ਪੰਜਾਬ ਦੀਆਂ 32 ਕਿਸਾਨ ਜੱਥੇਬੰਦੀਆਂ ਵਿੱਚੋਂ ਕੁਝ ਨੂੰ ਛੱਡ ਕੇ 22 ਕਿਸਾਨ ਜੱਥੇਬੰਦੀਆਂ ਨੇ ਅੱਜ ਇਕ ‘ਸੰਯੁਕਤ ਸਮਾਜ ਮੋਰਚਾ’ ਬਣਾਉਣ ਦਾ ਐਲਾਨ ਕੀਤਾ। ਜਿਹੜਾ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਹੇਠ 117 ਸੀਟਾਂ ’ਤੇ ਚੋਣ ਲੜਨਗੇ। ਰਾਜੇਵਾਲ ਇਸ ਮੋਰਚੇ ਦਾ ਮੁੱਖ ਚਿਹਰਾ ਹੋਣਗੇ ਅਤੇ ਮੁੱਖ ਮੰਤਰੀ ਲਈ ਚਿਹਰਾ ਵੀ ਹੋਣਗੇ।
ਪੱਤਰਕਾਰ ਸੰਮੇਲਨ ਨੂੰ ਅੱਜ ਸ: ਬਲਬੀਰ ਸਿੰਘ ਰਾਜੇਵਾਲ ਸਣੇ ਕਈ ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ 32 ਵਿੱਚੋਂ 22 ਜਥੇਬੰਦੀਆਂ ਤਾਂ ਅੱਜ ਹੀ ਇਸ ਫ਼ੈਸਲੇ ਦਾ ਹਿੱਸਾ ਹਨ ਅਤੇ 3 ਜੱਥੇਬੰਦੀਆਂ ਕੁਝ ਹੀ ਦਿਨਾਂ ਵਿੱਚ ਇਸ ਨਵੇਂ ਮੋਰਚੇ ਦੇ ਕਲਾਵੇ ਵਿੱਚ ਆ ਜਾਣਗੀਆਂ।
ਇਸ ਵੇਲੇ ਗੱਲਬਾਤ ਕਰਦਿਆਂ ਸ: ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਪੰਜਾਬ ਜਿਸ ਹਾਲਾਤ ਵਿੱਚੋਂ ਗੁਜ਼ਰ ਰਿਹਾ ਹੈ ਕਿ ਕਿਸਾਨ ਜੱਥੇਬੰਦੀਆਂ ਨੇ ਰਲ ਕੇ ਇਹ ਫ਼ੈਸਲਾ ਕੀਤਾ ਕਿ ਇਕ ਰਾਜਸੀ ਬਦਲ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕੀਤੇ ਗਏ ਫ਼ੈਸਲੇ ਅਨੁਸਾਰ ਇਹ ਨਵਾਂ ਮੋਰਚਾ ਪੰਜਾਬ ਦੀਆਂ ਸਾਰੀਆਂ 117 ਸੀਟਾਂ ’ਤੇ ਚੋਣਾਂ ਲੜੇਗਾ।
ਇਸ ਮੌਕੇ ‘ਆਮ ਆਦਮੀ ਪਾਰਟੀ’ ਨਾਲ ਮਿਲਣ ਜਾਂ ਫ਼ਿਰ ਉਨ੍ਹਾਂ ਨੂੰ ‘ਆਪ’ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਬਣਾਏ ਜਾਣ ਸੰਬੰਧੀ ਖ਼ਬਰਾਂ ਬਾਰੇ ਪੁੱਛੇ ਇਕ ਸਵਾਲ ਦੇ ਜਵਾਬ ਵਿੱਚ ਸ: ਰਾਜੇਵਾਲ ਨੇ ਕਿਹਾ ਕਿ ਇਹ ਮੀਡੀਆ ਚਰਚਾ ਹੈ ਅਤੇ ਉਨ੍ਹਾਂ ਨਾਲ ਕਦੇ ਇਸ ਬਾਹਰੇ ਕੋਈ ਗੱਲ ਨਹੀਂ ਹੋਈ।‘ਆਪ’ ਨਾਲ ਗਠਜੋੜ ਸੰਬੰਧੀ ਜਵਾਬ ਵਿੱਚ ਕਿਸਾਨ ਆਗੂਆਂ ਨੇ ਕਿਹਾ ਕਿ ਅਜੇ ਐਸੀ ਕੋਈ ਗੱਲ ਨਹੀਂ, ਅਸੀਂ 117 ਸੀਟਾਂ ’ਤੇ ਚੋਣ ਲੜਨ ਲਈ ਤਿਆਰ ਹਾਂ। ਉਹਨਾਂ ਕਿਹਾ ਕਿ ਇਹ ਅਗਲੀਆਂ ਗੱਲਾਂ ਹਨ, ਅੱਜ ਤਾਂ ਅਸੀਂ ਸੰਯੁਕਤ ਸਮਾਜ ਮੋਰਚੇ ਦਾ ਐਲਾਨ ਕਰ ਰਹੇ ਹਾਂ।
ਕਿਸਾਨ ਆਗੂ ਸ:ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਕਿਸਾਨ ਅੰਦੋਲਨ ਅਤੇ ਇਸ ਦੀ ਜਿੱਤ ਤੋਂ ਬਾਅਦ ਲੋਕਾਂ ਨੂੰ ਉਹਨਾਂ ਤੋਂ ਵੱਡੀਆਂ ਉਮੀਦਾਂ ਹਨ ਅਤੇ ਇਸ ਫ਼ੈਸਲਾ ਅਸਲ ਵਿੱਚ ਲੋਕ ਰਾਇ ਅਤੇ ਲੋਕਾਂ ਦੇ ਦਬਾਅ ਹੇਠ ਹੀ ਲਿਆ ਗਿਆ ਹੈ।
ਸ: ਰਾਜੇਵਾਲ ਨੇ ਕਿਹਾ ਕਿ ਪੰਜਾਬ ਦੀ ਕਾਇਆ ਕਲਪ ਕਰਨ ਦੀ ਲੋੜ ਹੈ, ਸਿਸਟਮ ਗੰਦਾ ਹੋ ਗਿਆ ਹੈ, ਉਹਨੂੰ ਸੁਧਾਰਣ ਦੀ ਲੋੜ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਰਵਾਇਤੀ ਰਾਜਸੀ ਲੀਡਰਸ਼ਿਪ ਦੀਆਂ ਗੱਲਾਂ ਵਿੱਚ ਨਾ ਆਉਣ ਅਤੇ ਸਾਰੇ ਕਿਸਾਨ ਪਿੰਡਾਂ ਵਿੱਚ ਆਪੋ ਆਪਣੇ ਮੋਰਚੇ ਸੰਭਾਲਣ। ਉਹਨਾਂ ਕਿਹਾ ਕਿ ਇਸ ਮੋਰਚੇ ਵਿੱਚ ਆਮ ਲੋਕਾਂ ਦੀ ਸ਼ਮੂਲੀਅਤ ਹੋਵੇਗੀ ਧਨਾਢਾਂ ਦੀ ਨਹੀਂ।