ਹੋਰ ਪੰਜਾਬ ਮੁੱਖ ਖ਼ਬਰ ਰਾਜਨੀਤੀ

ਪ੍ਰਭੂ ਯਿਸੂ ਮਸੀਹ ਅਤੇ ਬਾਇਬਲ ਦੀਆਂ ਸਿੱਖਿਆਵਾਂ ਦੇ ਅਧਿਐਨ ਤੇ ਖੋਜ ਲਈ ਚੇਅਰ ਸਥਾਪਿਤ ਹੋਵੇਗੀ-ਮੁੱਖ ਮੰਤਰੀ ਚੰਨੀ

ਪ੍ਰਭੂ ਯਿਸੂ ਮਸੀਹ ਅਤੇ ਬਾਇਬਲ ਦੀਆਂ ਸਿੱਖਿਆਵਾਂ ਦੇ ਅਧਿਐਨ ਤੇ ਖੋਜ ਲਈ ਚੇਅਰ ਸਥਾਪਿਤ ਹੋਵੇਗੀ-ਮੁੱਖ ਮੰਤਰੀ ਚੰਨੀ
  • PublishedDecember 25, 2021

ਸ੍ਰੀ ਚਮਕੌਰ ਸਾਹਿਬ, 25 ਦਸੰਬਰ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਕ੍ਰਿਸਮਸ ਦੇ ਸ਼ੁਭ ਮੌਕੇ ’ਤੇ ਪੰਜਾਬੀਆਂ ਵਿਸ਼ੇਸ਼ ਕਰਕੇ ਈਸਾਈ ਭਾਈਚਾਰੇ ਦੇ ਲੋਕਾਂ ਨੂੰ ਹਾਰਦਿਕ ਵਧਾਈਆਂ ਦਿੱਤੀਆਂ।

ਕ੍ਰਿਸਮਸ ਮੌਕੇ ਸ੍ਰੀ ਚਮਕੌਰ ਸਾਹਿਬ ਵਿਖੇ ਰਮਨ ਹੰਸ ਮਿਨੀਸਟਰੀ ਵਲੋਂ ਕਰਵਾਏ ਧਾਰਮਿਕ ਸਮਾਗਮ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪ੍ਰਭੂ ਯਿਸੂ ਮਸੀਹ ਅਤੇ ਬਾਇਬਲ ਦੀਆਂ ਸਿੱਖਿਆਵਾਂ ਦੇ ਅਧਿਐਨ ਅਤੇ ਖੋਜ ਲਈ ਪੰਜਾਬ ਦੀ ਕਿਸੇ ਇਕ ਯੂਨੀਵਰਸਿਟੀ ਵਿਖੇ ਚੇਅਰ ਸਥਾਪਿਤ ਕੀਤੀ ਜਾਵੇਗੀ। ਉਨ੍ਹਾਂ ਨੇ ਰਮਨ ਹੰਸ ਮਿਨੀਸਟਰੀ ਨੂੰ 10 ਲੱਖ ਰੁਪਏ ਦਾ ਚੈੱਕ ਵੀ ਭੇਟ ਕੀਤਾ।

ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਕ੍ਰਿਸਮਸ ਜੋ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ’ਤੇ ਮਨਾਇਆ ਜਾਂਦਾ ਹੈ, ਕੇਵਲ ਈਸਾਈਆਂ ਲਈ ਹੀ ਨਹੀਂ ਬਲਕਿ ਸਾਰੇ ਧਰਮਾਂ ਦੇ ਲੋਕਾਂ ਲਈ ਵੀ ਪਵਿੱਤਰ ਮੌਕਾ ਹੈ। ਉਨ੍ਹਾਂ ਕਿਹਾ ਕਿ ਪ੍ਰਭੂ ਯਿਸੂ ਮਸੀਹ ਵੱਲੋਂ ਸ਼ਾਂਤੀ, ਪਿਆਰ, ਸਦਭਾਵਨਾ ਅਤੇ ਮਿਲਵਰਤਣ ਦੀਆਂ ਦਿੱਤੀਆਂ ਸਿੱਖਿਆਵਾਂ ਦੀ ਅਜੋਕੇ ਸੰਦਰਭ ਵਿੱਚ ਵੀ ਪੂਰੀ ਸਾਰਥਿਕਤਾ ਹੈ।

ਵੋਆਇਸ ਆਫ ਪੀਸ ਮਿਨੀਸਟਰੀ ਵਲੋਂ ਕਰਵਾਏ ਸਮਾਗਮ ਮੌਕੇ ਵੀ ਮੁੱਖ ਮੰਤਰੀ ਪੰਜਾਬ ਵਲੋਂ ਲੰਗਰ ਹਾਲ ਲਈ 10 ਲੱਖ ਰੁਪਏ ਦੀ ਮਾਲੀ ਮਦਦ ਦਾ ਐਲਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਜਿਹੇ ਸ਼ੁੱਭ ਮੌਕਿਆਂ ਜਿੱਥੇ ਸੰਪਰਦਾਇਕ ਸਦਭਾਵਨਾ ਅਤੇ ਭਾਈਚਾਰਕ ਸਾਂਝ ਹੋਰ ਮਜ਼ਬੂਤ ਹੁੰਦੀ ਹੈ, ਉਥੇ ਹੀ ਮਨੁੱਖਤਾ ਦੀ ਸੇਵਾ ਭਾਵਨਾ ਪ੍ਰਤੀ ਵੀ ਸਮਾਜ ਪ੍ਰੇਰਿਤ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇਕ ਧਰਮ-ਨਿਰਪੱਖ ਪਾਰਟੀ ਹੈ ਜੋ ਬਰਾਬਰੀ ਦੇ ਸਿਧਾਂਤ ਉਤੇ ਡਟ ਕੇ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਸਾਰੇ ਧਰਮਾਂ ਦੇ ਲੋਕਾਂ ਨੂੰ ਹਰ ਤਿਉਹਾਰ ਇਕਜੁਟ ਹੋ ਕੇ ਮਨਾਉਣੇ ਚਾਹੀਦੇ ਹਨ ਜਿਸ ਨਾਲ ਦੇਸ਼ ਦੀਆਂ ਧਰਮ ਨਿਰਪੱਖ ਤੰਦਾਂ ਹੋਰ ਮਜ਼ਬੂਤ ਹੁੰਦੀਆਂ ਹਨ।

ਇਸ ਉਪਰੰਤ ਮੁੱਖ ਮੰਤਰੀ ਚੰਨੀ ਗੁਰੂਦੁਆਰਾ ਸ੍ਰੀ ਕਤਲਗੜ੍ਹ ਸਾਹਿਬ, ਸ੍ਰੀ ਚਮਕੌਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।

Written By
The Punjab Wire