ ਪ੍ਰਬੰਧਾਂ ਦੀ ਸਰਹਾਨਾ ਕਰਦਿਆਂ ਕਿਹਾ ਕਿ ਪੋਲਿੰਗ ਬੂਥਾਂ ਵਿਚ ਬਹੁਤ ਵਧੀਆਂ ਪ੍ਰਬੰਧ ਸਨ ਅਤੇ ਵੋਟਰਾਂ ਨੇ ਪੂਰੇ ਉਤਸ਼ਾਹ ਨਾਲ ਵੋਟਾਂ ਪਾਈਆਂ।

ਜਿਲਾ ਪ੍ਰਸ਼ਾਸਨ ਵਲੋਂ ਸਾਰੇ ਪੋੋਲਿੰਗ ਸਟੇਸ਼ਨਾਂ ਵਿਚ ਵੋਟਰਾਂ ਲਈ ਵਿਸ਼ੇਸ ਪ੍ਰਬੰਧ ਕੀਤੇ ਗਏ ਸਨ । ਪ੍ਰਸ਼ਾਸਨ ਵਲੋਂ 145 ਮਾਡਲ ਪੋਲਿੰਗ ਸਟੇਸ਼ਨ ਬਣਾਏ ਗਏ ਸਨ, ਜਿਥੇ ਰੈੱਡ ਕਾਰਪਟ, ਟੈਂਟ, ਫੁੱਲ ਤੇ ਸਜਾਵਟ ਆਦਿ ਕੀਤੀ ਗਈ ਹੈ। ਇਸ ਤੋਂ ਇਲਾਵਾ ਹਰੇਕ ਵਿਧਾਨ ਸਭਾ ਹਲਕੇ ਵਿਚ 01-01 ਪੋਲਿੰਗ ਸਟੇਸ਼ਨ (ਯੈਲੋ ਬੂਥ), ਜਿਸ ਵਿਚ ਸਾਰਾ ਸਟਾਫ ਦਿਵਿਆਂਗ ਹਨ ਅਤੇ ਹਰੇਕ ਵਿਧਾਨ ਸਭਾ ਹਲਕੇ ਵਿਚ 2-2 ਪੋਲਿੰਗ ਸਟੇਸ਼ਨ (ਪਿੰਕ ਬੂਥ), ਜਿਥੇ ਸਾਰਾ ਪੋਲਿੰਗ ਸਟਾਫ ਔਰਤਾਂ ਸਨ। ਦਿਵਿਆਂਗਾਂ ਦੀ ਸਹਾਇਤਾ ਲਈ ਵੀਲ੍ਹ ਚੇਅਰ ਤੇ ਬਜੁਰਗਾਂ ਲਈ ਵਾਲੰਟੀਅਰ ਤਾਇਨਾਤ ਕੀਤੇ ਗਏ ਸਨ ਤਾਂ ਜੋ ਉਨਾਂ ਨੂੰ ਵੋਟ ਪਾਉਣ ਦੌਰਾਨ ਕੋਈ ਮੁਸ਼ਕਿਲ ਨਾ ਆਵੇ।

 ਜ਼ਿਲ੍ਹਾ ਪ੍ਰਸ਼ਾਸਨ ਨੇ ਇਥੋ ਤਕ ਪ੍ਰਬੰਧ ਕੀਤੇ ਗਏ ਸਨ ਕਿ ਮਹਿਲਾ ਵੋਟਰਾਂ ਦੇ ਛੋਟੇ ਬੱਚਿਆਂ ਦੀ ਸੰਭਾਲ ਲਈ ਆਂਗਣਵਾੜੀ ਵਰਕਰ ਤਾਇਨਾਤ ਕੀਤੇ ਗਏ ਸਨ। ਉਪਰੋਕਤ ਕੀਤੇ ਪ੍ਰਬੰਧਾਂ ਤੋਂ ਔਰਤਾਂ ਬਹੁਤ ਪ੍ਰਭਾਵਿਤ ਤੇ ਖੁਸ਼ ਹੋਈਆਂ ਕਿ ਪ੍ਰਸ਼ਾਸਨ ਦਾ ਉਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਜ਼ਿਲ੍ਹਾ ਪ੍ਰਸ਼ਾਸਨ ਦੀ ਪੂਰੀ ਕੋਸ਼ਿਸ ਰਹੀ ਕਿ ਕੋਈ ਵੀ ਵੋਟਰ ਆਪਣੀ ਵੋਟ ਪਾਉਣ ਤੋਂ ਵਾਝਾਂ ਨਾ ਰਹੇ।

 ਇਸ ਤੋਂ ਇਲਾਵਾ ਸੈਲਫੀ ਪੁਆਇੰਟ ਤੇ ‘ਸ਼ੇਰਾ ’ ਵਿਸ਼ੇਸ ਖਿੱਚ ਦਾ ਕੇਂਦਰ ਰਹੇ ਤੇ ਪਹਿਲੀ ਵਾਰ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਵਾਲੇ ਯੁਵਕਾਂ ਨੂੰ ਸਨਮਾਨਤ ਵੀ ਕੀਤਾ ਗਿਆ।

 ਜ਼ਿਲਾ ਪ੍ਰਸ਼ਾਸਨ ਵਲੋਂ ਕੋਵਿਡ ਮਹਾਂਮਾਰੀ ਨੂੰ ਧਿਆਨ ਵਿਚ ਰੱਖਦਿਆਂ ਵਿਸ਼ੇਸ ਪ੍ਰਬੰਧ ਸਨ। ਵੋਟਰਾਂ ਨੂੰ ਲਾਈਨ ਵਿਚ ਖੜ੍ਹਾ ਕਰਨ ਲਈ ਲਈ ਗੋਲ ਸਰਕਲ ਬਣਾਏ ਗਏ ਸਨ। ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਸਰੀਰਕ ਤਾਪਮਾਨ, ਮਾਸਕ ਤੇ ਹੱਥਾਂ ਨੂੰ ਸੈਨੀਟਾਇਜੇਸ਼ਨ ਆਦਿ ਦੇ ਖਾਸ ਇੰਤਜ਼ਾਮ ਕਰਨ ਤੋੋਂ ਇਲਾਵਾ ਕੋਵਿਡ ਪੀੜਤ ਵੋਟਰਾਂ ਲਈ ਵੋਟ ਪਾਉਣ ਦੇ ਪ੍ਰਬੰਧ ਕੀਤੇ ਗਏ ਸਨ।

ਪਹਿਲੀ ਵਾਰ ਵੋਟ ਪਾਉਣ ਆਈ ਨਿਤਿਕਾ ਨੇ ਦੱਸਿਆ ਕਿ ਉਹ ਪਹਿਲੀ ਵਾਰ ਵੋਟ ਪਾਉਣ ਲਈ ਬਹੁਤ ਉਤਸ਼ਾਹਿਤ ਸੀ। ਅੱਜ ਉਸ ਨੂੰ ਆਪਣੇ ਹੱਕ ਦੀ ਵਰਤੋਂ ਕਰਨ ਦਾ ਮੌਕਾ ਮਿਲਿਆ ਹੈ। ਉਸ ਨੇ ਦੱਸਿਆ ਕਿ ਉਹ ਸੱਤਾ ਵਿੱਚ ਅਜਿਹੀ ਸਰਕਾਰ ਚਾਹੁੰਦੀ ਹੈ ਜੋ ਬੱਚਿਆਂ ਦੇ ਭਵਿੱਖ ਦੀ ਚਿੰਤਾ ਕਰੇ ਅਤੇ ਸਿੱਖਿਆ ਲਈ ਯੋਗ ਕਦਮ ਚੁੱਕ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਆਉਣ ਵਾਲੀ ਸਰਕਾਰ ਲੋਕ ਹਿੱਤ ਵਿੱਚ ਫੈਸਲੇ ਲਵੇਗੀ।

Written By
The Punjab Wire