ਸੀਨੀਅਰ ਕਾਂਗਰਸ ਆਗੂ ਅਤੇ ਰਾਜ ਸਭਾ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਹਲਕਾ ਕਾਦੀਆਂ ਤੋਂ ਮੈਂ ਹੀ ਵਿਧਾਨ ਸਭਾ 2022 ਦੀਆਂ ਚੋਣਾਂ ਲੜਾਂਗਾ।
ਗੁਰਦਾਸਪੁਰ, 6 ਦਿਸੰਬਰ (ਮੰਨਣ ਸੈਣੀ) ਸੀਨੀਅਰ ਕਾਂਗਰਸ ਆਗੂ ਅਤੇ ਰਾਜ ਸਭਾ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਹਲਕਾ ਕਾਦੀਆਂ ਤੋਂ ਮੈਂ ਹੀ ਵਿਧਾਨ ਸਭਾ 2022 ਦੀਆਂ ਚੋਣਾਂ ਲੜਾਂਗਾ। ਦਰਅਸਲ ਪ੍ਰਤਾਪ ਸਿੰਘ ਬਾਜਵਾ ਹਲਕਾ ਕਾਦੀਆਂ ਦੇ ਕਸਬਾ ਭੈਣੀ ਮੀਆਂ ਖ਼ਾਨ ਵਿਖੇ ਹਲਕੇ ਦੇ ਵਰਕਰਾਂ ਨਾਲ ਮੀਟਿੰਗ ਕਰਨ ਪਹੁੰਚੇ ਸਨ। ਇਸ ਮੌਕੇ ਉਹਨਾਂ ਕਿਹਾ ਕਿ ਉਹਨਾਂ ਨੂੰ ਹਾਈਕਮਾਂਡ ਵਲੋਂ ਗਰੀਨ ਸਿਗਨਲ ਮਿਲ ਚੁੱਕਾ ਹੈ ਅਤੇ ਹੁਣ ਉਹ ਆਪਣੇ ਜੱਦੀ ਹਲਕੇ ਕਾਦੀਆਂ ਤੋਂ ਪੰਜਾਬ ਦੇ ਲੋਕਾਂ ਦੀ ਸੇਵਾ ਕਰਨਗੇ। ਜਦੋਂ ਪੱਤਰਕਾਰਾਂ ਨੇ ਉਹਨਾਂ ਨੂੰ ਫਤਹਿ ਜੰਗ ਬਾਜਵਾ ਬਾਰੇ ਪੁੱਛਿਆ ਤਾਂ ਉਹਨਾਂ ਕਿਹਾ ਕਿ ਉਹਨਾਂ ਬਾਰੇ ਪਰਮਾਤਮਾ ਜਾਣੇ।
ਇਸ ਦੇ ਨਾਲ ਹੀ ਪ੍ਰਤਾਪ ਬਾਜਵਾ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਭਾਜਪਾ ਗਠਜੋੜ ਨੂੰ ਲੈ ਕੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੈਪਟਨ ਸਾਬ੍ਹ ਕਾਂਗਰਸ ਵਿਚ ਘੋੜੇ ’ਤੇ ਸਵਾਰ ਸਨ ਪਰ ਹੁਣ ਦੂਸਰਾ ਕੌਣ ਉਹਨਾਂ ਨੂੰ ਘੋੜੇ ’ਤੇ ਸਵਾਰ ਹੋਣ ਦੇਵੇਗਾ। ਪ੍ਰਤਾਪ ਬਾਜਵਾ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਦਾ ਮੁਕਾਬਲਾ ਕੋਈ ਨਹੀਂ ਹੈ ਕਿਉਂਕਿ ਸਾਡਾ ਮੁਕਾਬਲਾ ਆਪਣੇ ਆਪ ਨਾਲ ਹੀ ਹੈ।
ਉਹਨਾਂ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ’ਤੇ ਵੀ ਤਿੱਖੇ ਹਮਲੇ ਬੋਲੇ। ਉਹਨਾਂ ਕਿਹਾ ਕਿ ਖੇਤੀ ਕਾਨੂੰਨਾਂ ਪਿੱਛੇ ਬਾਦਲਾਂ ਦਾ ਹੱਥ ਸੀ ਪਰ ਹੁਣ ਉਹ ਕਿਸਾਨ ਹਮਾਇਤੀ ਹੋਣ ਦਾ ਡਰਾਮਾ ਕਰ ਰਹੇ ਹਨ। ਉਹਨਾਂ ਦਾ ਕਹਿਣਾ ਸੀ ਕਿ ਕਾਂਗਰਸ ਸਰਕਾਰ ਨੇ ਪੰਜਾਬ ਦੀ ਜਨਤਾ ਦੇ ਸਾਰੇ ਕੰਮ ਕਰਵਾਏ ਹਨ, ਬਾਕੀ ਕੁਝ ਰਹਿ ਵੀ ਜਾਂਦੇ ਹਨ ਉਹ ਵੀ ਕਰਵਾ ਦਿੱਤੇ ਜਾਣਗੇ । ਪ੍ਰਤਾਪ ਬਾਜਵਾ ਨੇ ਕਿਹਾ ਕਿ ਪਰਮਾਤਮਾ ਦੀ ਕ੍ਰਿਪਾ ਨਾਲ ਉਹਨਾਂ ਨੂੰ ਵਿਧਾਨ ਸਭਾ, ਲੋਕ ਸਭਾ ਅਤੇ ਰਾਜ ਸਭਾ ਤੋਂ ਸੇਵਾ ਦਾ ਮੌਕਾ ਮਿਲ ਚੁੱਕਿਆ ਹੈ ਅਤੇ ਆਪਣੇ ਦਿੱਲੀ ਦੇ ਤਜੁਰਬੇ ਨਾਲ ਪੰਜਾਬ ਵਿਚ ਉਤਰ ਕੇ ਪੰਜਾਬ ਦੇ ਅਤੇ ਹਲਕਾ ਕਾਦੀਆਂ ਦੇ ਲੋਕਾਂ ਦੀ ਸੇਵਾ ਕਰਾਂਗਾ।
ਪ੍ਰਤਾਪ ਸਿੰਘ ਬਾਜਵਾ ਦੇ ਐਲਾਨ ਤੋਂ ਬਾਅਦ ਗੁਰਦਾਸਪੁਰ ਦੀ ਸਿਆਸਤ ਵਿਚ ਹਲਚਲ ਦੇਖਣ ਨੂੰ ਮਿਲ ਰਹੀ ਹੈ। ਦਰਅਸਲ ਬਾਜਵਾ ਦੇ ਜੱਦੀ ਹਲਕੇ ਕਾਦੀਆਂ ਵਿਚ ਉਹਨਾਂ ਦੇ ਸਕੇ ਭਰਾ ਫਤਹਿਜੰਗ ਸਿੰਘ ਬਾਜਵਾ ਮੌਜੂਦਾ ਵਿਧਾਇਕ ਹਨ ਅਤੇ ਫਤਹਿ ਬਾਜਵਾ ਨੇ ਅਜੇ ਤਿੰਨ ਦਿਨ ਪਹਿਲਾਂ ਹੀ ਕਾਹਨੂੰਵਾਨ ਵਿਚ ਵੱਡੀ ਰੈਲੀ ਕੀਤੀ ਹੈ।