ਗੁਰਦਾਸਪੁਰ, 3 ਜਨਵਰੀ (ਮੰਨਣ ਸੈਣੀ)। ਵਿਰੋਧਿਆਂ ਨੂੰ ਹੀ ਨਹੀਂ ਸਗੋਂ ਆਪਣੀ ਹੀ ਪਾਰਟੀ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੀਤੇ ਰਹੇ ਕਈ ਲੋਕ ਲੁਭਾਵਣੇ ਐਲਾਨਾਂ ਨੂੰ ‘ਲੌਲੀਪੌਪ’, ਗਾਰੰਟੀਆਂ ਨੂੰ ਝੂਠ ਅਤੇ ਐਲਾਨਾਂ ਨੂੰ ‘ਝੂਠੇ ਵਾਅਦੇ’ ਦੱਸ ਕੇ ਭੰਡਣ ਵਾਲੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ਅੱਜ ਉਸ ਵੇਲੇ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਏ ਜੱਦ ਉਹਨਾਂ ਵੱਲੋ ਵੀ ਹੁਣ ਉਹ ਰਾਹ ਅਖਤਿਆਰ ਕੀਤਾ ਗਿਆ। ਹਾਲਾਕਿ ਸਿੱਧੂ ਦਾ ਕਹਿਣਾ ਹੈ ਕਿ ਉਹਨਾਂ ਦੇ ਪੰਜਾਬ ਮਾਡਲ ਦੇ ਤਹਿਤ ਰਾਜ ਦੀਆਂ ਔਰਤਾਂ ਅਤੇ ਬੱਚੀਆਂ ਲਈ ਮਹਿਜ ਐਲਾਨ ਨਹੀਂ ਕਰ ਰਹੇ ਬਲਕਿ ਇਹ ਉਹਨਾਂ ਦੀ ਜ਼ੁਬਾਨ ਹੈ ਕਿ ਇਹ ਸਾਰੇ ਐਲਾਨ ਹਰ ਹਾਲਤ ਵਿੱਚ ਨਿਭਾਏ ਜਾਣਗੇ।
ਜ਼ਿਕਰਯੋਗ ਹੈ ਕਿ ਸ: ਸਿੱਧੂ ਹਰ ਪਾਰਟੀ ਦੇ ਐਲਾਨਾਂ, ਚੋਣ ਵਾਅਦਿਆਂ ਅਤੇ ਗਾਰੰਟੀਆਂ ’ਤੇ ਤਨਜ਼ ਕੱਸਦੇ ਹੋਏ ਸਵਾਲ ਕਰਦੇ ਰਹੇ ਹਨ ਕਿ ਇਹ ਲੋਕ ਬਿਨਾਂ ਕਿਸੇ ਗੱਲ ਦੇ ਹੀ ਐਲਾਨ ਕਰੀ ਜਾਂਦੇ ਹਨ ਜਦਕਿ ਇਹ ਪੂਰੇ ਕਰਨੇ ਹੀ ਸੰਭਵ ਨਹੀਂ ਹੋਣਗੇ ਪਰ ਅੱਜ ਸ: ਸਿੱਧੂ ਨੇ ਖ਼ੁਦ ਉਸੇ ਤਰ੍ਹਾਂ ਦੇ ਕੁਝ ਐਲਾਨ ਕਰ ਦਿੱਤੇ ਜਿਨ੍ਹਾਂ ਦਾ ਉਹ ਆਪ ਹੀ ਮਜ਼ਾਕ ਉਡਾਉਂਦੇ ਰਹੇ ਹਨ।
‘ਅੱਧੀ ਆਬਾਦੀ, ਪੂਰਾ ਹੱਕ’ ਦਾ ਨਵਾਂ ਨਾਅਰਾ ਦਿੰਦਿਆਂ ਸ: ਸਿੰਧੂ ਨੇ ਕਿਹਾ ਕਿ ਉਹ ਇਹ ‘ਠੋਕ ਕੇ ਕਹਿਦੇ ਹਨ ਕਿ ਇਹ ਕਾਂਗਰਸ ਪਾਰਟੀ ਵੱਲੋਂ ਸ੍ਰੀਮਤੀ ਸੋਨੀਆ ਗਾਂਧੀ, ਸ੍ਰੀ ਰਾਹੁਲ ਗਾਂਧੀ ਅ ਤੇ ਸ੍ਰੀਮਤੀ ਪ੍ਰਿਅੰਕਾ ਗਾਂਧੀ ਦੇ ਐਲਾਨ ਹਨ।’
ਭਦੌੜ ਵਿਖ਼ੇ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਸ: ਸਿੱਧੂ ਨੇ ਹੇਠ ਲਿਖ਼ੇ ਐਲਾਨ ਕੀਤੇ:
5ਵੀਂ ਪਾਸ ਕਰਨ ’ਤੇ ਹਰ ਵਿਦਿਆਰਥਣ ਨੂੂੰ ਦਿੱਤੇ ਜਾਣਗੇ 5 ਹਜ਼ਾਰ ਰੁਪਏ।
10ਵੀਂ ਪਾਸ ਕਰਨ ’ਤੇ ਹਰ ਵਿਦਿਆਰਥਣ ਨੂੰ ਦਿੱਤੇ ਜਾਣਗੇ 15 ਹਜ਼ਾਰ ਰੁਪਏ।
12ਵੀਂ ਪਾਸ ਕਰਨ ’ਤੇ ਹਰ ਵਿਦਿਆਰਥਣ ਨੂੂੰ ਮਿਲਣਗੇ 20 ਹਜ਼ਾਰ ਰੁਪਏ।
ਕਾਲਜ ਵਿੱਚ ਦਾਖ਼ਲਾ ਲੈਣ ’ਤੇ ਕਾਲਜ ਦੀ ਦਾਖ਼ਲਾ ਪਰਚੀ ਨਾਲ ਇਕ ਸਕੂਟੀ ਦਿੱਤੀ ਜਾਵੇਗੀ।
ਗ੍ਰਹਿਣੀਆਂ ਨੂੰ 2 ਹਜ਼ਾਰ ਰੁਪਏ ਪ੍ਰਤੀ ਮਹੀਨਾ ਅਤੇ ਹਰ ਸਾਲ ਦੇ 8 ਸਿਲੰਡਰ ਮੁਫ਼ਤ ਦਿੱਤੇ ਜਾਣਗੇ।
ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਸੂਬੇ ਭਰ ਵਿੱਚ ਕਿਸੇ ਔਰਤ ਦੇ ਨਾਂਅ ਜਾਇਦਾਦ ਦੀ ਰਜਿਸਟਰੇਸ਼ਨ ਲਈ ਕੋਈ ਫ਼ੀਸ ਨਹੀਂ ਲਈ ਜਾਵੇਗੀ।
ਔਰਤਾਂ ਦੇ ਕੰਮ ਕਰਨ ਲਈ 2 ਲੱਖ ਰੁਪਏ ਤਕ ਦਾ ਵਿਆਜ ਰਹਿਤ ਕਰਜ਼ਾ ਦਿੱਤਾ ਜਾਵੇਗਾ।
ਵਿਦੇਸ਼ ਜਾਣ ਵਾਲੀਆਂ ਬੱਚੀਆਂ ਨੂੰ ਇਕ ਟੈਬਲੈਟ ਮੁਫ਼ਤ ਦਿੱਤੀ ਜਾਵੇਗੀ।
ਲੜਕੀਆਂ, ਖ਼ਾਸ ਕਰ ਕਾਲਜ ਜਾਣ ਵਾਲੀਆਂ ਲੜਕੀਆਂ ਨੂੰ ਤੰਗ ਕਰਨ ਦੀ ਸਮੱਸਿਆ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਰਾਜ ਅੰਦਰ ਦੋ ਔਰਤਾਂ ਦੀਆਂ ਕਮਾਂਡੋ ਬਟਾਲੀਅਨ ਬਣਾਈਆਂ ਜਾਣਗੀਆਂ। ਹਰ ਪਿੰਡ ਵਿੱਚ 2 ਕਮਾਂਡੋ ਤਾਇਨਾਤ ਹੋਣਗੀਆਂ ਅਤੇ ਇਸੇ ਤਰ੍ਹਾਂ ਇਨ੍ਹਾਂ ਕਮਾਂਡੋਜ਼ ਦੀ ਤਾਇਨਾਤੀ ਸ਼ਹਿਰਾਂ ਵਿੱਚ ਵੀ ਹੋਵੇਗੀ। ਉਹਨਾਂ ਕਿਹਾ ਕਿ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਮਹਿਸੂਸ ਕਰਨ ’ਤੇ ਲੜਕੀਆਂ ਕਮਾਂਡੋਜ਼ ਨੂੰ ਫ਼ੋਨ ਕਰਨਗੀਆਂ ਜੋ ਮਨਚਲੇ ਲੋਕਾਂ ਨੂੰ ਸਿੱਧਿਆਂ ਕਰਨਗੀਆਂ। ਉਹਨਾਂ ਨੇ ਦਾਅਵਾ ਕੀਤਾ ਕਿ ਉਹ ਇਹ ਸਾਰਾ ਕੁਝ ਚੋਰ ਮੋਰੀਆਂ ਬੰਦ ਕਰਕੇ ਅਤੇ ਮਾਫ਼ੀਆ ਦੀ ਜੇਬ ਵਿੱਚੋਂ ਕੱਢ ਕੇ ਕਰਨਗੇ ਜਿਹੜੀਆਂ ਦੂਜੀਆਂ ਪਾਰਟੀਆਂ ਨਹੀਂ ਕਰ ਸਕੀਆਂ।