ਹੋਰ ਪੰਜਾਬ ਮੁੱਖ ਖ਼ਬਰ ਰਾਜਨੀਤੀ

ਔਰਤਾਂ ਨੂੰ ਭਿਖਾਰੀ ਅਤੇ ਕੰਮਚੋਰ ਬੋਲ ਕੇ ਚੰਨੀ ਨੇ ਕੀਤਾ ਅਪਮਾਨ- ਕੇਜਰੀਵਾਲ

ਔਰਤਾਂ ਨੂੰ ਭਿਖਾਰੀ ਅਤੇ ਕੰਮਚੋਰ ਬੋਲ ਕੇ ਚੰਨੀ ਨੇ ਕੀਤਾ ਅਪਮਾਨ- ਕੇਜਰੀਵਾਲ
  • PublishedDecember 7, 2021

-ਕੇਜਰੀਵਾਲ ਨੇ ਪਿੰਡ ਸਰਾਏ ਖ਼ਾਸ ਤੋਂ ਔਰਤਾਂ ਨੂੰ 1000 ਰੁਪਏ ਦੇਣ ਲਈ ਰਜਿਸਟ੍ਰੇਸ਼ਨ ਦੀ ਕੀਤੀ ਸ਼ੁਰੂਆਤ

-ਮਾਵਾਂ- ਭੈਣਾਂ ਨੂੰ 1000 ਰੁਪਏ ਦੇਣ ਨਾਲ ਉਹ ਹੋਰ ਸ਼ਕਤੀਸ਼ਾਲੀ ਅਤੇ ਮਜ਼ਬੂਤ ਹੋਣਗੀਆਂ: ਅਰਵਿੰਦ ਕੇਜਰੀਵਾਲ

-ਕੇਜਰੀਵਾਲ ਨੇ ਖ਼ੁਦ ਨੰਬਰ  ‘911- 511- 5599’ ‘ਤੇ ਮਿਸਡ ਕਾਲ ਕਰਕੇ ਇਲਾਕੇ ਦੀਆਂ ਔਰਤਾਂ ਦੇ ਨਾਂਅ ਕੀਤੇ ਦਰਜ

-ਔਰਤਾਂ ਨੇ ਕੇਜਰੀਵਾਲ ਦੀ 1000 ਰੁਪਏ ਵਾਲੀ ਗਰੰਟੀ ਦਾ ਕੀਤਾ ਖੁੱਲ ਕੇ ਸਮਰਥਨ

-‘ਆਪ’ ਦੀ ਸਰਕਾਰ ਬਣਾ ਕੇ ਰੇਤ ਦੀ 20 ਹਜ਼ਾਰ ਕਰੋੜ ਦੀ ਚੋਰੀ ਕਰਾਂਗੇ ਬੰਦ, ਮਾਵਾਂ- ਭੈਣਾਂ ਨੂੰ ਦੇਵਾਂਗੇ ਇੱਕ ਹਜ਼ਾਰ ਰੁਪਏ

-ਜੇ ਔਰਤ ਤੋਂ ਬਿਨਾਂ ਘਰ ਨਹੀਂ ਚੱਲ ਸਕਦਾ ਤਾਂ ਮੁਲਕ ਕਿਵੇਂ ਚੱਲ ਸਕਦਾ ਹੈ?: ਭਗਵੰਤ ਮਾਨ

ਕਰਤਾਰਪੁਰ (ਜਲੰਧਰ)/ ਚੰਡੀਗੜ , 7 ਦਸੰਬਰ । ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਧਾਨ ਸਭਾ ਹਲਕਾ ਕਰਤਾਰਪੁਰ (ਜਲੰਧਰ) ਦੇ ਪਿੰਡ ਸਰਾਏ ਖ਼ਾਸ ਤੋਂ ਦੁਨੀਆ ਦੀ ਸਭ ਤੋਂ ਵੱਡੀ ‘ਮਹਿਲਾ ਸ਼ਕਤੀਕਰਨ ਦੀ ਮੁਹਿੰਮ’ ਦੀ ਸ਼ੁਰੂਆਤ ਕਰਦਿਆਂ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦੀ ਆਪਣੀ ਤੀਜੀ ਗਰੰਟੀ ਲਈ ਰਜਿਸਟ੍ਰੇਸ਼ਨ ਕਰਨ ਦਾ ਕੰਮ ਅਰੰਭ ਕੀਤਾ। ਇਸ ਮੌਕੇ ਕੇਜਰੀਵਾਲ ਨੇ ‘ਆਪ’ ਵੱਲੋਂ ਰਜਿਸਟ੍ਰੇਸ਼ਨ ਲਈ ਜਾਰੀ ਨੰਬਰ  ‘911- 511- 5599’ ‘ਤੇ ਮਿਸਡ ਕਾਲ ਕਰਕੇ ਇਲਾਕੇ ਦੀਆਂ ਔਰਤਾਂ ਦੀ ਤੀਜੀ ਗਰੰਟੀ ਲਈ ਰਜਿਸਟ੍ਰੇਸ਼ਨ ਕੀਤੀ ਤਾਂ ਜੋ ਸੂਬੇ ‘ਚ ‘ਆਪ’ ਦੀ ਸਰਕਾਰ ਬਣਨ ‘ਤੇ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਪ੍ਰਾਪਤ ਹੋਵੇ। ਇਸ ਤੋਂ ਪਹਿਲਾਂ ਪਿੰਡ ਸਰਾਏ ਖ਼ਾਸ ਪਹੁੰਚੇ ਕੇ ਅਰਵਿੰਦ ਕੇਜਰੀਵਾਲ ਨੇ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਿਆ ਅਤੇ ਪੰਜਾਬ ਦੀ ਖ਼ੁਸ਼ਹਾਲੀ, ਚੜਦੀ ਕਲਾ ਅਤੇ ਸ਼ਾਂਤੀ ਲਈ ਅਰਦਾਸ ਕੀਤੀ।

‘ਆਪ’ ਵੱਲੋਂ ਪਿੰਡ ਸਰਾਏ ਖ਼ਾਸ ਵਿੱਚ ਕਰਾਏ ਸਮਾਗਮ ਵਿੱਚ ਅਰਵਿੰਦ ਕੇਜਰੀਵਾਲ ਨੇ ਔਰਤਾਂ ਨੂੰ ਸੰਬੋਧਨ ਕਰਦਿਆਂ ਕਿਹਾ, ”ਪੰਜਾਬ ਸਮੇਤ ਦੇਸ਼ ਦੀਆਂ ਔਰਤਾਂ ਬਹੁਤ ਮਿਹਨਤੀ ਹਨ। ‘ਆਪ’ ਦੀ ਸਰਕਾਰ ਵੱਲੋਂ 18 ਸਾਲ ਤੋਂ ਵੱਧ ਉਮਰ ਦੀਆਂ ਮਾਵਾਂ- ਭੈਣਾਂ ਨੂੰ 1000 ਰੁਪਏ ਦੇਣ ਨਾਲ ਉਹ ਹੋਰ ਸ਼ਕਤੀਸ਼ਾਲੀ ਅਤੇ ਮਜ਼ਬੂਤ ਹੋਣਗੀਆਂ। ਜਦੋਂ ਪੰਜਾਬ ‘ਤੇ ਰਾਜ ਕਰਨ ਵਾਲਿਆਂ ਨੇ ਸੂਬੇ ਦੇ ਹਜ਼ਾਰਾਂ ਕਰੋੜਾਂ ਰੁਪਏ ਡਕਾਰ ਲਏ ਹਨ ਅਤੇ ਇਹ ਆਗੂ ਆਲਸੀ ਨਹੀਂ ਹੋਏ, ਤਾਂ 1000 ਰੁਪਏ ਦੇਣ ਨਾਲ ਮੇਰੀਆਂ ਮਾਵਾਂ-  ਭੈਣਾਂ (ਔਰਤਾਂ) ਕਿਵੇਂ ਆਲਸੀ ਅਤੇ ਕੰਮਚੋਰ ਹੋਣ ਜਾਣਗੀਆਂ?” ਕੇਜਰੀਵਾਲ ਨੇ ਅੱਗੇ ਕਿਹਾ ਕਿ ਉਨਾਂ ਵੱਲੋਂ ਦਿੱਤੀ ਤੀਜੀ ਗਰੰਟੀ ਵਜੋਂ ਔਰਤਾਂ ਨੂੰ 1000 ਰੁਪਏ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ ਅਤੇ ਪਿੰਡ ਸਰਾਏ ਖ਼ਾਸ ਤੋਂ 1000 ਰੁਪਏ ਲੈਣ ਲਈ ਰਜਿਸਟ੍ਰੇਸ਼ਨ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਦੇ ਲਈ ਇੱਕ ਮੋਬਾਈਲ ਨੰਬਰ  ‘911- 511- 5599’ ਜਾਰੀ ਕੀਤਾ ਗਿਆ ਹੈ। ਸੂਬੇ ਦੀਆਂ ਔਰਤਾਂ ਮੋਬਾਈਲ ਨੰਬਰ ‘ਤੇ ਮਿਸਡ ਕਾਲ ਕਰਕੇ ਆਪਣੇ ਨਾਂਅ ਤੀਜੀ ਗਰੰਟੀ ਲਈ ਦਰਜ ਕਰਵਾ ਸਕਦੀਆਂ ਹਨ। ਉਨਾਂ ਕਿਹਾ ਕਿ ‘ਆਪ’ ਦੇ ਵਲੰਟੀਅਰ ਅਤੇ ਆਗੂ ਹਰ ਇਲਾਕੇ ਵਿੱਚ ਜਾਣਗੇ ਅਤੇ ਉਨਾਂ ਵੱਲੋਂ 1000 ਰੁਪਏ ਦੇਣ ਲਈ ਮਾਵਾਂ- ਭੈਣਾਂ ਨੂੰ ਰਜਿਸਟਰਡ ਕੀਤਾ ਜਾਵੇਗਾ। ਇਸ ਲਈ ਸਾਰੀਆਂ ਔਰਤਾਂ ਆਪਣੇ ਨਾਂਅ ਜ਼ਰੂਰ ਦਰਜ ਕਰਾਉਣ। ਇਸ ਮੌਕੇ ਕੇਜਰੀਵਾਲ ਨੇ ਕਈ ਔਰਤਾਂ ਦੇ ਨਾਂਅ 1000 ਰੁਪਏ ਦੀ ਤੀਜੀ ਗਰੰਟੀ ਲਈ ਦਰਜ ਕੀਤੇ।

ਕੇਜਰੀਵਾਲ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੋਸ਼ ਲਾਇਆ ਕਿ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਦੇਣ ਨਾਲ ਸੂਬੇ ਦੀਆਂ ਔਰਤਾਂ ਕੰਮਚੋਰ ਹੋ ਜਾਣਗੀਆਂ। ਕੀ ਇਹ ਦੋਸ਼ ਸਹੀ ਹੈ? ਇਕੱਠੀਆਂ ਹੋਈਆਂ ਔਰਤਾਂ ਵਿੱਚੋਂ ਇੱਕ ਔਰਤ ਦਾ ਜਵਾਬ ਸੀ,”ਇੱਕ ਹਜ਼ਾਰ ਰੁਪਏ ਮਿਲਣ ਨਾਲ ਔਰਤਾਂ ਨਾ ਕੰਮਚੋਰ ਹੋਣਗੀਆਂ। ਔਰਤਾਂ ਨੂੰ ਸਰਕਾਰ ਵੱਲੋਂ ਪੈਸੇ ਦੇਣਾ ਕੋਈ ਮੁਫ਼ਤਖ਼ੋਰੀ ਨਹੀਂ ਹੈ।” ਦੂਜੀ ਔਰਤ ਨੇ ਕਿਹਾ, ”ਕੇਜਰੀਵਾਲ ਦੀ ਜਦੋਂ ਵੀ ਨਵੀਂ ਗਰੰਟੀ ਆਉਂਦੀ ਹੈ ਤਾਂ ਸੂਬੇ ਦੇ ਲੀਡਰਾਂ ਨੂੰ ਕੰਬਣੀ ਛਿੜ ਜਾਂਦੀ ਹੈ। ਇੱਕ ਹਜ਼ਾਰ ਦੇਣ ਨਾਲ ਖ਼ਜ਼ਾਨਾ ਖ਼ਾਲੀ ਨਹੀਂ ਹੋਣ ਲੱਗਾ। ਜਦੋਂ ਲੀਡਰ ਪੰਜਾਬ ਨੂੰ ਲੁੱਟ ਕੇ ਆਲਸੀ ਨਹੀਂ ਹੋਏ ਤਾਂ ਔਰਤਾਂ ਸਰਕਾਰ ਤੋਂ ਪੈਸੇ ਲੈ ਕੇ ਆਲਸੀ ਨਹੀਂ ਹੋਣਗੀਆਂ। ਇਸ ਵਾਰ ਔਰਤਾਂ ਇਨਾਂ ਲੀਡਰਾਂ ਨੂੰ ਹਟਾ ਕੇ ‘ਆਪ’ ਦੀ ਸਰਕਾਰ ਬਣਾਉਣਗੀਆਂ।”

‘ਆਪ’ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਸੰਬੋਧਨ ਕਰਦਿਆਂ ਕਿਹਾ, ”ਜੇ ਔਰਤ ਤੋਂ ਬਿਨਾਂ ਘਰ ਨਹੀਂ ਚੱਲ ਸਕਦਾ ਤਾਂ ਮੁਲਕ ਕਿਵੇਂ ਚੱਲ ਸਕਦਾ ਹੈ?  ਚੁੱਲਾ ਕਿਵੇਂ ਚੱਲਦਾ ਅਤੇ ਮਹਿੰਗਾਈ ਕਿੰਨੀ ਹੈ ਔਰਤਾਂ ਤੋਂ ਵੱਧ ਕੋਈ ਨਹੀਂ ਜਾਣਦਾ। ਇਸ ਲਈ ਔਰਤਾਂ ਦੇ ਸ਼ਕਤੀਕਰਨ ਨਾਲ ਹੀ ਦੇਸ਼ ਸ਼ਕਤੀਸ਼ਾਲੀ ਹੋਵੇਗਾ।” ਉਨਾਂ ਕਿਹਾ ਕਿ ਪੰਜਾਬ ‘ਚ ਪੜੇ ਲਿਖੇ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ, ਸਗੋਂ ਪੁਲੀਸ ਦੀਆਂ ਡਾਂਗਾਂ ਪੈਂਦੀਆਂ ਹਨ। ਦੁਖੀ ਹੋ ਕੇ ਮਾਪੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਭੇਜ ਰਹੇ ਹਨ। ਪਰ ਇਹ ਹਾਲਾਤ ਬਦਲਣੇ ਹਨ। ਇਸ ਲਈ ‘ਆਪ’ ਨੂੰ ਮੌਕਾ ਦਿਓ ਅਤੇ ਸਰਕਾਰ ਬਣਾਓ ਤਾਂ ਜੋ ਪਰਿਵਾਰਾਂ ਦੀ ਗ਼ਰੀਬੀ ਚੁੱਕਣ ਲਈ ਨੌਜਵਾਨਾਂ ਨੂੰ ਨੌਕਰੀਆਂ ਮਿਲਣ, ਔਰਤਾਂ ਨੂੰ ਇੱਕ ਹਜ਼ਾਰ ਰੁਪਏ ਮਿਲਣ ਅਤੇ ਭ੍ਰਿਸ਼ਟਾਚਾਰ ਬੰਦ ਕੀਤਾ ਜਾ ਸਕੇ।
ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ, ਸਹਿ ਇੰਚਾਰਜ ਰਾਘਵ ਚੱਢਾ, ਕੁੰਵਰ ਵਿਜੈ ਪ੍ਰਤਾਪ ਸਿੰਘ ਅਤੇ ਬਲਕਾਰ ਸਿੰਘ ਮੰਚ ‘ਤੇ ਬਿਰਾਜਮਾਨ ਸਨ।

ਔਰਤਾਂ ਨੂੰ ਇੱਕ ਹਜ਼ਾਰ ਰੁਪਏ ਦੇਣ ਦੇ ਪ੍ਰਬੰਧ ਦੀ ਗੱਲ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ, ”ਪੰਜਾਬ ਵਿੱਚ 20 ਹਜ਼ਾਰ ਕਰੋੜ ਦਾ ਰੇਤਾ ਚੋਰੀ ਹੋ ਰਿਹਾ ਹੈ। ਮੁੱਖ ਮੰਤਰੀ ਚੰਨੀ ਦੇ ਹਲਕੇ ਵਿੱਚ ਵੀ ਰੇਤਾ ਚੋਰੀ ਹੁੰਦਾ ਹੈ। ਰੇਤੇ ਦੀ ਇਸ ਚੋਰੀ ਵਿੱਚੋਂ ਲੀਡਰਾਂ ਨੂੰ ਹਿੱਸਾ ਜਾਂਦਾ ਹੈ। ਅਸੀਂ ਸਰਕਾਰ ਬਣਾ ਕੇ ਰੇਤ ਦੀ 20 ਹਜ਼ਾਰ ਕਰੋੜ ਦੀ ਚੋਰੀ ਬੰਦ ਕਰਾਂਗੇ ਅਤੇ ਇਸ ਪੈਸੇ ਵਿੱਚੋਂ ਹੀ ਮਾਵਾਂ- ਭੈਣਾਂ ਨੂੰ ਇੱਕ ਹਜ਼ਾਰ ਰੁਪਏ ਦੇਣ ਦਾ ਪ੍ਰਬੰਧ ਕਰਾਂਗੇ।” ਕੇਜਰੀਵਾਲ ਨੇ ਕਿਹਾ ਕਿ ਉਹ ਜੋ ਕਹਿੰਦੇ ਹਨ, ਉਹ ਕਰਕੇ ਦਿਖਾਉਂਦੇ ਹਨ। ਦਿੱਲੀ ਵਿੱਚ ਸਕੂਲ ਅਤੇ ਹਸਪਤਾਲ ਚੰਗੇ ਬਣਾਏ ਹਨ ਅਤੇ ਦਿੱਲੀ ਵਾਸੀਆਂ ਨੂੰ ਮੁਫ਼ਤ ਪਾਣੀ ਦੇਣ ਦੇ ਨਾਲ-ਨਾਲ ਮੁਫ਼ਤ ਬਿਜਲੀ ਨਿਰਵਿਘਨ ਦਿੱਤੀ ਜਾ ਰਹੀ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਉਹ ਦਿੱਲੀ ਵਰਗੇ ਸਕੂਲ, ਹਸਪਤਾਲ ਅਤੇ ਹੋਰ ਸਹੂਲਤਾਂ ਚਾਹੁੰਦੇ ਹਨ ਤਾਂ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਜ਼ਰੂਰ ਦੇਣ। ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਨ ‘ਤੇ ਚੰਗੇ ਸਕੂਲਾਂ, ਹਸਪਤਾਲਾਂ ਦਾ ਪ੍ਰਬੰਧ ਕੀਤਾ ਜਾਵੇਗਾ ਅਤੇ ਦਿੱਤੀਆਂ ਗਰੰਟੀਆਂ ਪੂਰੀਆਂ ਕੀਤੀਆਂ ਜਾਣਗੀਆਂ। ਪੰਜਾਬ ਦਾ ਭਵਿੱਖ ਬਦਲ ਜਾਵੇਗਾ, ਲੋਕਾਂ ਦਾ ਭਵਿੱਖ ਬਦਲ ਜਾਵੇਗਾ ਅਤੇ ਪੰਜਾਬ ‘ਚ ਮੁੜ ਕੇ ਕੋਈ ਹੋਰ ਪਾਰਟੀ ਸੱਤਾ ਵਿੱਚ ਨਹੀਂ ਆਵੇਗੀ।

Written By
The Punjab Wire