ਰਾਜਾ ਵੜਿੰਗ ਨੁੰ ਦਿੱਤੀ ਚੁਣੌਤੀ ; ਕਿਹਾ ਕਿ ਬਾਦਲ ਪਰਿਵਾਰ ਦੀ ਟਰਾਂਸਪੋਰਟ ਕੰਪਨੀ ਤੋਂ ਸਰਕਾਰ ਦੇ ਕਥਿਤ ਤੌਰ ’ਤੇ ਬਕਾਇਆ 14 ਕਰੋੜ ਰੁਪਏ ਦੇ ਟੈਕਸ ਵਸੂਲਣ ਦੀ ਰਸੀਦ ਵਿਖਾਉਣ
ਕਿਹਾ ਕਿ ਕੰਡੀ ਇਲਾਕੇ ਦੇ ਵਿਕਾਸ ਲਈ ਵੱਖਰਾ ਮੰਤਰਾਲਾ ਬਣਾਇਆ ਜਾਵੇਗਾ, ਕਿਹਾ ਕਿ ਅਕਾਲੀ –ਬਸਪਾ ਸਰਕਾਰ ਕੰਡੀ ਇਲਾਕੇ ਵਿਚ ਉਦਯੋਗਾਂ ਨੁੰ ਉਤਸ਼ਾਹਿਤ ਕਰਨ ਵਾਸਤੇ ਨੀਤੀ ਲਿਆਵੇਗੀ
ਦਸੂਹਾ, 25 ਨਵੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲ ਕੋਈ ਨੈਤਿਕਤਾ ਨਹੀਂ ਹੈ ਤੇ ਉਹਨਾਂ ਨੇ ਤਾਂ ਅਕਾਲੀ ਦਲ-ਭਾਜਪਾ ਸਰਕਾਰ ਵੇਲੇ ਲੁਧਿਆਣਾ ਸਿਟੀ ਸੈਂਟਰ ਘੁਟਾਲੇ ਵਿਚੋਂ ਆਪਣੇ ਭਰਾ ਮਨਮੋਹਨ ਸਿੰਘ ਦਾ ਨਾਂ ਕੱਢਵਾਉਣ ਵਾਸਤੇ ਉਹਨਾਂ ਕੋਲ ਪਹੁੰਚ ਕੀਤੀ ਸੀ।
ਇਥੇ ਬਸਪਾ ਦੇ ਉਮੀਦਵਾਰ ਸੁਸ਼ੀਲ ਕੁਮਾਰ ਪਿੰਕੀ ਸ਼ਰਮਾ ਦੇ ਹੱਥ ਵਿਚ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਸ ਵੇਲੇ ਸਿਟੀ ਸੈਂਟਰ ਘੁਟਾਲੇ ਵਿਚੋਂ ਆਪਣੇ ਭਰਾ ਨੁੰ ਬਚਾਉਣ ਲਈ ਚੰਨੀ ਨੂੰ ਮੇਰੇ ਕੋਲ ਆਉਣ ਵਿਚ ਕੋਈ ਹਿਚਕਿਚਾਹਟ ਨਹੀਂ ਸੀ। ਉਹਨਾਂ ਕਿਹਾ ਕਿ ਉਸ ਵੇਲੇ ਉਹਨਾਂ ਤਰਲੇ ਕੱਢੇ ਤੇ ਆਜ਼ਾਦ ਉਮੀਦਵਾਰ ਵਜੋਂ ਆਪਣੀ ਹਮਾਇਤ ਅਕਾਲੀ ਦਲ ਨੂੰ ਦਿੱਤੀ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਨੁੰ ਆਖਿਆ ਕਿ ਉਹ ਪਹਿਲਾਂ ਉਸ ਤਰੀਕੇ ’ਤੇ ਝਾਤ ਮਾਰਨ ਜਿਸ ਤਰੀਕੇ ਉਹਨਾਂ ਭ੍ਰਿਸ਼ਟਾਚਾਰ ਵਿਚ ਫਸੇ ਆਪਣੇ ਪਰਿਵਾਰ ਦੇ ਮੈਂਬਰਾਂ ਨੁੰ ਬਚਾਉਣ ਲਈ ਕਿਸ ਤਰੀਕੇ ਤਰਲੇ ਕੀਤੇ ਸਨ। ਉਹਨਾਂ ਕਿਹਾ ਕਿ ਤੁਹਾਡਾ ‘ਮੀ ਟੂ’ ਮਾਮਲਾ ਵੀ ਹਾਲੇ ਲੋਕਾਂ ਦੇ ਮਨਾਂ ਵਿਚ ਤਾਜ਼ਾ ਹੈ। ਉਹਨਾਂ ਕਿਹਾ ਕਿ ਕੀ ਇਹ ਤੁਹਾਨੂੰ ਸੋਭਦਾ ਹੈ ਕਿ ਤੁਸੀਂ ਨੈਤਿਕਤਾ ਦੀ ਗੱਲ ਕਰੋ ਜਾਂ ਫਿਰ ਭ੍ਰਿਸ਼ਟਾਾਚਰ ਬਾਰੇ ਗੱਲ ਕਰੋ ਜਿਸਦੀ ਅਗਵਾਈ ਤੁਸੀਂ ਆਪ ਕਰਦੇ ਰਹੇ ਹੋ।
ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਇਹ ਵੀ ਕਿਹਾ ਕਿ ਉਹ ਪਹਿਲਾਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ। ਉਹਨਾਂ ਕਿਹਾ ਕਿ ਤੁਸੀਂ ਜਿਹੜੇ ਸਾਢੇ ਪੰਜ ਰੁਪਏ ਫੁੱਟ ਰੇਤਾ ਲੋਕਾਂ ਵਾਸਤੇ ਕਰਨ ਦਾ ਦਾਅਵਾ ਕੀਤਾ ਸੀ, ਉਹ ਕਿਥੇ ਹੈ ਉਹਨਾਂ ਕਿਹਾ ਕਿ ਤੁਹਾਡੇ ਵੱਲੋਂ ਬਿਜਲੀ ਬਿੱਲਾਂ ਵਿਚ 3 ਰੁਪਏ ਪ੍ਰਤੀ ਯੂਨਿਟ ਦੀ ਕਟੋਤੀ ਦਾ ਐਲਾਨ ਕਰਨ ਦੇ ਬਾਵਜੂਦ ਖਪਤਕਾਰਾਂ ਨੁੰ ਪਹਿਲਾਂ ਦੀਆਂ ਦਰਾਂ ਮੁਤਾਬਕ ਬਿੱਲ ਕਿਉਂ ਮਿਲ ਰਹੇ ਹਨ?
ਸਰਦਾਰ ਬਾਦਲ ਨੇ ਕਿਹਾ ਕਿ ਚੰਨੀ ਪੰਜਾਬੀਆਂ ਨੂੰ ਧੋਖਾ ਦੇਣ ਲਈ ਝੁਠ ਬੋਲ ਰਹੇ ਹਨ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਮੁੱਖ ਮੰਤਰੀ ਦਾ ਖਰੜ-ਰੋਪੜ ਪੱਟੀ ’ਤੇ ਗੈਰ ਕਾਨੂੰਨੀ ਮਾਇਨਿੰਗ ’ਤੇ ਪੂਰਾ ਕਬਜ਼ਾ ਹੈ। ਉਹਨਾਂ ਕਿਹਾ ਕਿ ਇਹੀ ਨਹੀਂ ਬਲਕਿ ਚੰਨੀ ਸੂਬੇ ਦੇ ਸਭ ਤੋਂ ਵੱਡੇ ਗੈਰ ਕਾਨੂੰਨੀ ਕਲੌਨਾਈਜ਼ਰ ਹਨ।
ਜਦੋਂ ਉਹਨਾਂ ਤੋਂ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਉਸ ਦਾਅਵੇ ਬਾਰੇ ਪੁੱਛਿਆ ਗਿਆ ਜਿਸ ਵਿਚ ਉਹਨਾਂ ਕਿਹਾ ਹੈ ਕਿ ਬਾਦਲ ਪਰਿਵਾਰ ਦੀਆਂ ਟਰਾਂਸਪੋਰਟ ਕੰਪਨੀਆਂ ਨੇ 14 ਕਰੋੜ ਰੁਪਏ ਟੈਕਸਾਂ ਦੇ ਬਕਾਏ ਦੇਣੇ ਸਨ, ਜੋ ਉਹਨਾਂ ਨੇ ਉਗਰਾਹੇ ਹਨ ਤਾਂ ਸਰਦਾਰ ਬਾਦਲ ਨੇ ਕਿਹਾ ਕਿ ਇਹ ਕੋਰਾ ਝੂਠ ਹੈ। ਉਹਨਾਂ ਕਿਹਾ ਕਿ ਮੈਂ ਰਾਜਾ ਵੜਿੰਗ ਨੁੰ ਚੁਣੌਤੀ ਦਿੰਦਾ ਹਾਂ ਕਿ ਉਹ ਇਹਨਾਂ ਦੀਆਂ ਰਸੀਦਾਂ ਵਿਖਾਵੇ। ਉਹਨਾਂ ਕਿਹਾ ਕਿ 14 ਕਰੋੜ ਰੁਪਏ ਦੀ ਗੱਲ ਛੱਡੋ ਮੈਂ ਇਹ ਕਹਿੰਦਾ ਹਾਂ ਕਿ 10 ਕਰੋੜ ਜਾਂ 5 ਕਰੋੜ ਦੀਆਂ ਰਸੀਦਾਂ ਹੀ ਵਿਖਾ ਦੇਵੇ ਜੋ ਮੇਰੇ ਪਰਿਵਾਰ ਦੀ ਮਾਲਕੀ ਵਾਲੀ ਕਿਸੇ ਵੀ ਟਰਾਂਸਪੋਰਟ ਕੰਪਨੀ ਤੋਂ ਉਗਰਾਹਿਆ ਹੋਵੇ।
ਇਸ ਦੌਰਾਨ ਇਕ ਵੱਡਾ ਐਲਾਨ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਕੰਡੀ ਇਲਾਕੇ ਦੇ ਵਿਕਾਸ ਵਾਸਤੇ ਵੱਖਰਾ ਮੰਤਰਾਲਾ ਬਣਾਉਣ ਤੋਂ ਇਲਾਵਾ ਅਕਾਲੀ ਦਲ ਤੇ ਬਸਪਾ ਸਰਕਾਰ ਬਦਨ ’ਤੇ ਕੰਡੀ ਇਲਾਕੇ ਵਿਚ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਵਿਸ਼ੇਸ਼ ਨੀਤੀ ਬਣਾਈ ਜਾਵੇਗੀ।
ਇਸ ਤੋਂ ਪਹਿਲਾਂ ਸਵੇਰੇ ਇਥੇ ਪਹੁੰਚਣ ’ਤੇ ਸਰਦਾਰ ਬਾਦਲ ਦਾ ਨਿੱਘਾ ਸਵਾਗਤ ਕੀਤਾ ਗਿਆ। ਉਤਸ਼ਾਹਿ ਇੰਨਾ ਜ਼ਿਆਦਾ ਸੀ ਕਿ ਸੈਂਕੜੇ ਨੌਜਵਾਨ ਸਾਰਾ ਦਿਨ ਹਲਕੇ ਵਿਚ ਉਹਨਾਂ ਦੇ ਨਾਲ ਰਹੇ। ਉਹਨਾਂ ਨੇ ਪਿੰਡ ਬੋਦਲ ਬੇਰ ਸ਼ਾਹ, ਬੁਢੋ ਬਰਕਤ, ਘੋਗਰਾ ਤੇ ਤਲਵਾੜਾ ਵਿਚ ਜਨਤਕ ਪ੍ਰੋਗਰਾਮਾਂ ਨੂੰ ਸੰਬੋਧਨ ਕੀਤਾ ਤੇ ਗੁਰਦੁਆਰਾ ਗਰਨਾ ਸਾਹਿਬ ਤੇ ਤਪ ਅਸਥਾਨ ਬਾਬਾ ਘੜ੍ਹਾ ਦਾਸ ਜੀ ਵਿਖੇ ਮੱਥਾ ਵੀ ਟੇਕਿਆ।
ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਜਤਿੰਦਰ ਸਿੰਘ ਲਾਲੀ ਬਾਜਵਾ, ਵਰਿੰਦਰ ਸਿੰਘ ਬਾਜਵਾ, ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਸਰਬਜੋਤ ਸਿੰਘ ਸਾਬੀ, ਬਲਬੀਰ ਸਿੰਘ ਮਿਆਣੀ, ਲਖਵਿੰਦਰ ਸਿੰਘ ਲੱਖੀ ਤੇ ਗੁਰਪ੍ਰੀਤ ਸਿੰਘ ਚੀਮਾ ਵੀ ਹਲਕੇ ਦੇ ਦੌਰੇ ਵੇਲੇ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਰਹੇ।