Close

Recent Posts

ਹੋਰ ਗੁਰਦਾਸਪੁਰ ਪੰਜਾਬ ਰਾਜਨੀਤੀ

ਮਾਝਾ ’ਚ ਕਾਂਗਰਸ ਨੁੰ ਵੱਡਾ ਝਟਕਾ : ਲੇਬਰਫੈਡ ਦੇ ਚੇਅਰਮੈਨ, ਤਿੰਨ ਮੌਜੂਦਾ ਐਮ ਸੀ, ਬਲਾਕ ਸੰਮਤੀ ਮੈਂਬਰ, ਸਰਪੰਚ ਤੇ ਹੋਰ ਪਾਰਟੀ ਅਹੁਦੇਦਾਰ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਅਕਾਲੀ ਦਲ ਵਿਚ ਹੋਏ ਸ਼ਾਮਲ

ਮਾਝਾ ’ਚ ਕਾਂਗਰਸ ਨੁੰ ਵੱਡਾ ਝਟਕਾ : ਲੇਬਰਫੈਡ ਦੇ ਚੇਅਰਮੈਨ, ਤਿੰਨ ਮੌਜੂਦਾ ਐਮ ਸੀ, ਬਲਾਕ ਸੰਮਤੀ ਮੈਂਬਰ, ਸਰਪੰਚ ਤੇ ਹੋਰ ਪਾਰਟੀ ਅਹੁਦੇਦਾਰ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਅਕਾਲੀ ਦਲ ਵਿਚ ਹੋਏ ਸ਼ਾਮਲ
  • PublishedJanuary 20, 2022

ਅਗਲੀ ਅਕਾਲੀ ਦਲ-ਬਸਪਾ ਸਰਕਾਰ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾ ਕੇ ਚੰਨੀ ਵੱਲੋਂ ਗੈਰ ਕਾਨੁੰਨੀ ਰੇਤ ਮਾਫੀਆ ਚਲਾ ਕੇ ਕਮਾਇਆ ਪੈਸੇ ਵਸੂਲੇਗੀ : ਅਕਾਲੀ ਦਲ ਪ੍ਰਧਾਨ

ਕੇਜਰੀਵਾਲ ਨੇ ਡੰਮੀ ਮੁੱਖ ਮੰਤਰੀ ਉਮੀਦਵਾਰ ਨਾਲ ਪੰਜਾਬੀਆਂ ਨੁੰ ਮੂਰਖ ਬਣਾਉਣ ਦਾ ਯਤਨ ਕੀਤਾ

ਅੰਮ੍ਰਿਤਸਰ/ਤਰਨਤਾਰਨ, 19 ਜਨਵਰੀ : ਕਾਂਗਰਸ ਪਾਰਟੀ ਨੁੰ ਮਾਝਾ ਇਲਾਕੇ ਵਿਚ ਉਦੋਂ ਵੱਡਾ ਝਟਕਾ ਲੱਗਾ ਜਦੋਂ ਪੰਜਾਬ ਲੇਬਰਫੈਡ ਦੇ ਚੇਅਰਮੈਨ ਜਗਤਾਰ ਸਿੰਘ ਗੋਸਲ, ਤਿੰਨ ਮੌਜੂਦਾ ਕੌਂਸਲਰ, ਵੱਖ ਵੱਖ ਬਲਾਕ ਸੰਮਤੀ ਮੈਂਬਰ, ਸਰਪੰਚ ਤੇ ਪਾਰਟੀ ਦੇ ਹੋਰ ਅਨੇਕਾਂ ਅਹੁਦੇਦਾਰ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ, ਅਨਿਲ ਜੋਸ਼ੀ, ਹਰਮੀਤ ਸੰਧੂ, ਰਵੀ ਕਾਹਲੋਂ, ਤਲਬੀਰ ਗਿੱਲ ਤੇ ਗੌਰਵਦੀਪ ਵਲਟੋਹਾ ਵੀ ਹਾਜ਼ਰ ਸਨ।

ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ਨੂੰ ਜੀ ਆਇਆਂ ਕਹਿੰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਇਹਨਾਂ ਦਾ ਸਿਰੋਪਾ ਦਾ ਕੇ ਸਨਮਾਨ ਕੀਤਾ ਤੇ ਇਹਨਾਂ ਨੁੰ ਪਾਰਟੀ ਵਿਚ ਪੂਰਾ ਮਾਣ ਸਤਿਕਾਰ ਤੇ ਜ਼ਿੰਮੇਵਾਰੀਆਂ ਦੇਣ ਦਾ ਭਰੋਸਾ ਦੁਆਇਆ।

ਅੰਮ੍ਰਿਤਸਰ ਤੇ ਤਰਨਤਾਰਨ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਐਨਫੋਰਸਮੈਂਟ  ਡਾੲਰੈਕਟੋਰੇਟ (ਈ ਡੀ) ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਦੇ ਘਰੋਂ ਕਰੋੜਾਂ ਰੁਪਏ ਦੀ ਬਰਾਮਦਗੀ ਨੇ ਸਾਡੇ ਦੋਸ਼ ਸਹੀ ਸਾਬਤ ਕੀਤੇ ਹਨ ਕਿ ਚੰਨੀ ਸੂਬੇ ਵਿਚ ਸਭ ਤੋਂ ਵੱਡਾ ਰੇਤ ਮਾਫੀਆ ਚਲਾ ਰਹੇ ਹਨ। ਉਹਨਾਂ ਕਿਹਾ ਕਿ ਹੁਣ ਚੰਨੀ ਨੁੰ ਅਹੁਦੇ ’ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ ਤੇ ਉਹਨਾਂ ਨੂੰ ਤੁਰੰਤ ਮੁੱਖ ਮੰਤਰੀ ਵਜੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਹਨਾਂ ਨੇ ਇਹ ਵੀ ਮੰਗ ਕੀਤੀ ਕਿ ਚੰਡੀਗੜ੍ਹ ਵਿਚਲੀ ਉਹਨਾਂ ਦੀ ਸਰਕਾਰੀ ਰਿਹਾਇਸ਼ ਦੀ ਵੀ ਤਲਾਸ਼ੀ ਲਈ ਜਾਣੀ ਚਾਹੀਦੀ ਹੈ ਕਿਉਂਕਿ ਅਜਿਹੀਆਂ ਰਿਪੋਰਟਾਂ ਹਨ ਕਿ ਉਹਨਾਂ ਨੇ ਆਪਣੀ ਮੋਰਿੰਡਾ ਕੋਠੀ ਤੋਂ ਨਗਦੀ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਵਿਚ ਪਹੁੰਚਾ ਦਿੱਤੀ ਹੈ।

ਹੋਰ ਗੱਲਬਾਤ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਸੂਬੇ ਵਿਚ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਨ ਤੋਂ ਬਾਅਦ ਇਸ ਕੇਸ ਦੀ ਡੂੰਘਾਈ ਨਾਲ ਜਾਂਚ ਕਰਵਾਈ ਜਾਵੇਗੀ। ਉਹਨਾਂ ਕਿਹਾ ਕਿ ਅਸੀਂ ਸੂਬੇ ਵਿਚ ਗੈਰ ਕਾਨੁੰਨੀ ਰੇਤ ਮਾਫੀਆ ਚਲਾ ਕੇ ਕਮਾਇਆ ਪੈਸਾ ਵਸੂਲਾਂਗੇ ਤੇ ਉਹਨਾਂ ਦੇ ਖਿਲਾਫ ਮੁਕੱਦਮਾ ਵੀ ਚਲਾਵਾਂਗੇ।

ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ’ਤੇ ਤਾਨਾਸ਼ਾਹ ਵਾਂਗੂ ਵਿਹਾਰ ਕਰਨ ਤੇ ਸੂਬੇ ਵਿਚ ਗੈਂਗਸਟਰ ਸਭਿਆਚਾਰ ਦੀ ਪੁਸ਼ਤ ਪਨਾਹੀ ਕਰਨ ਦਾ ਦੋਸ਼ ਲਾਉਂਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਪੰਜਾਬ ਲੇਬਰਫੈਡ ਦੇ ਚੇਅਰਮੈਨ ਜਗਤਾਰ ਸਿੰਘ ਗੋਸਲ ਤੇ ਪਾਰਟੀ ਦੇ ਡੇਰਾ ਬਾਬਾ ਨਾਨਕ ਹਲਕੇ ਤੋਂ ਹੋਰ ਆਗੂਆਂ ਦੇ ਅਕਾਲੀ ਦਲ ਵਿਚ ਸ਼ਾਮਲ ਹੋਣ ਨਾਲ ਰੰਧਾਵਾ ਨੂੰ ਵੱਡਾ ਝਟਕਾ ਲੱਗਾ ਹੈ ਤੇ ਹੁਣ ਇਹ ਸਾਰੇ ਯਕੀਨੀ ਬਣਾਉਣਗੇ ਕਿ ਇਸ ਵਾਰ ਉਹਨਾਂ ਦੀ ਹਾਰ ਹੋਵੇ।

ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਚੇਹਰੇ ਲਈ ਭਗਵੰਤ ਮਾਨ ਦਾ ਨਾਂ ਐਲਾਨ ਕੇ ਹਵਾ ਬਣਾਉਣ ਦੀ ਕੀਤੀ ਗਈ ਕੋਸ਼ਿਸ਼ ਬਾਰੇ ਸਵਾਲ ਦੇ ਜਵਾਬ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਆਪ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਫਰਾਡ ਹਨ ਜਿਹਨਾਂ ਨੇ ਸਿਰਫ ਚਲਾਕੀ ਨਾਲ ਮਾਨ ਨੂੰ ਉਮੀਦਵਾਰ ਉਦੋਂ ਬਣਾਇਆ ਜਦੋਂ ਸਾਰੇ ਜਾਣਦੇ ਹਨ ਕਿ ਇਸ ਅਹੁਦੇ ਵਾਸਤੇ ਕੋਈ ਰਾਜ਼ੀ ਨਹੀਂ ਸੀ। ਉਹਨਾਂ ਕਿਹਾ ਕਿ ਕੇਜਰੀਵਾਲ ਪੰਜਾਬ ਦੇ ਮੰਨੇ ਪ੍ਰਮੰਨੇ ਵਿਰੋਧੀ ਹਨ ਜਿਸਨੇ ਪੰਜਾਬ ਦੇ ਥਰਮਲ ਪਲਾਂਟ ਬੰਦ ਕਰਨ ਦੀ ਮੰਗ ਕੀਤੀ, ਐਸ ਵਾਈ ਐਲ ਨਹਿਰ ਕੱਢ ਕੇ ਪੰਜਾਬ ਦਾ ਪਾਣੀ ਦਿੱਲੀ ਲਿਜਾਣ ਦੀ ਵਕਾਲਤ ਕੀਤੀ ਤੇ ਸੁਪਰੀਮ ਕੋਰਟ ਵਿਚ ਜਾ ਕੇ ਇਹ ਵੀ ਮੰਗ ਕੀਤੀ ਕਿ ਪਰਾਲੀ ਸਾੜਨ ਵਾਲੇ ਪੰਜਾਬ ਦੇ ਕਿਸਾਨਾਂ ਦੇ ਖਿਲਾਫ ਕੇਸ ਦਰਜ ਕੀਤੇ ਜਾਣ। ਉਹਨਾਂ ਕਿਹਾ ਕਿ ਕੇਜਰੀਵਾਲ ਸਿੱਖ ਵਿਰੋਧੀ ਵੀ ਹੈ ਜੋ ਲਗਾਤਾਰ ਭਾਈ ਦਵਿੰਦਰ ਸਿੰਘ ਭੁੱਲਰ ਨੁੰ ਰਿਹਾਅ ਕਰਨ ਤੋਂ ਇਨਕਾਰੀ ਹੈ ਹਾਲਾਂਕਿ ਭਾਈ ਭੁੱਲਰ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਸਿੱਖ ਕੈਦੀਆਂ ਦੀ ਰਿਹਾਈ ਵਾਸਤੇ ਆਪਣਾ ਸੰਘਰਸ਼ ਜਾਰੀ ਰੱਖੇਗਾ।

ਮੀਡੀਆ ਦੇ ਇਕ ਹੋਰ ਸਵਾਲ ਦੇ ਜਵਾਬ ਵਿਚ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਆਪ ਲੀਡਰਸ਼ਿਪ ਦਾ ਕੋਈ ਸਟੈਂਡ ਨਹੀਂ ਹੈ। ਉਹਨਾਂ ਨੇ ਇਹ ਦਾਅਵਾ ਕੀਤਾ ਸੀ ਕਿ ਟਿਕਟਾਂ ਸਾਫ ਸੁਥਰੇ ਅਕਸ ਵਾਲੇ ਉਮੀਦਵਾਰਾਂ ਨੂੰ ਦਿੱਤੀਆਂ ਗਈਆਂ ਹਨ ਜਦੋਂ ਕਿ ਹੁਣ ਸਾਹਮਣੇ ਆਇਆ ਹੈ ਕਿ ਬਹੁ ਗਿਣਤੀ ਉਮੀਦਵਾਰਾਂ ਦਾ ਪਿਛੋਕੜ ਅਪਰਾਧਿਕ ਹੈ। ਉਹਨਾਂ ਨੇ ਡੇਰਾ ਬਾਬਾ ਨਾਨਕ ਦੇ ਉਮੀਦਵਾਰ ਦਾ ਉਚੇਚੇ ਤੌਰ ’ਤੇ ਜ਼ਿਕਰ ਕੀਤਾ ਜਿਸਦੇ ਖਿਲਾਫ ਅਤਿਵਾਦੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਦਾ ਕੇਸ ਦਰਜ ਹੈ। ਇਸੇ ਤਰੀਕੇ ਲੁਧਿਆਣਾ ਜ਼ਿਲ੍ਹੇ ਦੇ ਉਮੀਦਵਾਰ ਫਿਰੌਤੀਆਂ ਲੈਣ ਲਈ ਅਤੇ ਬਠਿੰਡਾ ਦਿਹਾਤੀ ਦਾ ਉਮੀਦਵਾਰ ਮਾਲਵਾ ਦੇ ਮਾਸੂਮ ਲੋਕਾਂ ਨਾਲ ਠੱਗੀਆਂ ਮਾਰਨ ਲਈ ਮਸ਼ਹੂਰ ਹੈ।

ਸਰਦਾਰ ਬਾਦਲ ਨੇ ਲੋਕਾਂ ਨੁੰ ਅਪੀਲ ਕੀਤੀ ਕਿ ਕੁਝ ਮੀਡੀਆ ਘਰਾਣਿਆਂ ਵੱਲੋਂ ਪੇਸ਼ ਕੀਤੇ ਜਾ ਰਹੇ ਸਰਵੇਖਣਾਂ ’ਤੇ ਵਿਸ਼ਵਾਸ ਨਾ ਕਰਨ। ਉਹਨਾਂ ਕਿਹਾ ਕਿ ਇਹ ਸਭ ਪੈਸੇ ਦੇ ਕੇ ਕਰਵਾਈਆਂ ਖੇਡਾਂ ਹੁੰਦੀਆਂ ਹਨ ਅਤੇ ਇਹ ਸਾਰੇ ਸਰਵੇਖਣ ਇਹ ਦੱਸ ਰਹੇ ਹਨ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਨੂੰ ਚੰਗਾ ਹੁੰਗਾਰਾ ਨਹੀਂ ਮਿਲੇਗਾ ਪਰ ਇਹਨਾਂ ਸਰਵੇਖਣ ਦਾ ਚੋਣ ਨਤੀਜਿਆਂ ਨਾਲ ਕੋਈ ਸੰਬੰਧ ਨਹੀਂ ਹੈ। ਉਹਨਾਂ ਕਿਹਾ ਕਿ ਗਠਜੋੜ ਸਪਸ਼ਟ ਬਹੁਮਤ ਨਾਲ ਸੱਤਾ ਵਿਚ ਆਵੇਗਾ।

ਇਸ ਮੌਕੇ ਜੋ ਅਕਾਲੀ ਦਲ ਵਿਚ ਸ਼ਾਮਲ ਹੋਏ ਉਹਨਾਂ ਵਿਚ ਲੇਬਰਫੈਡ ਪੰਜਾਬ ਦੇ ਚੇਅਰਮੈਨ ਜਗਤਾਰ ਸਿੰਘ ਗੋਸਲ, ਅੰਮ੍ਰਿਤਸਰ ਦੇ ਤਿੰਨ ਮੌਜੂਦਾ ਕਾਂਗਰਸੀ ਕੌਂਸਲਰ ਜਗਦੀਪ ਸਿੰਘ ਰਿੰਕੂ ਨਰੂਲਾ, ਜਸਬੀਰ ਸਿੰਘ ਨਿਜਾਮਪੁਰਾ ਤੇ ਅਸ਼ਵਨੀ ਕੁਮਾਰ ਭਗਤ, ਬਲਵਿੰਦਰ ਸਿੰਘ ਹਰੂਵਾਲ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਡੇਰਾ ਬਾਬਾ ਨਾਨਕ, ਪਰਮਿੰਦਰ ਸਿੰਘ ਘਨੱਈਆ ਜਨਰਲ ਸਕੱਤਰ ਐਨ ਆਰਆਈ ਵਿੰਗ ਕਾਂਗਰਸ ਤੇ ਸਾਬਕਾ ਬਲਾਕ ਸੰਮਤੀ ਮੈਂਬਰ, ਰਿਤੂ ਸਹੋਤਾ ਜ਼ਿਲ੍ਹਾ ਪ੍ਰਧਾਨ ਆਪ ਮਹਿਲਾ ਵਿੰਗ ਗੁਰਦਾਸਪੁਰ, ਆਰਿਫ ਚੌਹਾਨ ਚੇਅਰਮੈਨ ਕ੍ਰਿਸ਼ਚਨ ਸੇਵਾ ਫਰੰਟ, ਸਤਵਿੰਦਰ ਸਿੰਘ ਮੈਂਬਰ ਬਲਾਕ ਸੰਮਤੀ ਕਲਾਨੌਰ, ਬਲਦੇਵ ਸਿੰਘ ਬੂਰਾ ਡਾਇਰੈਕਟਰ ਮਾਰਕੀਟ ਕਮੇਟੀ ਡੇਰਾ ਬਾਬਾ ਨਾਨਕ, ਜਸਬੀਰ ਸਿੰਘ ਕਾਹਲੋਂ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ ਗੁਰਦਾਸਪੁਰ, ਦਿਲਬਾਗ ਸਿੰਘ ਸਰਪੰਚ ਕਿਲਾ ਨੱਥੂ ਸਿੰਘ,  ਕ੍ਰਿਸ਼ਨਾ ਸਰਪੰਚ ਦਬੁਰਜੀ, ਬਲਕਾਰ ਸਿੰਘ ਮੈਂਬਰ ਬਲਾਕ ਸੰਮਤੀ ਕਲਾਨੌਰ ਤੇ ਕੁਲਵੰਤ ਪਾਲ ਸਾਬਕਾ ਸਰਪੰਚ ਕਲਾਨੌਰ ਸ਼ਾਮਲ ਹਨ। ਇਹਨਾਂ ਤੋਂ ਇਲਾਵਾ ਗੁਰਮਿੰਦਰ ਸਿੰਘ ਰਟੌਲ, ਵਿਜੇਪਾਲ ਸਿੰਘ ਚੌਧਰੀ, ਜਗਦੀਸ਼ ਕੁਮਾਰ ਤੇ ਅਨੀਤਾ ਵਰਮਾ ਵਰਗੇ ਕਈ ਕਾਂਗਰਸੀ ਆਗੂ ਵੀ ਅਕਾਲੀ ਦਲ ਵਿਚ ਸ਼ਾਮਲ ਹੋਏ ਜਿਹਨਾਂ ਨੂੰ ਪਾਰਟੀ ਪ੍ਰਧਾਨ ਨੇ ਅਹੁਦੇ ਤੇ ਜ਼ਿੰਮੇਵਾਰੀਆਂ ਦੇਣ ਦਾ ਐਲਾਨ ਕੀਤਾ।

Written By
The Punjab Wire