ਗੁਰਦਾਸਪੁਰ, 14 ਫਰਵਰੀ (ਮੰਨਣ ਸੈਣੀ)। ਪਾਰਟੀ ਧਰਮ ਨਿਭਾਈਏ ਯਾ ਨਿਭਾਈਏ ਯਾਰੀਆਂ ਦੱਬੀ ਜੁਬਾਣ ਵਿੱਚ ਇਹ ਕਹਿਣਾ ਹੈ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਅਤੇ ਖਾਸ ਕਰ ਕਾਡਰ ਦਾ ਜਿਸ ਦਾ ਲੋਕ ਸਭਾ ਹਲਕੇ ਅੰਦਰ ਇੱਕ ਵੱਡਾ ਹਿੱਸਾ ਹੈ। ਉਹਨਾਂ ਲਈ ਇਸ ਮੌਕੇ ਵੱਡਾ ਧਰਮ ਸੰਕਟ ਹੈ ਅਤੇ ਉਸੇ ਨੂੰ ਲੈ ਕੇ ਉਹ ਕਾਫੀ ਦੁਚਿੱਤੀ ਵਿੱਚ ਦਿੱਖ ਰਹੇ ਹਨ। ਵਿਧਾਨ ਸਭਾ 2022 ਦੀਆਂ ਚੋਣਾਂ ਸਿਰ ਤੇ ਹਨ, ਪਰ ਲੋਕ ਸਭਾ ਹਲਕਾ ਗੁਰਦਾਸਪੁਰ ਅੰਦਰ ਵਰਕਰ ਹਾਲੇ ਵੀ ਇਹ ਤਹਿ ਨਹੀਂ ਕਰ ਪਾਇਆ ਕੀ ਸਾਥ ਕਿਸ ਦਾ ਦੇਣਾ ਹੈ। ਇਸੇ ਕਾਡਰ ਨੇ ਕਈ ਹਲਕਿਆਂ ਵਿੱਚ ਜਿੱਤ ਹਾਰ ਦਾ ਅਹਿਮ ਫੈਸਲਾ ਕਰਨਾ ਹੈ। ਉਹਨਾਂ ਲਈ ਇਹ ਸੋਚਣਾ ਲਾਜਮੀ ਹੋ ਗਿਆ ਹੈ ਕਿ ਉਹ ਉਹਨਾਂ ਆਗੁਆ ਦੇ ਨਾਲ ਚੱਲਣ ਜਿਹਨਾਂ ਨੇ ਹਮੇਸ਼ਾ ਉਹਨਾਂ ਦੀ ਬਾਹ ਫੜੀ, ਉਹਨਾਂ ਲਈ ਵੋਟਾਂ ਮੰਗਿਆ ਅਤੇ ਹਰ ਔਖੇ ਭਾਰੇ ਸਮੇਂ ਵਿੱਚ ਉਹਨਾਂ ਦਾ ਸਾਥ ਦਿੱਤਾ ਯਾਂ ਪਾਰਟੀ ਦਾ ਝੰਡਾ ਫੜ ਵਫਾਦਾਰੀ ਨਿਭਾ ਪਾਰਟੀ ਦਾ ਝੰਡਾ ਬੁੰਲਦ ਕਰਨਾ ਹੈ। ਕਿਉਂਕਿ ਭਾਜਪਾ ਕਈ ਹਲਕਿਆਂ ਤੋਂ ਕਾਫੀ ਸਮੇਂ ਬਾਅਦ ਆਪਣੇ ਨਿਸ਼ਾਨ ਤੇ ਮੈਦਾਨ ਵਿੱਚ ਉੱਤਰੀ ਹੈ ਅਤੇ ਇਸ ਵਾਰ ਉਹਨਾਂ ਲਈ ਆਪਣੀ ਹੋਂਦ ਦੀ ਲੜਾਈ ਹੈ। ਉਹਨਾਂ ਨੂੰ ਇਹ ਪਤਾ ਹੈ ਕਿ ਇਸ ਵਾਰ ਅਗਰ ਵੋਟਾਂ ਵਿੱਚ ਬਰਕਤ ਨਾ ਲਿਆ ਪਾਏ ਤਾਂ ਆਉਣ ਵਾਲੇ ਸਮੇਂ ਵਿੱਚ ਉਹਨਾਂ ਲਈ ਵੀ ਮੁਸੀਬਤ ਹੋ ਸਕਦੀ ਹੈ।
ਕਿਉਂਕਿ ਹਲਕੇ ਦੇ ਸੰਸਦ ਨੇ ਪਾਰਟੀ ਪ੍ਰਤੀ ਇੱਕ ਪਿਉ ਵਾਂਗ ਵਰਕਰਾਂ ਅੰਦਰ ਆਪਣੀ ਭੂਮਿਕਾ ਨਿਭਾਉਣੀ ਹੁੰਦੀ ਹੈ ਅਤੇ ਵਰਕਰਾਂ ਦੇ ਮੋਡੇ ਦੇ ਨਾਲ ਮੋਡਾ ਮਿਲਾ ਕੇ ਇਸ ਔਖੇ ਸਮੇਂ ਵਿੱਚ ਸਾਥ ਦੇਣਾ ਹੁੰਦਾ ਹੈ। ਪਰ ਇਹ ਸਾਥ ਸੰਸਦ ਸੰਨੀ ਦਿਓਲ ਵੱਲੋਂ ਉਹਨਾਂ ਨੂੰ ਨਾ ਮਿਲਣ ਕਾਰਣ ਉਹ ਆਪ ਨੂੰ ਯਤੀਮ ਦੀ ਭਾਂਤ ਮਹਿਸੂਸ ਕਰ ਰਹੇ ਹਨ ਅਤੇ ਅੰਦਰ ਹੀ ਅੰਦਰ ਰੋਸ਼ ਨਾਲ ਭਰੇ ਹਨ। ਕਿਉਕਿ ਉਹਨਾਂ ਨੇ ਸੰਨੀ ਦਿਓਲ ਲਈ ਦਿਨ ਰਾਤ ਇਕ ਕੀਤਾ ਸੀ ਅਤੇ ਸੰਨੀ ਦਿਓਲ ਦੀ ਲੜਾਈ ਆਪ ਅੱਗੇ ਹੋ ਕੇ ਆਪਣਾ ਆਪ ਗੁਆ ਕੇ ਆਪਣੇ ਹਲਕਿਆਂ ਤੋਂ ਲੜੀ ਸੀ। ਲੋਕਸਭਾ ਹਲਕਾ ਗੁਰਦਾਸਪੁਰ ਤੋਂ ਸੰਸਦ ਸਨੀ ਦਿਓਲ ਦੀ ਗੈਰ ਮੌਜੂਦਗੀ ਨਾਲ ਉਹਨਾਂ ਤੇ ਵੱਡੇ ਕਾਡਰ ਤੇ ਕਾਫੀ ਫਰਕ ਪਿਆ ਹੈ ਅਤੇ ਵਕਾਰ ਨੂੰ ਵੀ ਕਾਫੀ ਠੇਸ ਪਹੁੰਚੀ ਹੈ। ਇਹੀ ਕਾਰਨ ਹੀ ਕਿ ਬੇਸ਼ਕ ਉਹਨਾਂ ਵਿੱਚ ਪਾਰਟੀ ਪ੍ਰਤੀ ਵਫ਼ਾਦਾਰੀ ਦਾ ਜਜਬਾਂ ਹਾਲੇ ਵੀ ਕਾਇਮ ਹੈ ਪਰ ਉਹ 2019 ਵਿੱਚ ਉਹਨਾਂ ਲਈ ਵੋਟ ਮੰਗਣ ਵਾਲੇ ਹਮਸਾਥੀ ਨੂੰ ਵੀ ਭੁੱਲ ਨਹੀਂ ਪਾ ਰਹੇ ਅਤੇ ਨਾਂ ਹੀ ਇਸ ਵਾਰ ਹਿੰਦੂ ਚੇਹਰਿਆਂ ਨੂੰ ਨਜਰ ਅੰਦਾਜ ਕਰ ਰਹੇ ।
ਗੱਲ ਅਗਰ ਗੁਰਦਾਸਪੁਰ ਅਤੇ ਬਟਾਲਾ ਦੀ ਕਰਿਏ ਤਾਂ ਇਹਨਾਂ ਹਲਕਿਆਂ ਤੋਂ ਹਮੇਸ਼ਾ ਭਾਜਪਾਈ ਹਿੰਦੂ ਚੇਹਰੇ ਦੀ ਮੰਗ ਕਰਦੇ ਰਹੇ ਹਨ। ਪਰ ਪਾਰਟੀ ਵੱਲੋਂ ਇਹਨਾਂ ਸੀਟਾਂ ਤੋਂ ਹਿੰਦੂ ਚੇਹਰੇ ਨਾਂ ਦੇ ਕੇ ਸਿੱਖ ਚੇਹਰੇ ਉਮੀਦਵਾਰ ਵਜ਼ੋ ਉਤਾਰ ਦਿੱਤੇ ਗਏ ਹਨ। ਜਿਨਾਂ ਦਾ ਨਾ ਤਾ ਭਾਜਪਾ ਨਾਲ ਪਹਿਲਾਂ ਕੋਈ ਸੰਬੰਧ ਨਹੀਂ ਰਿਹਾ ਅਤੇ ਨਾ ਹੀ ਆਰਐਸਐਸ ਨਾਲ ਅਤੇ ਦੋਨੋਂ ਉਮੀਦਵਾਰ ਕਾਂਗਰਸ ਨਾਲ ਜੁੜੇ ਰਹੇ ਹਨ। ਆਰ ਐਸ ਐਸ ਵੀ ਇਹਨਾਂ ਚੇਹਰਿਆਂ ਨੂੰ ਖਾਸ ਕਰ ਪੰਸੰਦ ਨਹੀਂ ਕਰ ਰਹਿ ਅਤੇ ਇਸ ਵਾਰ ਚੁੱਪੀ ਧਾਰ ਕੇ ਬੈਠਾ ਹੈ। ਆਰਐਸਐਸ ਜਿਸ ਦਾ ਭਾਜਪਾ ਦਾ ਕਾਡਰ ਖੜਾ ਕਰਨ ਵਿੱਚ ਵੱਡਾ ਯੋਗਦਾਨ ਰਿਹਾ ਹੈ ਅੱਜ ਉਮੀਦਵਾਰਾਂ ਨਾਲ ਠੀਕ ਉੰਜ ਵਰਤਾਵਾਂ ਕਰ ਰਿਹਾ ਜਿਵੇਂ ਚਿੱੜੀ ਦੇ ਬੱਚੇ ਨੂੰ ਘੋਸਲੇ ਤੋਂ ਸੁੱਟ ਦਿੱਤਾ ਜਾਵੇ ਕਿ ਉਹ ਆਪ ਉੜਣ ਵਿੱਚ ਮਹਾਰਤ ਹਾਸਿਲ ਕਰ ਲਵੇ, ਜਦਕਿ ਅਸਲਿਅਤ ਹੁੰਦੀ ਹੈ ਕਿ ਹਾਲੇ ਉਸ ਚਿੜੀ ਦੇ ਬੱਚੇ ਦੇ ਖੰਬ ਵੀ ਨਹੀਂ ਨਿਕਲੇ ਹੁੰਦੇ। ਵੈਸੇ ਬੱਚੇ (ਉਮੀਦਵਾਰ) ਜੋਂ ਕਿ ਸਭ ਜਾਣ ਤੇ ਚੁੱਪ ਬੈਠੇ ਹਨ ਵੀ ਇਸ ਵਾਰ ਆਪਣੇ ਦਮ ਤੇ ਲੜਣ ਦੀ ਗੱਲ ਕਰ ਰਹੇ ਹਨ।
ਬੇਸ਼ਕ ਪਾਰਟੀ ਵੱਲੋਂ ਖਾਸ ਹਿਦਾਇਤਾ ਆਉਣ ਕਾਰਣ ਭਾਜਪਾ ਦੇ ਵਰਕਰ ਅਸਿੱਧੇ ਰੂਪ ਵਿੱਚ ਭਾਜਪਾ ਉਮੀਦਵਾਰਾਂ ਦਾ ਸਾਥ ਦੇ ਰਹੇ ਹਨ ਪਰ ਇਹ ਕਹਿਣਾ ਸਹੀ ਨਾ ਹੋਵੇਗਾ ਕਿ ਉਹ ਪਾਰਟੀ ਉਮੀਦਵਾਰ ਦੇ ਹੱਕ ਵਿੱਚ ਵੋਟਾ ਭੁਗਤਾ ਦੇਣਗੇਂ। ਹਾਲਾਂਕਿ ਭਾਜਪਾ ਵੱਲੋਂ ਇਹ ਕਿਹਾ ਜਾ ਰਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਠਾਨਕੋਟ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਹੈ ਅਤੇ ਉਮੀਦ ਜਤਾਈ ਜਾ ਰਹੀ ਹੈ ਕਿ ਸੰਨੀ ਦਿਓਲ ਵੀ ਉਸ ਵਿੱਚ ਸ਼ਾਮਿਲ ਹੋਣਗੇ। ਹਾਲਾਕਿ ਸੰਨੀ ਦਿਓਲ ਸੰਬੰਧੀ ਪਹਿਲਾ ਹੀ ਕਈ ਖਬਰਾਂ ਵਿੱਚ ਆ ਚੁੱਕਾ ਕਿ ਉਹਨਾਂ ਦੀ ਤਬੀਅਤ ਠੀਕ ਨਹੀਂ ਹੈ, ਜਦਕਿ ਅਸਲਿਅਤ ਇਹ ਵੀ ਹੈ ਕਿ ਦਿਓਲ ਪਰਿਵਾਰ ਦਾ ਪੰਜਾਬ ਵਿੱਚ ਵਿਰੋਧ ਹੋਣ ਕਾਰਣ ਉਹ ਹਲਕੇ ਵਿੱਚ ਨਹੀਂ ਆ ਰਹੇ। ਪਰ ਕੋਰੋਨਾ ਵਿੱਚ ਸੰਨੀ ਦੀ ਹਲਕੇ ਪ੍ਰਤਿ ਗੈਰ ਹਾਜਿਰੀ ਅਤੇ ਹਲਕੇ ਦੀ ਸਾਰ ਨਾ ਲੈਣਾ ਕਾਫੀ ਕੁਝ ਬਿਆਨ ਕਰ ਰਿਹਾ।
ਭਾਜਪਾ ਦਾ ਇਹ ਵੀ ਕਹਿਣਾ ਕਿ ਰਾਜਨਾਥ ਸਮੇਤ ਕਈ ਵੱਡੇ ਲੀਡਰ ਵੱਖ ਵੱਖ ਹਲਕਿਆਂ ਵਿੱਚ ਉਮੀਦਵਰਾਂ ਦੇ ਚੋਣ ਪ੍ਰਚਾਰ ਲਈ ਆ ਰਹੇ ਹਨ। ਪਰ ਅਸਲਿਅਤ ਇਹ ਹੈ ਕਿ ਲੋਕ ਆਪਣੇ ਸੰਸਦ ਨੂੰ ਵੇਖਣਾ ਚਾਹੁੰਦੇ ਹਨ, ਉਹਨਾਂ ਨੂੰ ਸਵਾਲ ਪੁੱਛਣਾ ਚਾਹੁੰਦੇ ਹਨ ਕਿ ਜਨਾਬ ਕਿੱਥੇ ਹੋ। ਪਰ ਨਾ ਤਾਂ ਪ੍ਰਧਾਨ ਮੰਤਰੀ ਨੇ ਕੋਈ ਜਵਾਬ ਦੇਣਾ ਹੈ ਅਤੇ ਨਾਂ ਹੀ ਰਾਜਨਾਥ ਨੇ ਕੋਈ ਜਵਾਬ ਦਿੱਤਾ। ਇਸ ਕਾਰਣ ਸਵਾਲਾ ਦੇ ਜਵਾਬ ਮਿਲਦੇ ਨਾ ਵੇਖ ਉਹ ਇਸ ਵਾਰ ਯਾਰਿਆਂ ਨਿਭਾਉਣ ਦੀ ਵੀ ਗੱਲ ਕਰ ਰਹੇ ਹਨ। ਜਿਸ ਵਿੱਚ ਅਕਾਲੀ ਦੱਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ਾਮਿਲ ਹਨ।