Close

Recent Posts

ਹੋਰ ਗੁਰਦਾਸਪੁਰ ਦੇਸ਼ ਪੰਜਾਬ ਮੁੱਖ ਖ਼ਬਰ ਰਾਜਨੀਤੀ ਵਿਸ਼ੇਸ਼

ਸਿੱਧੂ ਸਾਹਿਬ, ਕਿੱਦਾ ਕਰੀਏ ਤੁਹਾਡੇ ਤੇ ਯਕੀਨ, ਅਖੇ ਕਰਨੀ ਕੱਖ ਦੀ, ਗੱਲ ਲੱਖ-ਲੱਖ ਦੀ

ਸਿੱਧੂ ਸਾਹਿਬ, ਕਿੱਦਾ ਕਰੀਏ ਤੁਹਾਡੇ ਤੇ ਯਕੀਨ, ਅਖੇ ਕਰਨੀ ਕੱਖ ਦੀ, ਗੱਲ ਲੱਖ-ਲੱਖ ਦੀ
  • PublishedFebruary 2, 2022

ਵਿਸ਼ਵ ਵੈਟਲੈਡ਼ ਦਿਹਾੜੇ ਮੌਕੇ ਲੋਕਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਗੁਰਦਾਸਪੁਰੀਆਂ ਨਾਲ ਕੀਤੇ ਵਾਅਦੇ ਅਤੇ ਐਲਾਨਾਂ ਨੂੰ ਕਰਵਾਇਆ ਯਾਦ

ਨਾ ਬਣੀ ਕੇਸ਼ੋਪੁਰ ਛੰਬ ਦੀ ਕੋਈ ਦਸਤਾਵੇਜੀ ਨਾ ਕਰਵਾਏ ਗਏ ਵਿਸ਼ਵ ਪੱਧਰੀ ਫੋਟੋਗ੍ਰਾਫੀ ਦੇ ਮੁਕਾਬਲੇ

ਗੁਰਦਾਸਪੁਰ, 2 ਫਰਵਰੀ (ਮੰਨਣ ਸੈਣੀ)। ਬੁੱਧਵਾਰ ਨੂੰ ਵਿਸ਼ਵ ਵੈਟਲੈਂਡ ਦਿਹਾੜੇ ਦੇ ਮੌਕੇ ਤੇ ਗੁਰਦਾਸਪੁਰ ਦੇ ਲੋਕਾਂ ਨੇ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਸੈਰ ਸਪਾਟਾ ਮੰਤਰੀ ਰਹੇ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੇ ਐਲਾਨ ਸਿੱਧੂ ਨੂੰ ਯਾਦ ਕਰਵਾਏ ਜੋ ਸਿੱਧੂ ਵੱਲੋਂ ਕੀਤੇ ਗਏ ਸਨ। ਸਿੱਧੂ ਵੱਲੋਂ ਕੇਸ਼ੋਪੁਰ ਛੰਬ ਦੇ ਲੋਕਾਂ ਨੂੰ ਜੋ ਸੁਪਨਾ ਵਿਖਾਇਆ ਗਿਆ ਸੀ, ਉਹ ਅਮਲੀ ਜਾਮਾ ਨਹੀਂ ਪਾ ਸਕਿਆ ਅਤੇ ਲੋਕਾਂ ਦਾ ਕਹਿਣਾ ਹੈ ਕਿ ਅਖੇ ਸਿੱਧੂ ਸਾਹਿਬ ਕਰਨੀ ਕੱਖ ਦੀ, ਗੱਲ ਲੱਖ ਲੱਖ ਦੀ (ਇਹ ਪੰਜਾਬੀ ਦੀ ਇਕ ਕਹਾਵਤ ਹੈ, ਕਿ ਫੜ੍ਹਾਂ ਬਹੁਤ ਵੱਡੀਆਂ ਵੱਡੀਆਂ ਮਾਰਨੀਆਂ ਪਰ ਹੱਥੀਂ ਕੁਝ ਵੀ ਨਾ ਕਰਨਾ)। ਲੋਕਾਂ ਦਾ ਕਹਿਣਾ ਹੈ ਕਿ ਵੱਡੀਆਂ-ਵੱਡੀਆਂ ਗੱਲਾਂ ਕਰ ਕੇ ਸਿੱਧੂ ਵੱਲ਼ੋ ਕੇਸ਼ੋਪੁਰ ਛੰਬ ਵਿੱਚ ਵਿਸ਼ਵ ਪੱਧਰੀ ਫੋਟੋਗ੍ਰਾਫੀ ਕਰਵਾਉਣ ਦਾ ਐਲਾਨ ਤਾਂ ਕਰ ਦਿੱਤਾ ਗਿਆ, ਜੋ ਮਹਿਜ਼ ਐਲਾਨ ਹੀ ਰਹਿ ਗਿਆ। ਜਿਸ ਕਾਰਨ ਲੋਕ ਪੁੱਛ ਰਹੇ ਹਨ ਕਿ ਹੁਣ ਨਵਜੋਤ ਸਿੰਘ ਸਿੱਧੂ ਜੋਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਬਣ ਗਏ ਹਨ ਉਹਨਾਂ ‘ਤੇ ਭਰੋਸਾ ਕਿਵੇਂ ਕੀਤਾ ਜਾਵੇ ਕਿਉਂਕਿ ਉਨ੍ਹਾਂ ਦੇ ਪਹਿਲੇ ਵਾਅਦੇ ਹੀ ਝੂਠੇ ਸਾਬਤ ਹੋਏ ਹਨ।

ਦੱਸਣਯੋਗ ਹੈ ਕਿ 28 ਨਵੰਬਰ 2018 ਨੂੰ ਤਤਕਾਲੀ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਭਾਰਤ ਦੇ ਪਹਿਲੇ ਕਮਿਊਨਿਟੀ ਰਿਜ਼ਰਵ ਵਜੋਂ ਸਥਾਪਿਤ ਕੇਸ਼ੂਪੁਰ ਚੰਬ ਵਿਖੇ ਸੈਰ ਸਪਾਟਾ ਕੇਂਦਰ ਦਾ ਉਦਘਾਟਨ ਕਰਨ ਲਈ ਗੁਰਦਾਸਪੁਰ ਪੁੱਜੇ ਸਨ।

ਜਿੱਥੇ ਤਤਕਾਲੀ ਸੈਰ ਸਪਾਟਾ ਮੰਤਰੀ ਸਿੱਧੂ ਨੇ ਐਲਾਨ ਕੀਤਾ ਸੀ ਕਿ ਅਗਲੇ ਸਾਲ ਯਾਨੀ ਕਿ 2019 ਤੋਂ ਕੇਸ਼ੋਪੁਰ ਛੰਬ ਵਿੱਚ ਵਿਸ਼ਵ ਫੋਟੋਗ੍ਰਾਫੀ ਮੁਕਾਬਲਾ ਕਰਵਾਇਆ ਜਾਵੇਗਾ। ਉਨ੍ਹਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਡਿਸਕਵਰੀ ਚੈਨਲ, ਨੈਸ਼ਨਲ ਜੀਓਗਰਾਫਿਕ ਚੈਨਲ, ਐਨੀਮਲ ਪਲੈਨੇਟ ਆਦਿ ਪ੍ਰਮੁੱਖ ਚੈਨਲਾਂ ਤੋਂ ਚੋਟੀ ਦੇ ਜੰਗਲੀ ਜੀਵ ਫੋਟੋਗ੍ਰਾਫ਼ਰਾਂ ਨੂੰ ਇਨ੍ਹਾਂ ਫੋਟੋਗ੍ਰਾਫੀ ਮੁਕਾਬਲਿਆਂ ਲਈ ਸੱਦਾ ਦਿੱਤਾ ਜਾਵੇਗਾ। ਜਿਸ ਨਾਲ ਇਹ ਕਮਿਊਨਿਟੀ ਰਿਜ਼ਰਵ ਵਿਦੇਸ਼ੀ ਸੈਲਾਨੀਆਂ ਲਈ ਵੀਂ ਖਿੱਚ ਦਾ ਕੇਂਦਰ ਬਣੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਹਲਕੇ ਵਿੱਚ ਸੈਲਾਣਿਆਂ ਦੀ ਭਰਮਾਰ ਹੋਵੇਗੀ ਅਤੇ ਰੋਜ਼ਗਾਰ ਵਧੇਗਾ।

ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕੁਦਰਤ ਅਤੇ ਜੰਗਲੀ ਜੀਵ ਪ੍ਰੇਮੀਆਂ ਨੂੰ ਪੰਜਾਬ ਲਿਆਉਣ ਲਈ ਵੈਟਲੈਂਡ ਸਰਕਟ ਬਣਾਇਆ ਜਾਵੇਗਾ ਅਤੇ ਟੂਰ ਆਪਰੇਟਰਾਂ ਅਤੇ ਸੈਲਾਨੀਆਂ ਨੂੰ ਸਰਕਟ ਨਾਲ ਜੋੜਿਆ ਜਾਵੇਗਾ। ਸੈਲਾਨੀਆਂ ਲਈ ਇੱਥੇ ਹਰ ਤਰ੍ਹਾਂ ਦੀਆਂ ਸਹੂਲਤਾਂ ਸਥਾਪਿਤ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਦੁਨੀਆਂ ਦੇ ਕਿਸੇ ਵੀ ਦੇਸ਼ ਨਾਲੋਂ ਜ਼ਿਆਦਾ ਜਲਗਾਹਾਂ ਹਨ ਜਿੱਥੇ ਪਰਵਾਸੀ ਪੰਛੀ ਡੇਰੇ ਲਾਉਂਦੇ ਸਨ। ਅਸੀਂ ਸੈਲਾਨੀਆਂ ਨੂੰ ਇਸ ਬਾਰੇ ਜਾਣਕਾਰੀ ਦੇਵਾਂਗੇ। ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦਾ ਮੁੱਖ ਮਕਸਦ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਵੱਲ ਵੀ ਸੈਲਾਨੀਆਂ ਨੂੰ ਆਕਰਸ਼ਿਤ ਕਰਨਾ ਹੈ। ਪਰ ਇਹ ਐਲਾਨ ਅਮਲੀ ਜਾਮਾ ਪਾ ਸਕਣ ਇਸ ਤੋਂ ਪਹਿਲਾ ਹੀ ਕਿਸੇ ਵੀ ਕਾਰਨਾ ਕਾਰਨ ਉਹਨਾਂ ਵੱਲੋ ਜੁਲਾਈ 2019 ਵਿੱਚ ਆਪਣਾ ਅਸਤੀਫਾ ਪੰਜਾਬ ਸਰਕਾਰ ਨੂੰ ਸੌਂਪ ਦਿੱਤਾ ਗਿਆ ਅਤੇ ਖਾਲੀ ਹੱਥ ਹਿਲਾ ਕੇ ਦੱਸਦਿਆ ਹੋਇਆ ਪੱਲਾ ਝਾੜ ਲਿਆ ਗਿਆ। ਪਰ ਗੁਰਦਾਸਪੁਰ ਜ਼ਿਲੇ ਦੇ ਲੋਕ ਜੋਂ ਉਨਹਾਂ ਦੇ ਐਲਾਨ ਨੂੰ ਸੱਚ ਮੰਨ ਬੈਠੇ ਸਨ ਅੱਜ ਵੀ 2022 ਤੱਕ ਫੋਟੋਗ੍ਰਾਫੀ ਮੁਕਾਬਲੇ ਦਾ ਇੰਤਜ਼ਾਰ ਕਰ ਰਹੇ ਹਨ ਕਿ ਕਦੇ ਤਾਂ ਕੋਈ ਵਿਦੇਸ਼ੀ ਸੈਲਾਨੀ ਇੱਥੇ ਰੁੱਖ ਕਰੇਗਾ ਅਤੇ ਕਦੇ ਤਾਂ ਗੁਰਦਾਸਪੁਰ ਜ਼ਿਲੇ ਦੀ ਕਿਸਮਤ ਬਦਲੇਗੀ। ਪਰ ਐਸਾ ਕੁਝ ਨਹੀਂ ਹੋਇਆ।

ਦੂਜੇ ਪਾਸੇ ਭਾਰਤ ਦਾ ਪਹਿਲਾ ਕਮਿਊਨਿਟੀ ਰਿਜ਼ਰਵ, ਜਿਸ ਦੀ ਵਿਸ਼ੇਸ਼ ਪਛਾਣ ਹੈ, ਅੱਜ ਵੀ ਸਰਕਾਰਾਂ ਦੀ ਬੇਰੁਖ਼ੀ ਦਾ ਸ਼ਿਕਾਰ ਹੈ। ਕੇਸ਼ੋਪੁਰ ਛੰਬ, ਜਿੱਥੇ ਹਜ਼ਾਰਾਂ ਵਿਦੇਸ਼ੀ ਪੰਛੀ ਆ ਕੇ ਡੇਰੇ ਲਾਉਂਦੇ ਹਨ, ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੋ ਸਕਦਾ ਹੈ , ਸਰਕਾਰਾਂ ਦੀ ਅਨਦੇਖੀ ਦਾ ਸ਼ਿਕਾਰ ਹੈ ਅਤੇ ਨਾਂ ਹੀ ਕੋਈ ਲੋਕਲ ਮੰਤਰੀ ਯਾ ਵਿਧਾਇਕ ਨੇ ਇਸ ਦੀ ਸਾਰ ਲਈ। ਸੱਭ ਗਲਿਆਂ ਨਾਲੀਆਂ ਤੱਕ ਸੀਮਿਤ ਰਹੇ ਅਤੇ ਇੱਕ ਦੂਜੇ ਮੰਤਰੀ, ਮੁੱਖ ਮੰਤਰੀ ਤੇ ਕੰਮ ਨਾ ਹੋਣ ਦੇਣ ਦੀ ਭੜਾਸ ਕੱਡਦੇ ਰਹੇ। ਜੱਦਕਿ ਹਕੀਕਤ ਇਹ ਹੈ ਕਿ ਕਿਸੇ ਨੇ ਵੀ ਵਾਤਾਵਰਣ ਅਤੇ ਸੈਰ ਸਪਾਟੇ ਸੰਬੰਧੀ ਜ਼ਿਲੇ ਨੂੰ ਕੋਈ ਭਰਵਾਂ ਹੁੰਗਾਰਾ ਨਹੀਂ ਦਿੱਤਾ ।

ਉੱਧਰ ਪਿੰਡ ਕੇਸ਼ੇਪੁਰ ਦੇ ਵਸਨੀਕਾਂ ਅਤੇ ਗੁਰਦਾਸਪੁਰ ਜ਼ਿਲੇ ਦੇ ਵਸਨੀਕਾਂ ਦਾ ਵੀ ਤਤਕਾਲੀ ਸੈਰ ਸਪਾਟਾ ਮੰਤਰੀ ਅਤੇ ਮੌਜੂਦਾ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਜੋਕਿ ਆਪ ਨੂੰ ਮੁੱਖਮੰਤਰੀ ਦੀ ਰੇਸ ਦਾ ਦਾਵੇਦਾਰ ਸਿੱਧੇ ਅਸਿੱਧੇ ਤਰੀਕੇ ਨਾਲ ਦੱਸਦੇ ਆ ਰਹੇ ਹਨ ਸੰਬੰਧੀ ਕਹਿਣਾ ਹੈ ਕਿ ਆਪ ਜੀ ਤੇ ਭਰੋਸਾ ਕਿਵੇਂ ਕੀਤਾ ਜਾਵੇ। ਉਹਨਾਂ ਵੱਲੋ ਦਿਖਾਏ ਗਏ ਸੁੁਫਨੇ ਨਾਲ ਲੋਕਾਂ ਉਸ ਖੇਤਰ ਦੇ ਲੋਕਾਂ ਨੇ ਕਈ ਹੋਰ ਖਵਾਬ ਵੇਖ ਲਏ ਸੀ ਕਿਉਕਿ ਉਸ ਨਾਲ ਸੰਭਾਵੀ ਰੂਪ ਵਿੱਚ ਇਹ ਰਿਜ਼ਰਵ ਗੁਰਦਾਸਪੁਰ ਲਈ ਵਰਦਾਨ ਸਾਬਤ ਹੋ ਸਕਣ ਵਾਲਾ ਪ੍ਰੋਜੇਕਟ ਸੀ। ਪਰ ਆਪ ਜੀ ਵੱਲੋ ਐਲਾਨੇ ਗਏ ਸ਼ਬਦ ਝੂਠੇ ਪਾਏ ਗਏ ਅਤੇ ਸੁਪਣੇ ਟੁੱਟ ਗਏ। ਲੋਕਾਂ ਨੇ ਪੰਜਾਬੀ ਕਹਾਵਤ ਸੁਣਾਉੰਦਿਆ ਬੜੇ ਸਹਿਜ ਸੁਭਾਅ ਨਾਲ ਕਿਹਾ ਕਿ ਸਿੱਧੂ ਸਾਹਿਬ ਤੇ ਉਹ ਕਹਾਵਤ ਟੁਕਵੀ ਹੈ ਅਖੇ ਕਰਨੀ ਕੱਖ ਦੀ, ਗੱਲ ਲੱਖ-ਲੱਖ ਦੀ।

Written By
The Punjab Wire