-ਖ਼ੁਦ ਮੁੱਖ ਮੰਤਰੀ ‘ਤੇ ਲੱਗ ਰਹੇ ਹਨ ਰੇਤ ਮਾਫ਼ੀਆ ‘ਚ ਸ਼ਮੂਲੀਅਤ ਦੇ ਦੋਸ਼, ਇਨਸਾਫ਼ ਲਈ ਕਿਸ ਕੋਲ ਜਾਣ ਲੋਕ-ਅਰਵਿੰਦ ਕੇਜਰੀਵਾਲ
ਕਿਹਾ, ਜਿਸ ਸੂਬੇ ਦੇ ਮੁੱਖ ਮੰਤਰੀ ‘ਤੇ ਰੇਤ, ਬਜ਼ਰੀ ਮਾਫੀਏ ਦੇ ਦੋਸ਼ ਲਗਦੇ ਹੋਣ ਉਸ ਸੂਬੇ ਵਿਚ ਮਾਫੀਆ ਕਿਵੇਂ ਰੁਕੇਗਾ?
ਸ੍ਰੀ ਅੰਮ੍ਰਿਤਸਰ, 7 ਦਸੰਬਰ। ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੱਤਾਧਾਰੀ ਕਾਂਗਰਸ ਦੇ ਮਾਫ਼ੀਆ ਰਾਜ ਉੱਤੇ ਹਮਲਾ ਬੋਲਦਿਆਂ ਕਿਹਾ ਕਿ ਪੰਜਾਬ ਅੰਦਰ ਇਕੱਲੇ ਰੇਤ ਖਣਨ (ਸੈਂਡ ਮਾਈਨਿੰਗ) ‘ਚ ਹੀ 20 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਗੈਰ-ਕਾਨੂੰਨੀ ਧੰਦਾ ਚੱਲ ਰਿਹਾ ਹੈ, ਜਿਸ ‘ਚ ਸੱਤਾਧਾਰੀ (ਰੂਲਿੰਗ) ਕਾਂਗਰਸ ਦੇ ਵਿਧਾਇਕ, ਵਜ਼ੀਰ ਅਤੇ ਖ਼ੁਦ ਮੁੱਖ ਮੰਤਰੀ ਸਮੇਤ ਇਨਾਂ ਦੇ ਕਰੀਬੀਆਂ ਉੱਪਰ ਸਿੱਧੇ ਤੌਰ ‘ਤੇ ਸ਼ਾਮਲ ਹੋਣ ਦੇ ਗੰਭੀਰ ਦੋਸ਼ ਲੱਗ ਰਹੇ ਹਨ।
‘ਆਪ’ ਸੁਪਰੀਮੋ ਕੇਜਰੀਵਾਲ ਮੰਗਲਵਾਰ ਸਵੇਰੇ ਗੁਰੂ ਕੀ ਨਗਰੀ ਦੇ ਏਅਰਪੋਰਟ ‘ਤੇ ਪੱਤਰਕਾਰਾਂ ਨੂੰ ਪ੍ਰਤੀਕਿਰਿਆ ਦੇ ਰਹੇ ਸਨ। ਕੇਜਰੀਵਾਲ ਅੱਜ (ਮੰਗਲਵਾਰ) ਨੂੰ ਇੱਕ ਰੋਜ਼ਾ ਪੰਜਾਬ ਫੇਰੀ ਦੌਰਾਨ ਕਰਤਾਰਪੁਰ (ਜਲੰਧਰ) ਅਤੇ ਹੁਸ਼ਿਆਰਪੁਰ ‘ਚ ਆਯੋਜਿਤ ਪਾਰਟੀ ਪ੍ਰੋਗਰਾਮਾਂ ‘ਚ ਹਿੱਸਾ ਲੈਣ ਆਏ ਹਨ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਰੇਤ ਮਾਫ਼ੀਆ ਸਮੇਤ ਬਾਕੀ ਅਨੇਕਾਂ ਗੈਰ-ਕਾਨੂੰਨੀ ਧੰਦਿਆਂ (ਮਾਫ਼ੀਆ) ‘ਚ ਸ਼ਮੂਲੀਅਤ ਬਾਰੇ ਮੁੱਖ ਮੰਤਰੀ ਸਮੇਤ ਬਾਕੀ ਵਿਧਾਇਕਾਂ-ਵਜ਼ੀਰਾਂ ਉੱਤੇ ਉਗਲਾਂ ਉੱਠ ਰਹੀਆਂ ਹਨ ਤਾਂ ਆਮ ਜਨਤਾ ਦੇ ਹਿੱਤਾਂ ਦੀ ਰੱਖਿਆ ਕੌਣ ਕਰੇਗਾ? ਪੰਜਾਬ ਦੇ ਹਿੱਤ ਕੌਣ ਬਚਾਏਗਾ? ਇਨਸਾਫ਼ ਲਈ ਆਮ ਲੋਕ ਕਿਸ ਕੋਲ ਜਾਣਗੇ? ਕੀ ਅਜਿਹੇ ਮਾਫ਼ੀਆ ਅਤੇ ਮਾਫ਼ੀਆ ਰਾਜ ਦੇ ਸਰਪ੍ਰਸਤਾਂ ਕੋਲੋਂ ਪੰਜਾਬ ਅਤੇ ਪੰਜਾਬ ਦੀ ਜਨਤਾ ਦੇ ਭਲੇ ਦੀ ਉਮੀਦ ਕੀਤੀ ਜਾ ਸਕਦੀ ਹੈ? ਕੇਜਰੀਵਾਲ ਨੇ ਇਹ ਵੀ ਕਿਹਾ ਕਿ ਜਿਸ ਸੂਬੇ ਦੇ ਮੁੱਖ ਮੰਤਰੀ ‘ਤੇ ਰੇਤ, ਬਜ਼ਰੀ ਮਾਫੀਏ ਦੇ ਦੋਸ਼ ਲਗਦੇ ਹੋਣ ਉਸ ਸੂਬੇ ਵਿਚ ਮਾਫੀਆ ਕਿਵੇਂ ਰੁਕੇਗਾ?
ਕੇਜਰੀਵਾਲ ਨੇ ਕਿਹਾ ਕਿ ਪਹਿਲਾਂ ਬਾਦਲਾਂ ਅਤੇ ਭਾਜਪਾ ਦੇ ਮਾਫ਼ੀਆ ਰਾਜ ਨੇ ਪੰਜਾਬ ਨੂੰ ਰੱਜ ਕੇ ਲੁੱਟਿਆ। 2017 ‘ਚ ਲੋਕਾਂ ਨੇ ਕਾਂਗਰਸ ਅਤੇ ਕੈਪਟਨ ‘ਤੇ ਵਿਸ਼ਵਾਸ ਕੀਤਾ, ਪਰੰਤੂ ਇਹ ਵੀ ਬਾਦਲਾਂ ਦੇ ਨਕਸ਼ੇ ਕਦਮ ‘ਤੇ ਤੁਰ ਪਏ ਅਤੇ ਪੌਣੇ 5 ਸਾਲਾਂ ‘ਚ ਪੰਜਾਬ ਅਤੇ ਪੰਜਾਬੀਆਂ ਨੂੰ ਬਿਲਕੁਲ ਤੋੜ ਕੇ ਰੱਖ ਦਿੱਤਾ।
ਕੇਜਰੀਵਾਲ ਨੇ ਕਿਹਾ ਕਿ ਇੱਕ ਅੰਦਾਜ਼ੇ ਮੁਤਾਬਿਕ ਸਿਰਫ਼ ਰੇਤ-ਬਜਰੀ ਖਣਨ ‘ਚ ਪ੍ਰਤੀ ਸਾਲ 20 ਹਜ਼ਾਰ ਕਰੋੜ ਰੁਪਏ ਦਾ ਗੈਰ ਕਾਨੂੰਨੀ ਕਾਰੋਬਾਰ ਪੰਜਾਬ ‘ਚ ਚੱਲ ਰਿਹਾ ਹੈ। ਇਹ ਪੈਸਾ ਜਨਤਾ ਦੀ ਭਲਾਈ ਲਈ ਵਰਤਿਆ ਜਾ ਸਕਦਾ ਹੈ, ਪਰੰਤੂ ਇਹ ਸਰਕਾਰੀ ਖ਼ਜ਼ਾਨੇ ਦੀ ਥਾਂ ਲੀਡਰਾਂ ਦੀਆਂ ਜੇਬਾਂ ‘ਚ ਜਾ ਰਿਹਾ ਹੈ
ਕੇਜਰੀਵਾਲ ਨੇ ਵਚਨਬੱਧਤਾ ਦਿੱਤੀ ਕਿ 2022 ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਗੈਰ-ਕਾਨੂੰਨੀ ਤੌਰ ‘ਤੇ ਚੱਲ ਰਹੇ ਰੇਤ ਖਣਨ ਸਮੇਤ ਸਾਰੇ ਕਾਲੇ ਧੰਦੇ ਬੰਦ ਕੀਤੇ ਜਾਣਗੇ। ਮਾਫ਼ੀਆ ਰਾਜ ਕਾਰਨ ਸੂਬੇ ਦੇ ਸਾਧਨਾਂ-ਸਰੋਤਾਂ ਦੇ ਜੋ ਪੈਸੇ ਸਿਆਸੀ ਲੀਡਰਾਂ ਦੀਆਂ ਜੇਬਾਂ ‘ਚ ਜਾ ਰਹੇ ਹਨ, ਉਹ ਪੈਸਾ ਮਾਵਾਂ-ਭੈਣਾਂ, ਬਜ਼ੁਰਗਾਂ ਦੀਆਂ ਲੋੜਵੰਦ ਜੇਬਾਂ ‘ਚ ਜਾਇਆ ਕਰੇਗਾ।