ਹੋਰ ਪੰਜਾਬ ਰਾਜਨੀਤੀ

ਗ੍ਰਹਿ ਮੰਤਰੀ ਰੰਧਾਵਾ ਦੇ ਖਿਲਾਫ ਪੈਸੇ ਲੈ ਕੇ ਬਦਲੀਆਂ ਕਰਨ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਵੱਲੋਂ ਲਗਾਏ ਦੋਸ਼ਾਂ ਦੀ ਨਿਰਪੱਖ ਜਾਂਚ ਹੋਵੇ : ਅਕਾਲੀ ਦਲ

ਗ੍ਰਹਿ ਮੰਤਰੀ ਰੰਧਾਵਾ ਦੇ ਖਿਲਾਫ ਪੈਸੇ ਲੈ ਕੇ ਬਦਲੀਆਂ ਕਰਨ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਵੱਲੋਂ ਲਗਾਏ ਦੋਸ਼ਾਂ ਦੀ ਨਿਰਪੱਖ ਜਾਂਚ ਹੋਵੇ : ਅਕਾਲੀ ਦਲ
  • PublishedDecember 10, 2021

ਹੈਰਾਨੀ ਵਾਲੀ ਗੱਲ ਹੈ ਕਿ ਮਾਮਲੇ ਦੀ ਜਾਂਚ ਦੇ ਹੁਕਮ ਦੇਣ ਦੀ ਥਾਂ ਮੁੱਖ ਮੰਤਰੀ ਚੰਨੀ ਘੁਟਾਲੇ ਨੁੰ ਰਫਾ ਦਫਾ ਕਰਨ ਦਾ ਯਤਨ ਕਰ ਰਹੇ ਹਨ : ਬਿਕਰਮ ਸਿੰਘ ਮਜੀਠੀਆ

ਕਿਹਾ ਕਿ ਕਾਂਗਰਸ ਸਰਕਾਰ ਰਿਸ਼ਵਤ ਲੈ ਕੇ ਅਫਸਰਾਂ ਨੂੰ ਬਾਰਡਰਾਂ ’ਤੇ ਤਾਇਨਾਤ ਕਰ ਕੇ ਕੌਮੀ ਸੁਰੱਖਿਆ ਨਾਲ ਖਿਲਵਾੜ ਕਰ ਰਹੀ ਹੈ

ਚੰਡੀਗੜ੍ਹ, 10 ਦਸੰਬਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੰਗ ਕੀਤੀ ਕਿ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਵੱਲੋਂ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਖਿਲਾਫ ਪੈਸੇ ਲੈ ਕੇ ਬਦਲੀਆਂ ਕਰਨ ਦੇ ਲਗਾਏ ਦੋਸ਼ਾਂ ਦੀ ਜਾਂਚ ਕੀਤੀ ਜਾਵੇ ਤੇ ਪਾਰਟੀ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੁੱਛਿਆ ਕਿ ਉਹ ਇਸ ਅਪਰਾਧੀ ਕਾਰਵਾਈ ਨੂੰ ਰਫਾ ਦਫਾ ਕਰਨ ਦੀ ਕੋਸ਼ਿਸ਼ ਕਿਉਂ ਕਰ ਰਹੇ ਹਨ।

ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਗ੍ਰਹਿ ਮੰਤਰੀ ’ਤੇ ਪੁਲਿਸ ਅਫਸਰਾਂ ਨੁੰ ਐਸ ਐਸ ਪੀ, ਐਸ ਐਸ ਪੀ ਤੇ ਡੀ ਐਸ ਪੀ ਲਗਾਉਣ ਲਈ ਰਿਸ਼ਵਤ ਲੈੈਣ ਦੇ ਦੋਸ਼ ਲਗਾਏ ਹਨ। ਉਹਨਾਂ ਕਿਹਾ ਕਿ ਇਹ ਦੋਸ਼ ਲਗਾਇਆ ਗਿਆ ਕਿ ਰੰਧਾਵਾ ਇਕ ਅਫਸਰ ਨੁੰ ਐਸ ਐਸ ਪੀ ਲਗਾਉਣ ਲਈ 2 ਤੋਂ 5 ਕਰੋੜ ਰੁਪਏ ਰਿਸ਼ਵਤ ਲੈ ਰਹੇ ਹਨ। ਉਹਨਾਂ ਕਿਹਾ ਕਿ ਇਹੀ ਦੋਸ਼ ਕਮਿਸ਼ਨਰ ਆਫ ਪੁਲਿਸ ਦੀ ਤਾਇਨਾਤੀ ਵਾਸਤੇ ਲਗਾਏ ਗਏ ਹਨ। ਹੁਣ ਇਹ ਸਾਰਾ ਘੁਟਾਲਾ ਇਕ ਸੀਨੀਅਰ ਕੈਬਨਿਟ ਮੰਤਰੀ ਨੇ ਆਪ ਬੇਨਕਾਬ ਕੀਤਾ ਹੈ।

ਸਰਦਾਰ ਮਜੀਠੀਆ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਸਾਰੇ ਮਾਮਲੇ ਦੀ ਜਾਂਚ ਦੇ ਹੁਕਮ ਦੇਣ ਦੀ ਥਾਂ ’ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮਾਮਲਾ ਰਫਾ ਦਫਾ ਕਰਨ ’ਤੇ ਲੱਗੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਤਾਂ ਕੈਬਨਿਟ ਮੀਟਿੰਗ ਵਿਚ ਹਾਜ਼ਰ ਅਫਸਰਾਂ ਨੁੰ ਕਮਰੇ ਵਿਚੋਂ ਬਾਹਰ ਜਾਣ ਵਾਸਤੇ ਆਖ ਦਿੱਤਾ ਤੇ ਕਮਰਾ ਬੰਦ ਕਰਨ ਵਾਸਤੇ ਵੀ ਆਖਿਆ। ਉਹਨਾਂ ਕਿਹਾ ਕਿ ਬਾਅਦ ਵਿਚ ਮੁੱਖ ਮੰਤਰੀ ਨੇ ਇਕ ਡਿੰਨਰ ਪਾਰਟੀ ਕੀਤੀ ਤਾਂ ਜੋ ਇਹ ਮਾਮਲਾ ਖਤਮ ਹੋ ਜਾਵੇ ਜਿਸ ਤੋਂ ਸੰਕੇਤ ਮਿਲਦੇ ਹਨ ਕਿ ਭ੍ਰਿਸ਼ਟਾਚਾਰ ਤੇ ਗਲਤ ਕੰਮ ਨੁੰ ਰਫਾ ਦਫਾ ਕਰਨ ਵਾਸਤੇ ਸੌਦੇਬਾਜ਼ੀ ਕੀਤੀ ਗਈ ਹੈ।

ਸਰਦਾਰ ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਸਰਕਾਰ ਨਾ ਸਿਰਫ ਬਦਲੀਆਂ ਵਾਸਤੇ ਨਗਦ ਪੈਸੇ ਲੈ ਕੇ ਭ੍ਰਿਸ਼ਟਾਚਾਰ ਕਰ ਰਹੀ ਹੈ ਬਲਕਿ ਸਰਕਾਰ ਕੌਮੀ ਸੁਰੱਖਿਆ ਨਾਲ ਵੀ ਖੇਡ ਰਹੀ ਹੈ। ਉਹਨਾਂ ਕਿਹਾ ਕਿ ਬਾਰਡਰ ’ਤੇ ਬੀ ਐਸ ਐਫ ਤੋਂ ਬਾਅਦ ਪੰਜਾਬ ਪੁਲਿਸ ਤਾਇਨਾਤ ਹੈ ਅਤੇ ਜੇਕਰ ਸਰਕਾਰ ਨੇ ਰਿਸ਼ਵਤਾਂ ਲੈ ਕੇ ਸੰਵੇਦਨਸ਼ੀਲ ਪੋਸਟਾਂ ’ਤੇ ਅਫਸਰਾਂ ਦੀ ਤਾਇਨਾਤੀ ਕੀਤੀ ਤਾਂ ਫਿਰ ਕੌਮੀ ਸੁਰੱਖਿਆ ਨਾਲ ਸਮਝੌਤਾ ਹੋ ਜਾਵੇਗਾ। ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਇਕ ਪਾਸੇ ਸਰਕਾਰ ਮੰਗ ਰਹੀ ਹੈ ਕਿ ਬਾਰਡਰ ’ਤੇ ਬੀ ਐਸ ਐਫ ਦੀ ਨਫਰੀ ਵਧਾਈ ਜਾਵੇ ਪਰ ਦੂਜੇ ਪਾਸੇ ਬਾਰਡਰ ’ਤੇ ਤਾਇਨਾਤੀਆਂ ਵਾਸਤੇ ਪੈਸੇ ਲਏ ਜਾ ਰਹੇ ਹਨ।

ਸਰਦਾਰ ਮਜੀਠੀਆ ਨੇ ਦੰਸਿਆ ਕਿ ਕਿਵੇਂ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪਹਿਲਾਂ ਜੇਲ੍ਹ ਮੰਤਰੀ ਹੁੰਦਿਆਂ ਗੈਂਗਸਟਰਾਂ ਦੀ ਪੁਸ਼ਤ ਪਨਾਹੀ ਕੀਤੀ ਤੇ ਪੁਲਿਸ ਅਫਸਰ ਦਾ ਸਿਆਸੀਕਰਨ ਕਰ ਦਿੱਤਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਮੰਤਰੀ ਰਜ਼ੀਆ ਸੁਲਤਾਨਾ ਨੂੰ ਪੁੱਛਿਆ ਕਿ ਕੀ ਐਸ ਐਸ ਪੀ ਉਹਨਾਂ ਦੀ ਮਰਜ਼ੀ ਨਾਲ ਲਗਾਇਆ ਗਿਆ ਹੈ ਤਾਂ ਉਹਨਾਂ ਹਾਂ ਵਿਚ ਜਵਾਬ ਦਿੱਤਾ ਜਿਸ ਤੋਂ ਸਾਬਤ ਹੋ ਗਿਆ ਕਿ ਇਸ ਸਰਕਾਰ ਨੇ ਮੈਰਿਟ ਦੇ ਆਧਾਰ ’ਤੇ ਤਾਇਨਾਤੀ ਕਰਨ ਦਾ ਭੋਗ ਪਾ ਦਿੱਤਾ ਹੈ।

ਜਦੋਂ ਉਹਨਾਂ ਤੋਂ ਸਵਾਲ ਕੀਤਾ ਗਿਆ ਤਾਂ ਸਰਦਾਰ ਮਜੀਠੀਆ ਨੇ ਦੱਸਿਆ ਕਿ ਪੁਲਿਸ ਸੂਬਾ ਨੂੰ ਇਹ ਖੁਫੀਆ ਰਿਪੋਰਟ ਮਿਲੀ ਹੈ ਕਿ ਉਹਨਾਂ ਨੁੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪਰ ਗ੍ਰਹਿ ਮੰਤਰੀ ਨੇ ਮਾਮਲੇ ਵਿਚ ਲੋੜੀਂਦੀ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਇਹ ਗੱਲ ਸਾਹਮਣੇ ਆਈ ਹੈ ਕਿ ਕੁਝ ਲੋਕਾਂ ਨੇ ਮੇਰੀ ਰਿਹਾਇਸ਼ ਦੀ ਰੇਕੀ ਕੀਤੀ ਜਿਹਨਾਂ ਕੋਲ ਪਿਸਟਲ, ਟਿਫਨ ਬੰਬ ਤੇ ਹੈਂਡ ਗ੍ਰਨੇਡ ਸਨ ਤੇ ਉਹਨਾਂ ਦਾ ਸੰਬੰਧ ਕੇ ਟੀ ਐਫ ਮੋਡਿਊਲ ਨਾਲ ਸੀ।

ਇਸ ਦੌਰਾਨ ਸਰਦਾਰ ਮਜੀਠੀਆ ਨੇ ਕਿਹਾ ਕਿ ਭਾਈ ਭਤੀਜਾਵਾਦ ਨੇ ਇੰਨਾ ਸਿਖ਼ਰ ਛੂਹ ਲਿਆ ਹੈ ਕਿ ਅੰਮ੍ਰਿਤਸਰ ਤੇ ਤਰਨਤਾਰਨ ਜ਼ਿਲਿ੍ਹਆਂ ਵਿਚ ਜ਼ਹਿਰੀਲੀ ਸ਼ਰਾਬ ਕਾਂਡ ਵਿਚ 120 ਜਣਿਆਂ ਦੀ ਮੌਤ ਹੋਣ ਦੇ ਮਾਮਲੇ ਵਿਚ ਜਿਹੜੇ ਪੁਲਿਸ ਅਫਸਰਾਂ ’ਤੇ ਦੋਸ਼ ਲੱਗੇ ਸਨ, ਉਹਨਾਂ ਤੋਂ ਪੈਸੇ ਲੈਣ ਮਗਰੋਂ ਉਹ ਆਪਣੀਆਂ ਪੋਸਟਾਂ ’ਤੇ ਵਾਪਸ ਪਰਤ ਆਏ ਹਨ। ਉਹਨਾਂ ਕਿਹਾ ਕਿ ਇਸੇ ਤਰੀਕੇ ਏ ਐਸ ਆਈ ਸਰਬਜੀਤ ਸਿੰਘ ਜਿਸ ’ਤੇ ਰਾਜਪੁਰਾ ਵਿਚ ਈ ਐਨ ਏ ਵੇਚਣ ਦੇ ਦੋਸ਼ ਲੱਗੇ ਸਨ, ਉਹ ਮੁੜ ਰਾਜਪੁਰਾ ਵਿਚ ਤਾਇਨਾਤ ਕਰ ਦਿੱਤਾ ਗਿਆ ਹੈ।

ਅਕਾਲੀ ਆਗੂ ਨੇ ਕਿਹਾ ਕਿ ਪੰਜਾਬੀ ਇਸ ਗ੍ਰਹਿ ਮੰਤਰੀ ਦੇ ਹੱਥਾਂ ਵਿਚ ਸੁਰੱਖਿਅਤ ਨਹੀਂ ਹਨ ਜੋ ਜੱਗੂ ਭਗਵਾਨਪੁਰੀਆ ਤੇ ਲਾਰੇਂਸ ਬਿਸ਼ਨੋਈ ਸਮੇਤ ਗੈਂਗਸਟਰਾਂ ਦੀ ਪੁਸ਼ਤ ਪਨਾਹੀ ਲਈ ਜਾਣਿਆ ਜਾਂਦਾ ਹੈ ਅਤੇ ਜਿਸਨੇ ਜੇਲ੍ਹ ਮੰਤਰੀ ਹੁੰਦਿਆਂ ਬਦਨਾਮ ਡਾਨ ਮੁਖਤਾਰ ਅੰਸਾਰੀ ਨੂੰ ਵੀ ਆਈ ਪੀ ਸਹੂਲਤਾਂ ਪ੍ਰਦਾਨ ਕੀਤੀਆਂ ਹੋਈਆਂ ਸਨ। ਉਹਨਾਂ ਕਿਹਾ ਕਿ ਇਸ ਮਾਮਲੇ ਦੀ ਸੀ ਬੀ ਆਈ ਜਾਂ ਐਨ ਆਈ ਏ ਕੋਲੋਂ ਨਿਰਪੱਖ ਜਾਂਚ ਕਰਵਾਵੁਣ ’ਤੇ ਇਹ ਸਾਹਮਣੇ ਆ ਜਾਵੇਗਾ ਕਿ ਰੰਧਾਵਾ ਨੇ ਹੀ ਸਿੱਖਸ ਫਾਰ ਜਸਟਿਸ ਦੇ ਆਗੂ ਅਵਤਾਰ ਸਿੰਘ ਪੰਨੂ ਦੇ ਭਰਾ ਨੂੰ ਪੰਜਾਬ ਜੈਨਕੋ ਦਾ ਚੇਅਰਮੈਨ ਲਗਾਉਣ ਦੀ ਸਿਫਾਰਸ਼ ਕੀਤੀ ਹੈ।

Written By
The Punjab Wire