Close

Recent Posts

ਹੋਰ ਪੰਜਾਬ ਮੁੱਖ ਖ਼ਬਰ ਰਾਜਨੀਤੀ ਵਿਦੇਸ਼

ਸਰਬੱਤ ਦਾ ਭਲਾ ਟਰੱਸਟ ਹੁਣ ਭਾਰਤ ‘ਚ ਫ਼ਸੇ 200 ਅਫ਼ਗ਼ਾਨਿਸਤਾਨੀ ਸੈਨਿਕਾਂ ਦੇ ਪਰਿਵਾਰਾਂ ਨੂੰ ਦੇਵੇਗਾ 6 ਮਹੀਨੇ ਤੱਕ ਸੁੱਕਾ ਰਾਸ਼ਨ

ਸਰਬੱਤ ਦਾ ਭਲਾ ਟਰੱਸਟ ਹੁਣ ਭਾਰਤ ‘ਚ ਫ਼ਸੇ 200 ਅਫ਼ਗ਼ਾਨਿਸਤਾਨੀ ਸੈਨਿਕਾਂ ਦੇ ਪਰਿਵਾਰਾਂ ਨੂੰ ਦੇਵੇਗਾ 6 ਮਹੀਨੇ ਤੱਕ ਸੁੱਕਾ ਰਾਸ਼ਨ
  • PublishedJanuary 5, 2022

ਇਨਸਾਨੀਅਤ ਦੀ ਖ਼ਿਦਮਤ ਲਈ ਡਾ.ਓਬਰਾਏ ਵੱਲੋਂ ਕੀਤੇ ਜਾਂਦੇ ਸੇਵਾ ਕਾਰਜ ਬੇਮਿਸਾਲ : ਅੰਬੈਸਡਰ ਫ਼ਰੀਦ ਮਾਮੰਦਜ਼ਈ

ਜੇਕਰ ਭਵਿੱਖ ‘ਚ ਵੀ ਕੋਈ ਜ਼ਰੂਰਤ ਪਈ ਤਾਂ ਟਰੱਸਟ ਕਰੇਗਾ ਹਰ ਸੰਭਵ ਮਦਦ : ਡਾ.ਓਬਰਾਏ

ਅੰਮ੍ਰਿਤਸਰ, 5 ਜਨਵਰੀ । ਬਿਨਾਂ ਕਿਸੇ ਸਵਾਰਥ ਤੋਂ ਆਪਣੇ ਪੱਲਿਓਂ ਕਰੋੜਾਂ ਰੁਪਏ ਖਰਚ ਕਰ ਕੇ ਦਿਨ-ਰਾਤ ਦੀਨ ਦੁਖੀਆਂ ਦੀ ਸੇਵਾ ‘ਚ ਜੁਟੇ ਰਹਿਣ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਟਰੱਸਟ ਦੇ ਬਾਨੀ ਡਾ.ਐੱਸ.ਪੀ.ਸਿੰਘ ਓਬਰਾਏ ਵੱਲੋਂ ਅਫਗਾਨਿਸਤਾਨ ਤੋਂ ਉੱਜੜ ਕੇ ਭਾਰਤ ਆਏ 20 ਹਜ਼ਾਰ ਦੇ ਕਰੀਬ ਸ਼ਰਨਾਰਥੀਆਂ ਲਈ ਸੁੱਕੇ ਰਾਸ਼ਨ ਤੇ ਮੈਡੀਕਲ ਸਾਮਾਨ ਦੀ ਵੱਡੀ ਮਦਦ ਕਰਨ ਉਪਰੰਤ ਹੁਣ ਭਾਰਤ ਅੰਦਰ ਟ੍ਰੇਨਿੰਗ ਲਈ ਆਏ ਪਰ ਇੱਥੇ ਫਸ ਚੁੱਕੇ 200 ਅਫਗਾਨਿਸਤਾਨੀ ਸੈਨਿਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ 6 ਮਹੀਨਿਆਂ ਤੱਕ ਸੁੱਕਾ ਰਾਸ਼ਨ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਟਰੱਸਟ ਮੁਖੀ ਡਾ.ਐਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਅਫ਼ਗਾਨਿਸਤਾਨ ਅੰਬੈਸੀ ਦੇ ਅੰਬੈਸਡਰ ਫ਼ਰੀਦ ਮਾਮੰਦਜ਼ਈਦੀ ਦੇ ਸੱਦੇ ਤੇ ਅੱਜ ਉਨ੍ਹਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕਰ ਕੇ ਉਨ੍ਹਾਂ ਅਫ਼ਗ਼ਾਨਿਸਤਾਨ ਤੋਂ ਉੱਜੜ ਕੇ ਆਏ ਲੋਕਾਂ ਨੂੰ ਆ ਰਹੀਆਂ ਕਈ ਪ੍ਰਕਾਰ ਦੀਆਂ ਦਿੱਕਤਾਂ ਸਬੰਧੀ ਵਿਚਾਰ-ਚਰਚਾ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਕਰੀਬ 20 ਹਜ਼ਾਰ ਸ਼ਰਨਾਰਥੀਆਂ,ਜਿਨ੍ਹਾਂ ਦੀ ਕੋਰੋਨਾ ਮਹਾਂਮਾਰੀ ਨਾਲ ਪੈਦਾ ਹੋਏ ਹਾਲਾਤਾਂ ‘ਚ ਤਰਸਯੋਗ ਹਾਲਤ ਬਣੀ ਹੋਈ ਸੀ।

ਅੰਬੈਸੀ ਦੀ ਮੰਗ ਤੇ ਦੋਵੇਂ ਈਦ ਦੇ ਤਿਉਹਾਰਾਂ ਮੌਕੇ ਵੱਡੇ ਪੱਧਰ ਤੇ ਸੁੱਕਾ ਰਾਸ਼ਨ ਅਤੇ ਮੈਡੀਕਲ ਨਾਲ ਸਬੰਧਤ ਸਾਮਾਨ ਦਿੱਤਾ ਗਿਆ ਸੀ ਉਥੇ ਹੀ ਹੁਣ ਟਰੱਸਟ ਵੱਲੋਂ ਭਾਰਤ ਅੰਦਰ ਟ੍ਰੇਨਿੰਗ ਲਈ ਆਏ ਪਰ ਅਫ਼ਗਾਨਿਸਤਾਨ ਅੰਦਰ ਪੈਦਾ ਹੋਏ ਹਾਲਾਤਾਂ ਕਾਰਨ ਵਾਪਸ ਨਾ ਜਾ ਸਕੇ 200 ਅਫਗਾਨਿਸਤਾਨੀ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ 6 ਮਹੀਨਿਆਂ ਲਈ ਸੁੱਕਾ ਰਾਸ਼ਨ ਦੇਣ ਦਾ ਫ਼ੈਸਲੇ ਕੀਤਾ ਹੈ। ਜਿਸ ਤਹਿਤ ਉਕਤ ਪਰਿਵਾਰਾਂ ਨੂੰ ਹੁਣ ਤਕ ਦੋ ਮਹੀਨੇ ਦਾ ਰਾਸ਼ਨ ਦਿੱਤਾ ਜਾ ਚੁੱਕਿਆ ਹੈ। ਉਨ੍ਹਾਂ ਇਹ ਵੀ ਦੱਸੇਗਾ ਕਿ ਅੱਜ ਦੀ ਮੀਟਿੰਗ ਦੌਰਾਨ ਉਨ੍ਹਾਂ ਦੇ ਧਿਆਨ ‘ਚ ਇਹ ਵੀ ਆਇਆ ਹੈ ਕਿ ਜੋ ਸੈਨਿਕ ਪਰਿਵਾਰ ਸਮੇਤ ਇੱਥੇ ਰਹਿ ਰਹੇ ਹਨ, ਉਨ੍ਹਾਂ ਨੂੰ ਰਹਿਣ-ਸਹਿਣ ਦੇ ਪ੍ਰਬੰਧ ‘ਚ ਵੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡਾ.ਓਬਰਾਏ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਮੁਸ਼ਕਿਲ ਦੇ ਹੱਲ ਲਈ ਅੰਬੈਸੀ ਨੂੰ ਕਹਿ ਦਿੱਤਾ ਹੈ ਕਿ ਉਹ ਇਨ੍ਹਾਂ ਸੈਨਿਕਾਂ ਦੇ ਰਹਿਣ ਲਈ ਢੁੱਕਵੀਂ ਬਿਲਡਿੰਗ ਦਾ ਪ੍ਰਬੰਧ ਕਰ ਲਵੇ,ਜਿਸ ਦਾ ਕਿਰਾਇਆ ਟਰੱਸਟ ਵੱਲੋਂ ਦੇ ਦਿੱਤਾ ਜਾਵੇਗਾ। ਡਾ.ਓਬਰਾਏ ਨੇ ਮੁੜ ਅੰਬੈਸੀ ਨੂੰ ਇਹ ਵੀ ਵਿਸਵਾਸ਼ ਦਿਵਾਇਆ ਹੈ ਕਿ ਜੇਕਰ ਭਵਿੱਖ ‘ਚ ਵੀ ਕੋਈ ਅਜਿਹੀ ਜ਼ਰੂਰਤ ਪੈਂਦੀ ਹੈ ਤਾਂ ਟਰੱਸਟ ਉਨ੍ਹਾਂ ਦਾ ਸਾਥ ਦੇਵੇਗਾ।

ਇਸ ਦੌਰਾਨ ਟਰੱਸਟ ਮੁਖੀ ਡਾ.ਓਬਰਾਏ ਨੂੰ “ਮਨੁੱਖਤਾ ਦਾ ਮਸੀਹਾ” ਐਵਾਰਡ ਨਾਲ ਸਨਮਾਨਿਤ ਕਰਨ ਉਪਰੰਤ ਅਫਗਾਨਿਸਤਾਨ ਅੰਬੈਸਡਰ ਫ਼ਰੀਦ ਮਾਮੰਦਜ਼ਈ ਨੇ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਹਰ ਮੁਸ਼ਕਲ ਘੜੀ ‘ਚ ਡਾ. ਓਬਰਾਏ ਵਲੋਂ ਜੋ ਉਨ੍ਹਾਂ ਦੇ ਲੋਕਾਂ ਦੀ ਮਦਦ ਕੀਤੀ ਗਈ ਹੈ, ਉਸ ਨੂੰ ਕਦੇ ਵੀ ਭੁਲਾਇਆ ਨਹੀਂ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਆਪਣੇ ਅਮੀਰ ਵਿਰਸੇ ਤੇ ਵਿਰਾਸਤ ਤੇ ਪੂਰੇ ਉਤਰਦਿਆਂ ਡਾ. ਓਬਰਾਏ ਨੇ ਜੋ ਵੀ ਉਨ੍ਹਾਂ ਦੀ ਸੇਵਾ ਕੀਤੀ ਹੈ,ਉਸ ਦੀ ਕਿਧਰੇ ਵੀ ਕੋਈ ਹੋਰ ਮਿਸਾਲ ਨਹੀਂ ਮਿਲਦੀ।

ਇਸ ਮੌਕੇ ਉਪਰੋਕਤ ਤੋਂ ਇਲਾਵਾ ਟਰੱਸਟ ਦੀ ਦਿੱਲੀ ਇਕਾਈ ਦੇ ਪ੍ਰਧਾਨ ਕੰਵਲਜੀਤ ਸਿੰਘ ਕੋਛੜ,ਗਵਾਲੀਅਰ ਇਕਾਈ ਦੇ ਪ੍ਰਧਾਨ ਉਦੈਵੀਰ ਸਿੰਘ ਅਤੇ ਅੰਬੈਸੀ ਦੇ ਹੋਰ ਉੱਚ ਅਧਿਕਾਰੀ ਵੀ ਮੌਜੂਦ ਸਨ ।

Written By
The Punjab Wire