ਹੋਰ ਪੰਜਾਬ ਮੁੱਖ ਖ਼ਬਰ ਰਾਜਨੀਤੀ

ਮਾਨ ਦਾ ਕੈਪਟਨ ‘ਤੇ ਸਿੱਧਾ ਹਮਲਾ: ਕੈਪਟਨ ਦੇ ਘਰ ਵਿੱਚ ਤਾਂ ਖ਼ੁਦ ਪਾਕਿਸਤਾਨ ਰਹਿੰਦਾ ਸੀ

ਮਾਨ ਦਾ ਕੈਪਟਨ ‘ਤੇ ਸਿੱਧਾ ਹਮਲਾ: ਕੈਪਟਨ ਦੇ ਘਰ ਵਿੱਚ ਤਾਂ ਖ਼ੁਦ ਪਾਕਿਸਤਾਨ ਰਹਿੰਦਾ ਸੀ
  • PublishedJanuary 25, 2022

-ਕੀ ਕੈਪਟਨ ਪਾਕਿਸਤਾਨ ਦੇ ਕਹਿਣ ‘ਤੇ ਹੀ ਸਿੱਧੂ ਨੂੰ ਦੋਬਾਰਾ ਮੰਤਰੀ ਬਣਾ ਰਹੇ ਸਨ?  ਭਗਵੰਤ ਮਾਨ

ਜੇ ਕੈਪਟਨ ਨੂੰ ਪਾਕਿਸਤਾਨ ਤੋਂ ਫ਼ੋਨ ਆਇਆ ਸੀ ਤਾਂ ਐਨਾ ਸਾਲਾਂ ਤੱਕ ਇਸ ਗੱਲ ਨੂੰ ਛੁਪਾ ਕੇ ਕਿਉਂ ਰੱਖਿਆ?  ਭਗਵੰਤ ਮਾਨ

– ਕਾਲੀ ਕਾਲ਼ੀ ਮੰਦਰ ਵਿੱਚ ਹੋਈ ਬੇਅਦਬੀ ਦੀ ਘਟਨਾ ਦੀ ਮਾਨ ਨੇ ਕੀਤੀ ਸਖ਼ਤ ਨਿਖੇਧੀ

– ਕਿਹਾ, ਜੇ ਪੁਰਾਣੇ ਬੇਅਦਬੀ ਮਾਮਲਿਆਂ ਵਿੱਚ ਦੋਸ਼ੀ ਨੂੰ ਸਜ਼ਾ ਦਿੱਤੀ ਹੁੰਦੀ ਤਾਂ ਅੱਜ ਅਜਿਹਾ ਕਰਨ ਦੀ ਕਿਸੇ ਦੀ ਹਿੰਮਤ ਨਹੀਂ ਹੁੰਦੀ

ਚੰਡੀਗੜ੍ਹ, 25 ਜਨਵਰੀ 2022। ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਚੋਣਾ ਸਮੇਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਦੇ ਹੱਕ ‘ਚ ਪਾਕਿਸਤਾਨ ਤੋਂ ਸਿਫ਼ਾਰਸ਼ ਆਉਣ ਦੇ ਕੀਤੇ ਖ਼ੁਲਾਸੇ ਬਾਰੇ ਕੈਪਟਨ ‘ਤੇ ਜ਼ੋਰਦਾਰ ਹਮਲਾ ਕੀਤਾ ਹੈ। ਮਾਨ ਨੇ ਕੈਪਟਨ ਨੂੰ ਸਵਾਲ ਕੀਤਾ ਕਿ ਜੇ ਉਨ੍ਹਾਂ ਨੂੰ ਨਵਜੋਤ ਸਿੰਘ ਸਿੱਧੂ ਨੂੰ ਮੰਤਰੀ ਬਣਾਉਣ ਲਈ ਪਾਕਿਸਤਾਨ ਤੋਂ ਫ਼ੋਨ ਅਤੇ ਮੈਸਜ਼ ਆਏ ਸਨ ਤਾਂ ਐਨੇ ਸਾਲਾਂ ਤੱਕ ਕੈਪਟਨ ਨੇ ਇਸ ਗੱਲ ਨੂੰ ਕਿਉਂ ਛੁਪਾ ਕੇ ਰੱਖਿਆ? ਕੀ ਪਾਕਿਸਤਾਨ ਦੇ ਕਹਿਣ ‘ਤੇ  ਹੀ ਕੈਪਟਨ, ਨਵਜੋਤ ਸਿੰਘ ਸਿੱਧ ਨੂੰ ਦੋਬਾਰਾ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਕਰ ਰਹੇ ਸਨ?

ਮੰਗਲਵਾਰ ਨੂੰ ਪਾਰਟੀ ਮੁੱਖ ਦਫ਼ਤਰ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਬਿਨਾਂ ਕਿਸੇ ਦਾ ਨਾਂਅ ਲਿਆ ਕੈਪਟਨ ਦੀ ਅਲੋਚਨਾ ਕੀਤੀ ਅਤੇ ਕਿਹਾ, ”ਪਾਕਿਸਤਾਨ ਤਾਂ ਖ਼ੁਦ ਕੈਪਟਨ ਅਮਰਿੰਦਰ ਸਿੰਘ ਦੇ ਘਰ ਵਿੱਚ ਰਹਿੰਦਾ ਸੀ। ਸਿਰਫ਼ ਮੰਤਰੀ ਹੀ ਨਹੀਂ, ਸੂਬੇ ਦੇ ਡੀ.ਜੀ.ਪੀ. ਅਤੇ ਮੁੱਖ ਸਕੱਤਰ ਵੀ ਉਹ ਪਾਕਿਸਤਾਨ ਤੋਂ ਪੁੱਛ ਕੇ ਨਿਯੁਕਤ ਕਰਦੇ ਸਨ। ਪੰਜਾਬ ਦੇ ਸੀਨੀਅਰ ਅਧਿਕਾਰੀਆਂ ਤੋਂ ਕੈਪਟਨ ਆਪਣੇ ਸਿਸਵਾਂ ਫਾਰਮ ਹਾਊਸ ‘ਚ ਲੱਗੇ ਸੀਤਾਫਲ ਅਤੇ ਚੀਕੂ ਦੀ ਰਖਵਾਲੀ ਕਰਵਾਉਂਦੇ ਸਨ।” ਮਾਨ ਨੇ ਕਿਹਾ ਕਿ ਚੋਣਾ ਸਮੇਂ ਪੰਜਾਬ ਦਾ ਮਾਹੌਲ ਖ਼ਰਾਬ ਲਈ ਕੈਪਟਨ ਅਮਰਿੰਦਰ ਸਿੰਘ ਪਾਕਿਸਤਾਨ ਦੇ ਨਾਂਅ ਦੀਆਂ ਗੱਲਾਂ ਕਰ ਰਹੇ ਹਨ, ਕਿਉਂਕਿ ਉਨ੍ਹਾਂ ਕੋਲ ਹੁਣ ਬੋਲਣ ਲਈ ਕੁੱਝ ਬਚਿਆ ਹੀ ਨਹੀਂ ਹੈ।

ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਮੇਡੀਅਨ ਕਹਿਣ ‘ਤੇ ਮੁੜ ਵਾਰ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਜਿਸ ਨੂੰ ਕਾਮੇਡੀਅਨ ਕਹਿ ਰਹੇ ਹਨ, ਉਸ ਨੇ ਹਮੇਸ਼ਾ ਦੇਸ਼ ਦੀ ਸੰਸਦ ਵਿੱਚ ਪੰਜਾਬ ਦੇ ਪਾਣੀ, ਪੰਜਾਬ ਦੀ ਖੇਤੀ, ਕਿਸਾਨ, ਕੈਂਸਰ ਅਤੇ ਮਾਫ਼ੀਆ ਰਾਜ ਦੇ ਮੁੱਦੇ ਚੁੱਕੇ ਹਨ। ਪਰ ਜਦੋਂ ਕੈਪਟਨ ਸੰਸਦ ਮੈਂਬਰ ਸਨ ਤਾਂ ਉਹ ਸੰਸਦ ਵਿੱਚ ਜਾਂਦੇ ਹੀ ਨਹੀਂ ਸਨ। ਸੰਸਦ ਵਿੱਚ ਕੈਪਟਨ ਦੀ ਹਾਜ਼ਰੀ ਸਭ ਤੋਂ ਵੱਧ ਖ਼ਰਾਬ ਸੀ, ਉਹ ਜਨਤਾ ਦੀ ਆਵਾਜ਼ ਕੀ ਚੁੱਕਦੇ । ਮਾਨ ਦੇ ਦੋਸ਼ ਲਾਇਆ, ”ਮੁੱਖ ਮੰਤਰੀ ਰਹਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ। ਉਹ ਵਾਅਦੇ ਪੂਰੇ ਕਰਨ ਦੀ ਬਜਾਏ ਸਾਢੇ ਚਾਰ ਸਾਲ ਤੱਕ ਆਪਣੇ ਸਿਸਵਾਂ ਫਾਰਮ ਹਾਊਸ ਵਿੱਚ ਬੈਠੇ ਰਹੇ। ਪੰਜਾਬ ਦੇ ਲੋਕਾਂ ਨਾਲ ਜਿਹੜਾ ਵਿਸ਼ਵਾਸਘਾਤ ਕੈਪਟਨ ਨੇ ਕੀਤਾ ਹੈ, ਅੱਜ ਉਸ ਦਾ ਫਲ ਉਨ੍ਹਾਂ (ਕੈਪਟਨ) ਨੂੰ ਮਿਲ ਰਿਹਾ ਹੈ।

‘ਆਪ’ ਆਗੂ ਮਾਨ ਨੇ ਦਾਅਵਾ ਕੀਤਾ ਕਿ ਪਿਛਲੀ ਲੋਕ ਸਭਾ ਚੋਣਾ ਦੌਰਾਨ ਕੈਪਟਨ ਉਨ੍ਹਾਂ ਨੂੰ ਤਕੜਾ ਉਮੀਦਵਾਰ ਕਹਿੰਦੇ ਸਨ, ਪਰ ਅੱਜ ਉਸ ਪ੍ਰਤੀ ਪੰਜਾਬ ਦੇ ਲੋਕਾਂ ਦਾ ਪਿਆਰ ਅਤੇ ਸਮਰਥਨ ਦੇਖ ਕੇ ਕੈਪਟਨ ਘਬਰਾਹਟ ਵਿੱਚ ਉਸ (ਮਾਨ) ਨੂੰ ਕਾਮੇਡੀਅਨ ਕਹਿ ਰਹੇ ਹਨ।

ਪਟਿਆਲਾ ਦੇ ਪ੍ਰਸਿੱਧ ਕਾਲੀ ਮਾਤਾ ਮੰਦਰ ਵਿੱਚ ਹੋਈ ਬੇਅਦਬੀ ਦੀ ਘਟਨਾ ਦੀ ਭਗਵੰਤ ਮਾਨ ਨੇ ਸਖ਼ਤ ਨਿੰਦਾ ਕਰਦਿਆਂ ਕਿਹਾ, ”ਜੇ ਪੁਰਾਣੇ ਬੇਅਦਬੀ ਮਾਮਲਿਆਂ ਵਿੱਚ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲੀ ਹੁੰਦੀ ਤਾਂ ਅੱਜ ਇਸ ਤਰਾਂ ਦੀ ਘਟਨਾ ਨਹੀਂ ਹੋਣੀ ਸੀ। ਕੁੱਝ ਸਮਾਜ ਵਿਰੋਧੀ ਤਾਕਤਾਂ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਇਸ ਤਰਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੀਆਂ ਹਨ।”  ਉਨ੍ਹਾਂ ਲੋਕਾਂ ਨੂੰ ਸ਼ਾਂਤੀ ਅਤੇ ਸਦਭਾਵਨਾ ਬਣਾ ਕੇ ਰੱਖਣ ਦੀ ਅਪੀਲ ਕਰਦਿਆਂ ਪੰਜਾਬ ਵਿੱਚ ਅਮਨ- ਸ਼ਾਂਤੀ ਦੀ ਕਾਮਨਾ ਕੀਤੀ। ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਾਨੂੰਨ ਵਿਵਸਥਾ ਠੀਕ ਕਰਕੇ ਪੰਜਾਬ ਵਿੱਚ ਅਮਨ- ਸ਼ਾਂਤੀ ਅਤੇ ਭਾਈਚਾਰਾ ਕਾਇਮ ਕਰੇਗੀ ਅਤੇ ਪਿਛਲੀਆਂ ਸਾਰੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਉੱਚ ਪੱਧਰੀ ਜਾਂਚ ਕਰਕੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਵੇਗੀ। ਉਨ੍ਹਾਂ ਪ੍ਰਸਿੱਧ ਸ਼ਾਇਰ ਰਾਹਤ ਇੰਦੌਰੀ ਦਾ ਸ਼ੇਅਰ, ”ਸਰਹੱਦ ਪੇ ਤਣਾਉ ਹੈ ਕਿਆ, ਜ਼ਰਾ ਪਤਾ ਤਾਂ ਕਰੋ ਚੁਣਾਊ ਹੈ ਕਿਆ” ਸਾਂਝਾ ਕਰਦਿਆਂ ਕਿਹਾ ਕਿ ਇਸ ਤਰਾਂ ਦੀਆਂ ਘਟਨਾਵਾਂ ਚੋਣਾ ਕਾਰਨ ਹੋ ਰਹੀਆਂ ਹਨ, ਕਿਉਂਕਿ ਪਹਿਲਾ ਸ੍ਰੀ ਹਰਮਿੰਦਰ ਸਾਹਿਬ ਵਿੱਚ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ, ਫਿਰ ਲੁਧਿਆਣਾ ਵਿੱਚ ਸ੍ਰੀਮਦ ਭਗਵਤ ਗੀਤਾ ਦੀ ਬੇਅਦਬੀ ਹੋਈ ਅਤੇ ਹੁਣ ਕਾਲੀ ਮਾਤਾ ਮੰਦਰ ਦੀ ਬੇਅਦਬੀ ਦੀ ਕੋਸ਼ਿਸ਼ ਹੋਈ ਹੈ।

ਨਵਜੋਤ ਸਿੱਧੂ ਵੱਲੋਂ ਆਮ ਆਦਮੀ ਪਾਰਟੀ ਅਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਪ੍ਰਤੀ ਭੱਦੀ ਭਾਸ਼ਾ ਬੋਲਣ ਬਾਰੇ ਭਗਵੰਤ ਮਾਨ ਨੇ ਕਿਹਾ ਕਿ ਸਿੱਧੂ ਕੋਲ ਬੋਲਣ ਦੀ ਲਈ ਕੋਈ ਕੰਮ ਦੀ ਗਲ ਬਚੀ ਨਹੀਂ ਹੈ। ਇਸੇ ਲਈ ਉਹ ਲਗਾਤਾਰ ਇਸ ਤਰਾਂ ਦੇ ਘਟੀਆ ਬਿਆਨ ਦੇ ਰਹੇ ਹਨ। ਉਨ੍ਹਾਂ ਨਵਜੋਤ ਸਿੱਧੂ ਨੂੰ ਸ਼ਬਦਾਂ ਦੀ ਮਰਿਆਦਾ ਦਾ ਖ਼ਿਆਲ ਰੱਖਣ ਦੀ ਸਲਾਹ ਦਿੰਦਿਆਂ ਕਿਹਾ, ”ਇੱਜ਼ਤ ਪਾਉਣ ਲਈ ਇੱਜ਼ਤ ਦੇਣੀ ਪੈਂਦੀ ਹੈ। ਜੇ ਸਿੱਧੂ ਦੀ ਮੁੱਖ ਮੰਤਰੀ ਬਣਨ ਦੀ ਐਨੀ ਹੀ ਤਾਂਘ ਹੈ ਤਾਂ ਉਹ ਕਾਂਗਰਸ ਪਾਰਟੀ ਵੱਲੋਂ ਸਰਵੇ ਕਰਾ ਲੈਣ, ਜਿਸ ਨਾਲ ਸਿੱਧੂ ਨੂੰ ਸਚਾਈ ਦਾ ਪਤਾ ਲੱਗ ਜਾਵੇਗਾ।”

Written By
The Punjab Wire