ਮੰਗਾਂ ਨੂੰ ਲੈ ਕੇ ਚੰਡੀਗੜ੍ਹ ’ਚ 16 ਦਿਨਾਂ ਤੋਂ ਟਾਵਰ ’ਤੇ ਚੜ੍ਹੇ ਰੈਗੂਲਰ ਈਟੀਟੀ ਅਧਿਆਪਕ ਸੋਹਣ ਸਿੰਘ ਨੂੰ ਮਿਲਣ ਪਹੁੰਚੇ ਸਨ ਵਿਰੋਧੀ ਧਿਰ ਦੇ ਆਗੂ
ਚੰਡੀਗੜ੍ਹ, 11 ਦਸੰਬਰ। ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਰਾਜਧਾਨੀ ਚੰਡੀਗੜ੍ਹ ’ਚ 16 ਦਿਨਾਂ ਤੋਂ ਟਾਵਰ ’ਤੇ ਚੜ੍ਹ ਕੇ ਰੈਗੂਲਰ ਈਟੀਟੀ ਅਧਿਆਪਕਾਂ ਦੀਆਂ ਮੰਗਾਂ ਲਈ ਰੋਸ ਪ੍ਰਗਟ ਕਰ ਰਹੇ ਸੋਹਣ ਸਿੰਘ ਨੂੰ ਥੱਲੇ ਉਤਰਨ ਦੀ ਅਪੀਲ ਕਰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਤੋਂ ਅਸਤੀਫ਼ਾ ਮੰਗਿਆ ਹੈ। ਹਰਪਾਲ ਸਿੰਘ ਚੀਮਾ ਸ਼ਨੀਵਾਰ ਨੂੰ ਟਾਵਰ ’ਤੇ ਚੜ੍ਹੇ ਸੋਹਣ ਸਿੰਘ ਅਤੇ ਧਰਨੇ ’ਤੇ ਬੈਠੇ ਸਾਥੀਆਂ ਨੂੰ ਮਿਲਣ ਲਈ ਸੈਕਟਰ 4 ਸਥਿਤ ਐਮ.ਐਲ.ਏ ਹੋਸਟਲ ਮਿਲਣ ਪਹੁੰਚੇ ਸਨ। ਜਿੱਥੇ ਉਨ੍ਹਾਂ ਸੋਹਣ ਸਿੰਘ ਨਾਲ ਫੋਨ ’ਤੇ ਗੱਲ ਕੀਤੀ। ਇਸ ਮੌਕੇ ਈਟੀਟੀ ਅਧਿਆਪਕ ਕਮਲ ਠਾਕੁਰ, ਗੁਰਮੁੱਖ ਸਿੰਘ, ਚਮਕੌਰ ਸਿੰਘ, ਗੁਰਵੀਰ ਸਿੰਘ, ਰਾਹੁਲ ਚੋਪੜਾ, ਅਮਨ ਕੁਮਾਰ, ਗੌਰਵ ਸ਼ਰਮਾ, ਮਨਦੀਪ ਸਿੱਧੂ ਅਤੇ ਜਤਿੰਦਰਪਾਲ ਸਿੰਘ ਨੇ ਹਰਪਾਲ ਸਿੰਘ ਚੀਮਾ ਨੂੰ ਇੱਕ ਮੰਗ ਪੱਤਰ ਵੀ ਦਿੱਤਾ।
ਹਰਪਾਲ ਸਿੰਘ ਚੀਮਾ ਨੇ ਕਿਹਾ, ‘‘ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਖੁੱਦ ਮੰਨ ਰਹੇ ਹਨ ਕਿ 180 ਈਟੀਟੀ ਰੈਗੂਲਰ ਅਧਿਆਪਕਾਂ ਦੇ ਮਾਮਲੇ ਵਿੱਚ ਸਿੱਖਿਆ ਵਿਭਾਗ ਨੇ ਗਲਤੀ ਕੀਤੀ ਹੈ, ਪਰ ਕਾਂਗਰਸ ਸਰਕਾਰ ਇਸ ਗਲਤੀ ਨੂੰ ਦੁਰਸਤ ਕਰਨ ਦੀ ਥਾਂ ਇਨ੍ਹਾਂ ਅਧਿਆਪਕਾਂ ਦੀਆਂ ਤਨਖ਼ਾਹਾਂ ਘਟਾ ਕੇ ਜ਼ੁਲਮ ਦਾ ਸਿਖ਼ਰ ਕਰ ਰਹੀ ਹੈ।’’ ਉਨ੍ਹਾਂ ਕਿਹਾ ਕਿ ਪੱਕੇ ਤੌਰ ’ਤੇ ਨੌਕਰੀ ਕਰ ਰਹੇ 180 ਈਟੀਟੀ ਅਧਿਆਪਕ ਸਰਕਾਰ ਤੋਂ ਇਨਸਾਫ਼ ਲੈਣ ਲਈ ਜਿੱਥੇ ਮੁੱਖ ਮੰਤਰੀ ਚੰਨੀ ਦੀ ਰਿਹਾਇਸ ਤੋਂ ਕੁੱਝ ਕਰਮਾਂ ਦੀ ਦੂਰੀ ’ਤੇ ਟਾਵਰ ’ਤੇ ਚੜ੍ਹ ਕੇ ਸੰਘਰਸ਼ ਕਰ ਰਹੇ ਹਨ, ਉਥੇ ਹੀ ਇਹ ਅਧਿਆਪਕ ਸਿੱਖਿਆ ਮੰਤਰੀ ਪਰਗਟ ਸਿੰਘ ਦੇ ਜਲੰਧਰ ਸਥਿਤ ਰਿਹਾਇਸ਼ ਅੱਗੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਚੀਮਾ ਨੇ ਕਿਹਾ ਕਿ ਜੇ ਕਾਂਗਰਸ ਸਰਕਾਰ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਗੱਲ ਨਹੀਂ ਮੰਨਦੀ ਤਾਂ ਉਨ੍ਹਾਂ ਨੂੰ ਸਰਕਾਰ ’ਚ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ।
‘ਆਪ’ ਆਗੂ ਨੇ ਦੋਸ਼ ਲਾਇਆ ਕਿ ਚੰਨੀ ਸਰਕਾਰ ਈਟੀਟੀ ਅਧਿਆਪਕਾਂ ਨਾਲ ਗ਼ੈਰ ਮਨੁੱਖੀ ਵਰਤਾਓ ਕਰ ਰਹੀ ਹੈ। ਚਰਨਜੀਤ ਸਿੰਘ ਚੰਨੀ ਐਨੇ ਨਿਕੰਮੇ ਤੇ ਕਮਜ਼ੋਰ ਮੁੱਖ ਮੰਤਰੀ ਹਨ, ਜੋ ਇਨ੍ਹਾਂ ਅਧਿਆਪਕਾਂ ਦੀ ਗੱਲ ਸੁਣਨ ਤੋਂ ਵੀ ਭੱਜ ਰਹੇ ਹਨ। ਸਗੋਂ ਅਧਿਕਾਰੀਆਂ ਨੂੰ ਧਰਨੇ ਵਾਲੀ ਥਾਂ ’ਤੇ ਉਚੀ ਆਵਾਜ਼ ’ਚ ਡੀ.ਜੇ ਵਜਾਉਣ ਲਈ ਕਹਿ ਰਹੇ ਹਨ ਤਾਂ ਜੋ ਮੁੱਖ ਮੰਤਰੀ ਨੂੰ ਧਰਨਾਕਾਰੀਆਂ ਦੀ ਆਵਾਜ਼ ਨੇ ਸੁਣੇ। ਉਨ੍ਹਾਂ ਕਿਹਾ ਕਿ ਇੱਕ ਪਾਸੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਸੂਬੇ ਦੇ ਸਕੂਲ ਨੰਬਰ ਇੱਕ ਹੋਣ ਦਾ ਦਾਅਵਾ ਕਰਦੇ ਹਨ, ਪਰ ਅਧਿਆਪਕ ਤਾਂ ਟੈਂਕੀਆਂ, ਟਾਵਰਾਂ ’ਤੇ ਚੜ੍ਹੇ ਆਪਣੇ ਹੱਕ ਮੰਗ ਰਹੇ ਹਨ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਨ੍ਹਾਂ 180 ਈਟੀਟੀ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵੱਲੋਂ 2016 ’ਚ ਭਰਤੀ ਅਤੇ 2018 ’ਚ ਰੈਗੂਲਰ ਪੱਕਾ ਕੀਤਾ ਗਿਆ ਸੀ। ਪਰ ਪੰਜ ਸਾਲ ਨੌਕਰੀ ਕਰਨ ਤੋਂ ਬਾਅਦ ਸਿੱਖਿਆ ਵਿਭਾਗ ਨੇ ਇਨ੍ਹਾਂ ਅਧਿਆਪਕਾਂ ਨੂੰ ਨੌਕਰੀਆਂ ਤੋਂ ਬਾਹਰ ਕਰ ਦਿੱਤਾ ਅਤੇ ਹਾਈਕੋਰਟ ਦੇ ਹੁਕਮਾਂ ’ਤੇ ਮੁੜ ਨੌਕਰੀ ’ਤੇ ਰੱਖ ਲਿਆ। ਸਰਕਾਰ ਨੇ ਧੋਖ਼ੇਬਾਜੀ ਕਰਕੇ ਇਨ੍ਹਾਂ ਅਧਿਆਪਕਾਂ ਦੀਆਂ ਤਨਖਾਹਾਂ ਘਟਾ ਦਿੱਤੀਆਂ ਹਨ, ਜੋ ਸਰਾਸਰ ਧੱਕਾ ਅਤੇ ਜ਼ੁਲਮ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਕਿੰਨੀ ਹਾਸੋਹੀਣੀ ਗੱਲ ਕਰਦੇ ਹਨ ਕਿ ਉਨ੍ਹਾਂ 180 ਈਟੀਟੀ ਅਧਿਆਪਕਾਂ ਦਾ ਮਾਮਲਾ ਹੱਲ ਕਰਨ ਲਈ ਫਾਇਲ ਵਿੱਤ ਵਿਭਾਗ ਨੂੰ ਭੇਜ ਦਿੱਤੀ ਹੈ, ਪਰ ਵਿੱਤ ਵਿਭਾਗ ਦੇ ਉਚ ਅਧਿਕਾਰੀ ਕੋਈ ਫ਼ੈਸਲਾ ਨਹੀਂ ਲੈ ਰਹੇ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਨ੍ਹਾਂ ਅਧਿਆਪਕਾਂ ਦਾ ਸਮਰਥਨ ਕਰਦੀ ਹੈ ਅਤੇ ਮੁੱਖ ਮੰਤਰੀ ਚੰਨੀ ਤੋਂ ਮੰਗ ਕਰਦੀ ਹੈ ਕਿ ਇਨ੍ਹਾਂ ਅਧਿਆਪਕਾਂ ਦੀਆਂ ਮੰਗਾਂ ਤੁਰੰਤ ਪੂਰੀਆਂ ਕੀਤੀਆਂ ਜਾਣ ਅਤੇ ਸੋਹਣ ਸਿੰਘ ਸਮੇਤ ਹੋਰ ਟਾਵਰਾਂ ਤੇ ਟੈਂਕੀਆਂ ’ਤੇ ਬੈਠੇ ਅਧਿਆਪਕਾਂ ਦੀ ਜਾਨ ਬਚਾਈ ਜਾਵੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੌਕਰਸ਼ਾਹੀ ਦੇ ਦਬਾਅ ਕਾਰਨ ਈਟੀਟੀ ਅਧਿਆਪਕਾਂ ਦਾ ਮਾਮਲਾ ਹੱਲ ਨਹੀਂ ਕਰ ਸਕਦੀ ਤਾਂ ਕਾਂਗਰਸ ਨੂੰ ਕੁਰਸੀ ਖ਼ਾਲੀ ਕਰ ਦੇਣੀ ਚਾਹੀਦੀ ਹੈ।