ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਕਾਂਗਰਸ ਨੇ ਨਵਾਂ ਇਤਿਹਾਸ ਰਚਿਆ
ਫ਼ਤਹਿਗੜ੍ਹ ਚੂੜੀਆਂ (ਬਟਾਲਾ), 9 ਫਰਵਰੀ ( ਮੰਨਣ ਸੈਣੀ)। ਵਿਧਾਨ ਸਭਾ ਹਲਕਾ ਫ਼ਤਹਿਗੜ੍ਹ ਚੂੜੀਆਂ ਤੋਂ ਚੋਣ ਲੜ ਰਹੇ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਇਥੇ ਹਲਕੇ ਦੇ ਲੋਕਾਂ ਨੂੰ ਅਕਾਲੀ ਉਮੀਦਵਾਰ ਲਖਬੀਰ ਸਿੰਘ ਲੋਧੀਨੰਗਲ ਨੂੰ ਕਰਾਰੀ ਹਾਰ ਦੇਣ ਦਾ ਸੱਦਾ ਦਿੰਦਿਆਂ ਕਿਹਾ ਹੈ ਕਿ ਉਸ ਨੂੰ ਪਾਈ ਗਈ ਵੋਟ ਸੁਖਬੀਰ-ਮਜੀਠੀਏ ਦੀ ਜੋੜੀ ਨੂੰ ਤਾਕਤ ਦੇਵੇਗੀ ਜਿਨ੍ਹਾਂ ਦੇ ਰਾਜ ਵਿੱਚ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਨੂੰ ਗਲੀਆਂ ਵਿੱਚ ਰੋਲਿਆ ਗਿਆ, ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਵਿੱਚ ਗਲਤਾਨ ਕੀਤਾ ਗਿਆ ਅਤੇ ਸੂਬੇ ਵਿੱਚ ਹਰ ਤਰ੍ਹਾਂ ਦਾ ਮਾਫੀਆ ਪੈਦਾ ਕੀਤਾ ਗਿਆ ਸੀ।
ਤ੍ਰਿਪਤ ਬਾਜਵਾ ਨੇ ਅੱਜ ਹਲਕੇ ਦੇ ਪਿੰਡ ਨੰਗਲ, ਧੌਲਪੁਰ, ਅਕਰਪੁਰਾ, ਭਾਗੋਵਾਲ ਅਤੇ ਘਸੀਟਪੁਰ ਕਲਾਂ ਵਿਖੇ ਹੋਈਆਂ ਭਰਵੀਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਸੂਬੇ ਵਿੱਚ ਮੁੜ ਅਕਾਲੀ ਦਲ ਸੱਤਾ ਵਿੱਚ ਆਉਂਦਾ ਹੈ ਤਾਂ ਇਥੇ ਮੁੜ ਤੋਂ ਮਾਫੀਆ ਰਾਜ ਪੈਦਾ ਹੋਵੇਗਾ ਅਤੇ ਗਲੀ-ਗਲੀ ਵਿੱਚ ਨਸ਼ਾ ਵਿਕੇਗਾ। ਉਨ੍ਹਾਂ ਕਿਹਾ ਕਿ ਇਤਿਹਾਸ ਵਿੱਚ ਸਿਰਫ ਇੱਕ ਵਾਰੀ ਹੀ ਸ੍ਰੀ ਗੁਰੁ ਗ੍ਰੰਥ ਸਾਹਿਬ ਚੋਰੀ ਹੋਣ ਦੀ ਹਿਰਦੇਵੇਧਕ ਘਟਨਾ ਵਾਪਰੀ ਹੈ ਅਤੇ ਉਹ ਵੀ ਮੁਗਲਾਂ ਜਾਂ ਅੰਗਰੇਜ਼ਾਂ ਦੇ ਰਾਜ ਵਿੱਚ ਨਹੀਂ ਸਗੋਂ ਪੰਥਕ ਕਹਾਉਣ ਵਾਲੀ ਅਕਾਲੀ ਸਰਕਾਰ ਦੇ ਰਾਜ ਵਿੱਚ ਵਾਪਰੀ ਹੈ।
ਕੈਬਨਿਟ ਮੰਤਰੀ ਬਾਜਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਗਰੀਬੀ ’ਚੋਂ ਉੱਠੇ ਇੱਕ ਦਲਿਤ ਆਗੂ ਚਰਨਜੀਤ ਸਿੰਘ ਚੰਨੀ ਨੂੰ ਸੂਬੇ ਦਾ ਮੁੱਖ ਮੰਤਰੀ ਬਣਾ ਕੇ ਇੱਕ ਨਵਾਂ ਇਤਿਹਾਸ ਸਿਰਜਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਨੇ ਸਿਰਫ 111 ਦਿਨਾਂ ਦੇ ਥੋੜੇ ਜਿਹੇ ਸਮੇਂ ਵਿੱਚ ਉਹ ਕਾਰਜ ਕੀਤੇ ਹਨ ਜਿਹੜੇ ਅਕਾਲੀ 10 ਸਾਲਾਂ ਵਿੱਚ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਸਾਢੇ 4 ਸਾਲਾਂ ਵਿੱਚ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਬਿਜਲੀ ਦੇ ਰੇਟ ਅੱਧੇ ਕਰ ਦਿੱਤੇ ਗਏ, ਬਿਜਲੀ ਦੇ ਸਾਰੇ ਬਕਾਇਆ ਬਿੱਲ ਮੁਆਫ ਕੀਤੇ ਗਏ, ਪਿੰਡਾਂ ਦੀਆਂ ਪਾਣੀ ਵਾਲੀਆਂ ਟੈਂਕੀਆਂ ਦੇ ਬਿਜਲੀ ਦੇ ਬਿੱਲ ਮੁਆਫ਼ ਕੀਤੇ ਗਏ ਅਤੇ ਗਊਸ਼ਾਲਾਵਾਂ ਦੇ ਸਾਰੇ ਬਿਜਲੀ ਬਿੱਲ ਹੁਣ ਸਰਕਾਰ ਭਰਿਆ ਕਰੇਗੀ। ਇਸੇ ਤਰਾਂ ਹੀ ਪੈਟਰੋਲ 10 ਰੁਪਏ ਅਤੇ ਡੀਜ਼ਲ 5 ਰੁਪਏ ਸਸਤਾ ਕੀਤਾ ਗਿਆ।
ਬਾਜਵਾ ਨੇ ਹਲਕੇ ਦੇ ਵਿਕਾਸ ਲਈ ਕੀਤੇ ਗਏ ਕਾਰਜ ਯਾਦ ਕਰਾਉਂਦਿਆਂ ਕਿਹਾ ਕਿ ਹਲਕੇ ਵਿੱਚ ਪੱਕੀਆਂ ਸੜਕਾਂ ਦਾ ਜਾਲ ਬੁਣ ਦਿੱਤਾ ਗਿਆ ਹੈ, ਸਾਰੇ ਪੁੱਲ ਤੇ ਪੁਲੀਆਂ ਬਣਾ ਦਿੱਤੀਆਂ ਗਈਆਂ ਹਨ, ਸਾਰੇ ਸਕੂਲਾਂ ਦੀਆਂ ਇਮਾਰਤਾਂ ਨਵੀਂਆਂ ਬਣ ਗਈਆਂ ਹਨ, ਹਲਕੇ ਦੇ ਬਹੁਤੇ ਪਿੰਡਾਂ ਵਿੱਚ ਸਟੇਡੀਅਮ ਬਣਾਏ ਗਏ ਹਨ ਅਤੇ ਕਾਲਾ ਅਫ਼ਗਾਨਾ ਵਿਖੇ ਇੱਕ ਨਵਾਂ ਸਪੋਰਟਸ ਕਾਲਜ ਖੋਲ੍ਹਿਆ ਗਿਆ ਹੈ। ਸ. ਬਾਜਵਾ ਨੇ ਕਿਹਾ ਕਿ ਉਨ੍ਹਾਂ ਦੀ ਜਿੱਤ ਚਰਨਜੀਤ ਸਿੰਘ ਚੰਨੀ ਨੂੰ ਸੂਬੇ ਦਾ ਮੁੜ ਮੁੱਖ ਮੰਤਰੀ ਬਣਾਉਣ ਵਿੱਚ ਸਹਾਈ ਹੋਵੇਗੀ ਜਿਸਨੇ ਆਉਣ ਵਾਲੇ ਪੰਜ ਸਾਲਾਂ ਵਿੱਚ ਪੰਜਾਬ ਦੀ ਨੁਹਾਰ ਬਦਲਣ ਕੀਤਾ ਹੋਇਆ ਹੈ।