ਅਮ੍ਰਿਤਸਰ, 1 ਫਰਵਰੀ । ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਚੁਣੌਤੀ ਨੂੰ ਪ੍ਰਵਾਨ ਕਰਦੇ ਹਨ। ਉਨ੍ਹਾਂ ਨੇ ਅੱਜ ਇਹ ਐਲਾਨ ਕਰ ਦਿੱਤਾ ਕਿ ਉਹ ਕੇਵਲ ਅਮ੍ਰਿਤਸਰ ਪੂਰਬੀ ਤੋਂ ਹੀ ਚੋਣ ਲੜਨਗੇ। ਉਹਨਾਂ ਨੇ ਅੱਜ ਇੱਥੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਦੀ ਧਰਮਪਤਨੀ ਸ੍ਰੀਮਤੀ ਗਨੀਵ ਕੌਰ ਮਜੀਠਾ ਹਲਕੇ ਤੋਂ ਚੋਣ ਲੜਨਗੇ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵਾਸਤੇ ਮਜੀਠਾ ਹਲਕੇ ਨੂੰ ਛੱਡ ਕੇ ਜਾਣਾ ਬੜਾ ਔਖ਼ਾ ਫ਼ੈਸਲਾ ਸੀ ਪਰ ਮੈਂ ਸਾਰਿਆਂ ਦੇ ਅਸ਼ੀਰਵਾਦ, ਥਾਪੀ ਅਤੇ ਪ੍ਰਵਾਨਗੀ ਨਾਲ ਇਹ ਫ਼ੈਸਲਾ ਲਿਆ ਹੈ। ਉਹਨਾਂ ਨੇ ਕਿਹਾ ਕਿ 2007, 2012 ਅਤੇ 2017 ਤੋਂ ਇਲਾਵਾ ਪਾਰਲੀਮਾਨੀ ਚੋਣਾਂ ਵਿੱਚ ਵੀ ਲੋਕਾਂ ਨੇ ਉਨ੍ਹਾਂਦਾ ਡਟਵਾਂ ਸਾਥ ਦਿੱਤਾ।
ਮਜੀਠੀਆ ਨੇ ਕਿਹਾ ਕਿ ਲੋਕ ਉਨ੍ਹਾਂ ਨੂੰ ਸਵਾਲ ਕਰ ਰਹੇ ਹਨ ਕਿ ਜਿੱਤਣ ਮਗਰੋਂ ਕਿਹੜੀ ਸੀਟ ਰੱਖੋਗੇ ਇਸ ਲਈ ਉਹ ਅੰਮ੍ਰਿਤਸਰ ਪੂਰਬੀ ਦੇ ਲੋਕਾਂ ਨੂੰ ਝੂਠ ਨਹੀਂ ਬੋਲ ਸਕਦੇ। ਇਸੇ ਦੇ ਮੱਦੇਨਜ਼ਰ ਉਨ੍ਹਾਂ ਨੇ ਇਹ ਫ਼ੈਸਲਾ ਲਿਆ ਕਿ ਉਹ ਆਪ ਅੰਮ੍ਰਿਤਸਰ ਪੂਰਬੀ ਦੇ ਅਤੇ ਸ੍ਰੀਮਤੀ ਗਨੀਵ ਕੌਰ ਮਜੀਠਾ ਦੀ ਪ੍ਰਤੀਨਿਧਤਾ ਕਰਨਗੇ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸ: ਸਿੱਧੂ ਦਾ ਹੰਕਾਰ ਹਟਾਉਣਾ ਹੈ ਅਤੇ ਉਨ੍ਹਾਂ ਨੂੰ ਪਿਆਰ ਸਿਖ਼ਾਉਣਾ ਹੈ, ਇੱਜ਼ਤ ਕਰਨੀ ਸਿਖ਼ਾਉਣੀ ਹੈ। ਵੱਡਿਆਂ ਦਾ ਸਤਿਕਾਰ ਵੀ ਸਿਖ਼ਾਵਾਂਗੇ ਅਤੇ ਬੱਚਿਆਂ ਲਈ ਪਿਆਰ ਵੀ ਸਿਖਾਵਾਂਗੇ। ਉਨ੍ਹਾਂ ਕਿਹਾ ਕਿ ਇਸ ਚੋਣ ਤੋਂ ਬਾਅਦ ਤੁਹਾਨੂੂੰ ਕਈ ਲੋਕਾਂ ਦੇ ਸੁਭਾਅ ਬਦਲਦੇ ਦਿਖਾਵਾਂਗੇ।