ਰੋਸ਼ਨ ਜੌਸ਼ਫ਼ ਨੂੰ ਟਿਕਟ ਦੇਣ ਲਈ ਭਾਈਚਾਰੇ ਦੇ ਆਗੂਆਂ ਨੇ ਦਿੱਲੀ ’ਚ ਕਾਂਗਰਸ ਹਾਈਕਮਾਨ ਨਾਲ ਕੀਤੀ ਮੁਲਾਕਾਤ
ਬਟਾਲਾ, 7 ਦਸੰਬਰ। ਵਿਧਾਨ ਸਭਾ ਹਲਕਾ ਬਟਾਲਾ ਤੋਂ ਸੀਟ ਲੈਣ ਲਈ ਈਸਾਈ ਭਾਈਚਾਰੇ ਨੇ ਆਪਣਾ ਦਾਅਵਾ ਠੋਕ ਦਿੱਤਾ ਹੈ। ਈਸਾਈ ਭਾਈਚਾਰੇ ਦੇ ਆਗੂਆਂ ਨੇ ਅੱਜ ਦਿੱਲੀ ਵਿਖੇ ਆਲ ਇੰਡੀਆ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਕੇ.ਸੀ. ਵੇਨੂ ਗੋਪਾਲ ਅਤੇ ਹੋਰ ਸੀਨੀਅਰ ਆਗੂਆਂ ਨਾਲ ਮੁਲਾਕਾਤ ਕਰਕੇ ਮੰਗ ਕੀਤੀ ਹੈ ਕਿ ਬਟਾਲਾ ਵਿਧਾਨ ਸਭਾ ਸੀਟ ਤੋਂ ਈਸਾਈ ਭਾਈਚਾਰੇ ਦੇ ਆਗੂ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰੋਸ਼ਨ ਜੌਸ਼ਫ਼ ਨੂੰ ਪਾਰਟੀ ਉਮੀਦਵਾਰ ਐਲਾਨਿਆ ਜਾਵੇ। ਪਾਰਟੀ ਹਾਈਕਮਾਨ ਨਾਲ ਮੁਲਾਕਾਤ ਕਰਨ ਸਮੇਂ ਈਸਾਈ ਭਾਈਚਾਰੇ ਦੇ ਧਾਰਮਿਕ ਆਗੂ ਫਾਦਰ ਵਿਜੇ, ਫਾਦਰ ਬੋਸਕੋ, ਵੀ. ਜਾਰਜ ਪ੍ਰਧਾਨ, ਰਾਸ਼ਟਰੀ ਕੌਂਸ਼ਲ ਆਫ ਦਲਿਤ ਕ੍ਰਿਸ਼ਚਨ, ਐੱਸ.ਐੱਸ. ਵਗਮਰੇ, ਮਿਸਟਰ ਮਾਈਕਲ, ਪ੍ਰੋਫੈਸਰ ਮੈਰੀ ਜੌਹਨ, ਰਾਕੇਸ਼ ਗਿੱਲ ਅਤੇ ਐਡਵੋਕੇਟ ਸੁਲੇਮਾਨ ਅਤੇ ਰੋਸ਼ਨ ਜੌਸ਼ਫ਼ ਮਜੂਦ ਸਨ।
ਆਲ ਇੰਡੀਆ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਕੇ.ਸੀ. ਵੇਨੂ ਗੋਪਾਲ ਨਾਲ ਆਪਣੀ ਮੁਲਾਕਾਤ ਦੌਰਾਨ ਈਸਾਈ ਭਾਈਚਾਰੇ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਈਸਾਈ ਭਾਈਚਾਰਾ ਬਹੁਤ ਵੱਡੀ ਗਿਣਤੀ ਵਿੱਚ ਹੈ ਪਰ ਕਾਂਗਰਸ ਪਾਰਟੀ ਵੱਲੋਂ ਉਨ੍ਹਾਂ ਨੂੰ ਇੱਕ ਵੀ ਟਿਕਟ ਨਹੀਂ ਦਿੱਤੀ ਜਾਂਦੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਮੁੱਚੇ ਈਸਾਈ ਭਾਈਚਾਰੇ ਦੀ ਮੰਗ ਹੈ ਕਿ ਇਸ ਵਾਰ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਵੱਲੋਂ ਈਸਾਈ ਭਾਈਚਾਰੇ ਨੂੰ ਘੱਟੋ-ਘੱਟ ਦੋ ਟਿਕਟਾਂ ਜਰੂਰ ਦਿੱਤੀਆਂ ਜਾਣ, ਜਿਨ੍ਹਾਂ ਵਿੱਚ ਇੱਕ ਟਿਕਟ ਭਾਈਚਾਰੇ ਦੇ ਆਗੂ ਰੌਸ਼ਨ ਜੌਸ਼ਫ਼ ਨੂੰ ਬਟਾਲਾ ਹਲਕੇ ਤੋਂਂ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਭਾਈਚਾਰਾ ਚਾਹੁੰਦਾ ਹੈ ਕਿ ਪੰਜਾਬ ਵਿਧਾਨ ਸਭਾ ਵਿੱਚ ਉਨ੍ਹਾਂ ਦੀ ਵੀ ਨੁਮਾਇੰਦਗੀ ਹੋਵੇ। ਕਾਂਗਰਸ ਹਾਈਕਮਾਨ ਨੇ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੀ ਇਸ ਵਾਜਬ ਮੰਗ ਉੱਪਰ ਜਰੂਰ ਗੌਰ ਕੀਤਾ ਜਾਵੇਗਾ।
ਓਧਰ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰੌਸ਼ਨ ਜੌਸ਼ਫ਼ ਨੇ ਦੱਸਿਆ ਕਿ ਈਸਾਈ ਭਾਈਚਾਰੇ ਨੇ ਉਨ੍ਹਾਂ ਦਾ ਨਾਮ ਬਟਾਲਾ ਤੋਂ ਉਮੀਦਵਾਰੀ ਲਈ ਪੇਸ਼ ਕੀਤਾ ਹੈ ਅਤੇ ਉਹ ਪਾਰਟੀ ਹਾਈਕਮਾਨ ਨੂੰ ਇਹ ਯਕੀਨ ਦਿਵਾਉਂਦੇ ਹਨ ਕਿ ਇਹ ਸੀਟ ਸ਼ਾਨ ਨਾਲ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਈ ਜਾਵੇਗੀ।