ਹੋਰ ਗੁਰਦਾਸਪੁਰ ਪੰਜਾਬ ਰਾਜਨੀਤੀ

ਮੰਤਰੀ ਤ੍ਰਿਪਤ ਬਾਜਵਾ ਨੇ ਨਵੇਂ ਸਾਲ ’ਤੇ ਬਟਾਲਾ ਵਾਸੀਆਂ ਨੂੰ ਦਿੱਤਾ ਇੱਕ ਹੋਰ ਸ਼ਾਨਦਾਰ ਤੋਹਫ਼ਾ

ਮੰਤਰੀ ਤ੍ਰਿਪਤ ਬਾਜਵਾ ਨੇ ਨਵੇਂ ਸਾਲ ’ਤੇ ਬਟਾਲਾ ਵਾਸੀਆਂ ਨੂੰ ਦਿੱਤਾ ਇੱਕ ਹੋਰ ਸ਼ਾਨਦਾਰ ਤੋਹਫ਼ਾ
  • PublishedJanuary 2, 2022

10 ਕਰੋੜ ਦੀ ਲਾਗਤ ਨਾਲ ਸਿਟੀ ਰੋਡ ਦੇ ਪੁੱਲ ਤੋਂ ਅੰਮ੍ਰਿਤਸਰ ਬਾਈਪਾਸ ਤੱਕ ਹੋਵੇਗੀ ਹੰਸਲੀ ਦੀ ਸਾਈਡ-ਲਾਇਨਿੰਗ

2 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ ਸ਼ਹਾਬਪੁਰ ਵਾਲਾ ਨਵਾਂ ਪੁੱਲ

ਬਟਾਲਾ, 2 ਜਨਵਰੀ ( ਮੰਨਣ ਸੈਣੀ ) । ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਨਵੇਂ ਸਾਲ ਮੌਕੇ ਬਟਾਲਾ ਸ਼ਹਿਰ ਵਾਸੀਆਂ ਨੂੰ ਇੱਕ ਹੋਰ ਵੱਡਾ ਤੋਹਫ਼ਾ ਦਿੱਤਾ ਹੈ। ਸ. ਬਾਜਵਾ ਦੇ ਯਤਨਾ ਸਦਕਾ ਪੰਜਾਬ ਸਰਕਾਰ ਵੱਲੋਂ ਬਟਾਲਾ ਸ਼ਹਿਰ ਵਿੱਚ ਸਿਟੀ ਰੋਡ ਤੋਂ ਅੰਮ੍ਰਿਤਸਰ ਬਾਈਪਾਸ ਤੱਕ 10 ਕਰੋੜ ਰੁਪਏ ਦੀ ਲਾਗਤ ਨਾਲ ਹੰਸਲੀ ਨਾਲੇ ਦੀ ਸਾਈਡ-ਲਾਇਨਿੰਗ ਕੀਤੀ ਜਾਵੇਗੀ ਅਤੇ ਹੰਸਲੀ ਨਾਲੇ ਉੱਪਰ ਸ਼ਹਾਬਪੁਰ ਵਾਲੇ ਪੁੱਲ ਨੂੰ 2 ਕਰੋੜ ਰੁਪਏ ਖਰਚ ਕੇ ਨਵਾਂ ਬਣਾਇਆ ਜਾਵੇਗਾ। ਇਨ੍ਹਾਂ ਦੋਹਾਂ ਬਹੁ-ਕਰੋੜ ਪ੍ਰੋਜੈਕਟਾਂ ਦੇ ਨੀਂਹ ਪੱਥਰ ਅੱਜ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਰੱਖੇ ਗਏ।

ਹੰਸਲੀ ਨਾਲੇ ਦੀ ਸਾਈਡ-ਲਾਇਨਿੰਗ ਅਤੇ ਸ਼ਹਾਬਪੁਰ ਨੇੜੇ ਹਾਈ ਲੈਵਲ ਪੁੱਲ ਦੇ ਨਿਰਮਾਣ ਦਾ ਨੀਂਹ ਪੱਥਰ ਰੱਖਦਿਆਂ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਹਿਲੇ ਪੜਾਅ ਤਹਿਤ ਕਾਹਨੂੰਵਾਨ ਰੋਡ ਤੋਂ ਜਲੰਧਰ ਰੋਡ ਤੱਕ ਹੰਸਲੀ ਨਾਲੇ ਦੇ ਕਿਨਾਰਿਆਂ ਨੂੰ ਪੱਕਿਆਂ ਕੀਤਾ ਗਿਆ ਸੀ ਅਤੇ ਉਸ ਪ੍ਰੋਜੈਕਟ ਦੇ ਮੁਕੰਮਲ ਹੋਣ ਤੋਂ ਬਾਅਦ ਹੁਣ ਸਿਟੀ ਰੋਡ ਦੇ ਪੁੱਲ ਤੋਂ ਅੰਮ੍ਰਿਤਸਰ ਬਾਈਪਾਸ ਤੱਕ ਹੰਸਲੀ ਦੇ ਕਿਨਾਰੇੇ ਪੱਕੇ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਉੱਪਰ 10 ਕਰੋੜ ਦੇ ਕਰੀਬ ਖਰਚਾ ਆਵੇਗਾ। ਉਨ੍ਹਾਂ ਦੱਸਿਆ ਕਿ ਇਸਦੇ ਨਾਲ ਹੀ ਹੰਸਲੀ ਨਾਲੇ ਉੱਪਰ ਸ਼ਹਾਬਪੁਰ ਵਾਲਾ ਪੁੱਲ ਕਾਫੀ ਤੰਗ ਤੇ ਖਸਤਾ ਹਾਲਤ ਵਿੱਚ ਹੈ, ਸੋ ਉਸ ਪੁੱਲ ਨੂੰ ਵੀ 22 ਫੁੱਟ ਦੇ ਕਰੀਬ ਚੌੜਾ ਕਰਕੇ ਨਵਾਂ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੁੱਲ ਦੇ ਨਿਰਮਾਣ ’ਤੇ ਕਰੀਬ 2 ਕਰੋੜ ਰੁਪਏ ਖਰਚ ਆਉਣ ਦਾ ਅਨੁਮਾਨ ਹੈ।
ਸ. ਬਾਜਵਾ ਨੇ ਦੱਸਿਆ ਕਿ ਹੰਸਲੀ ਨਾਲੇ ਦੀ ਸਾਈਡ-ਲਾਇਨਿੰਗ ਦੇ ਨਾਲ ਕਿਨਾਰਿਆਂ ’ਤੇ ਇੰਟਰਲਾਕ ਟਾਈਲ ਲਗਾ ਕੇ ਖੂਬਸੂਰਤ ਰਸਤਾ ਬਣਾਇਆ ਜਾਵੇਗਾ ਤਾਂ ਜੋ ਲੋਕਾਂ ਨੂੰ ਆਵਾਜਾਈ ਦੀ ਸਮੱਸਿਆ ਤੋਂ ਨਿਜਾਤ ਮਿਲ ਸਕੇ। ਉਨ੍ਹਾਂ ਦੱਸਿਆ ਕਿ ਇਸਦੇ ਨਾਲ ਹੀ ਸਿਟੀ ਰੋਡ ਵਾਲੇ ਪੁੱਲ ਦੇ ਕੋਲ ਜੋ ਮੰਦਰ ਹੈ ਉਸਦੇ ਨਜ਼ਦੀਕ ਵਾਹਨਾਂ ਲਈ ਇੱਕ ਪਾਰਕਿੰਗ ਬਣਾਈ ਜਾਵੇਗੀ ਤਾਂ ਜੋ ਬਜ਼ਾਰ ਵਿੱਚ ਖਰੀਦੋ-ਫਰੋਖਤ ਕਰਨ ਆਉਣ ਵਾਲੇ ਲੋਕਾਂ ਨੂੰ ਗੱਡੀ ਪਾਰਕ ਕਰਨ ਦੀ ਕੋਈ ਸਮੱਸਿਆ ਨਾ ਰਹੇ।  ਉਨ੍ਹਾਂ ਕਿਹਾ ਕਿ ਅਗਲੇ ਕੁਝ ਮਹੀਨਿਆਂ ਵਿੱਚ ਇਹ ਪ੍ਰੋਜੈਕਟ ਮੁਕੰਮਲ ਹੋ ਜਾਣਗੇ।

ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਉਨ੍ਹਾਂ ਨੇ ਬਟਾਲਾ ਸ਼ਹਿਰ ਦੇ ਵਿਕਾਸ ਲਈ ਆਪਣੇ ਹਰ ਸੰਭਵ ਯਤਨ ਕੀਤੇ ਹਨ ਅਤੇ ਲੋਕਾਂ ਦੀ ਮੰਗ ਅਨੁਸਾਰ ਸ਼ਹਿਰ ਵਿੱਚ ਵਿਕਾਸ ਕਾਰਜ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਸ਼ਹਿਰ ਵਾਸੀ ਵਿਕਾਸ ਕਾਰਜਾਂ ਤੋਂ ਖੁਸ਼ ਹਨ ਅਤੇ ਲੋਕਾਂ ਦਾ ਜੀਵਨ ਪੱਧਰ ਬੇਹਤਰ ਹੋਇਆ ਹੈ। ਉਨ੍ਹਾਂ ਕਿਹਾ ਕਿ ਬਟਾਲਾ ਸ਼ਹਿਰ ਸੂਬੇ ਦਾ ਪੁਰਾਣਾ ਤੇ ਇਤਿਹਾਸਕ ਮਹੱਤਤਾ ਵਾਲਾ ਸ਼ਹਿਰ ਹੈ ਅਤੇ ਭਵਿੱਖ ਵਿੱਚ ਵੀ ਇਸ ਸ਼ਹਿਰ ਦੇ ਵਿਕਾਸ ਵਿੱਚ ਕੋਈ ਕਮੀਂ ਨਹੀਂ ਰਹਿਣ ਦਿੱਤੀ ਜਾਵੇਗੀ।

ਇਸ ਮੌਕੇ ਉਨ੍ਹਾਂ ਨਾਲ ਮੇਅਰ ਸੁਖਦੀਪ ਸਿੰਘ ਤੇਜਾ, ਚੇਅਰਮੈਨ ਕਸਤੂਰੀ ਲਾਲ ਸੇਠ, ਸੀਨੀਅਰ ਡਿਪਟੀ ਮੇਅਰ ਸੁਨੀਲ ਸਰੀਨ, ਡਿਪਟੀ ਮੇਅਰ ਚੰਦਰ ਕਾਂਤਾ, ਕੌਂਸਲਰ ਪ੍ਰਭਜੋਤ ਸਿੰਘ ਚੱਠਾ, ਸੰਜੀਵ ਸ਼ਰਮਾਂ, ਗੌਤਮ ਸੇਠ ਗੁੱਡੂ, ਰਾਜਾ ਗੁਰਬਖਸ ਸ਼ਿੰਘ, ਸਿਕੰਦਰ ਸਿੰਘ ਪੀ.ਏ, ਦਵਿੰਦਰ ਸਿੰਘ, ਮੁਖਤਾਰ ਸਿੰਘ ਪੱਪੂ, ਗੁਰਪ੍ਰੀਤ ਸਿੰਘ, ਚੰਦਰ ਮੋਹਨ, ਰਮੇਸ਼ ਵਰਮਾਂ ਅਤੇ ਜਲ ਸਰੋਤ ਵਿਭਾਗ ਦੇ ਐੱਸ.ਈ. ਜਗਦੀਸ਼ ਰਾਜ, ਐਕਸੀਨ ਚਰਨਜੀਤ ਸਿੰਘ, ਐੱਸ.ਡੀ.ਓ. ਪਰਮਬੀਰ ਸਿੰਘ, ਰੋਹਿਤ ਪ੍ਰਭਾਕਰ ਵੀ ਮੌਜੂਦ ਸਨ।

Written By
The Punjab Wire