ਹੋਰ ਦੇਸ਼ ਪੰਜਾਬ ਮੁੱਖ ਖ਼ਬਰ ਰਾਜਨੀਤੀ

ਜਦੋਂ ਤੱਕ ਕਾਂਗਰਸ ਸਰਕਾਰ ਕਿਸਾਨਾਂ ਲਈ ਪੂਰਨ ਕਰਜ਼ਾ ਮੁਆਫੀ ਲਾਗੂ ਨਹੀਂ ਕਰਦੀ, ਕਿਸਾਨ ਤੇ ਕਿਸਾਨ ਸੰਗਠਨਾਂ ਨੂੰ ਸੰਤੁਸ਼ਟ ਨਹੀਂ ਕੀਤਾ ਜਾ ਸਕਦਾ : ਸੁਖਬੀਰ ਸਿੰਘ ਬਾਦਲ

ਜਦੋਂ ਤੱਕ ਕਾਂਗਰਸ ਸਰਕਾਰ ਕਿਸਾਨਾਂ ਲਈ ਪੂਰਨ ਕਰਜ਼ਾ ਮੁਆਫੀ ਲਾਗੂ ਨਹੀਂ ਕਰਦੀ, ਕਿਸਾਨ ਤੇ ਕਿਸਾਨ ਸੰਗਠਨਾਂ ਨੂੰ ਸੰਤੁਸ਼ਟ ਨਹੀਂ ਕੀਤਾ ਜਾ ਸਕਦਾ : ਸੁਖਬੀਰ ਸਿੰਘ ਬਾਦਲ
  • PublishedNovember 18, 2021

ਕਾਂਗਰਸ ਦੇ ਬੁੱਧੀਜੀਵੀ ਸੈਲ ਦੇ ਪ੍ਰਧਾਨ ਅਨੀਸ਼ ਸਿਦਾਣਾ ਦਾ ਅਕਾਲੀ ਦਲ ’ਚ ਸ਼ਾਮਲ ਹੋਣ ’ਤੇ ਕੀਤਾ ਨਿੱਘਾ ਸਵਾਗਤ

ਮੁੱਖ ਮੰਤਰੀ ’ਤੇ ਕੀਤਾ ਵੱਡਾ ਹਮਲਾ, ਕਿਹਾ ਕਿ ਚੰਨੀ ਸੁਬੇ ਦਾ ਸਭ ਤੋਂ ਵੱਡਾ ਗੈਰ ਕਾਨੂੰਨੀ ਕਲੋਨਾਈਜ਼ਰ

ਕਿਹਾ ਕਿ ਕੋਈ ਵੀ ਕਾਂਗਰਸ ਸਰਕਾਰ ਨੂੰ ਨਸ਼ਿਆਂ ਦੇ ਸੌਦਾਗਰਾਂ ਨੁੰ ਗ੍ਰਿਫਤਾਰ ਕਰਨ ਤੋਂ ਨਹੀਂ ਰੋਕ ਰਿਹਾ

ਸਰਕਾਰ ਨੂੰ ਦਿੱਤੀ ਚੁਣੌਤੀ ਕਿ ਬੇਅਦਬੀ ਮਾਮਲੇ ਵਿਚ ਉਹਨਾਂ ਖਿਲਾਫ ਇਕ ਛੋਟਾ ਜਿਹਾ ਸਬੂਤ ਵੀ ਪੇਸ਼ ਕਰ ਕੇ ਵਿਖਾਓ, ਕਿਹਾ ਕਿ ਜੇਕਰ ਮੈਨੁੰ ਝੂਠੇ ਕੇਸ ਵਿਚ ਫਸਾਉਣ ਦੀ ਕੋਸ਼ਿਸ਼ ਕੀਤੀ ਤਾਂ ਮੁੱਖ ਮੰਤਰੀ, ਗ੍ਰਹਿ ਮੰਤਰੀ ਤੇ ਡੀ ਜੀ ਪੀ ਧਾਰਾ 120 (ਬੀ) ਤਹਿਤ ਜ਼ਿੰਮੇਵਾਰ ਹੋਣਗੇ

ਚੰਡੀਗੜ੍ਹ, 18 ਨਵੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਜਦੋਂ ਤੱਕ ਕਾਂਗਰਸ ਸਰਕਾਰ ਆਪਣੇ ਕੀਤੇ ਵਾਅਦੇ ਮੁਤਾਬਕ ਕਿਸਾਨਾਂ ਲਈ ਪੂਰਨ ਕਰਜ਼ਾ ਮੁਆਫੀ ਸਕੀਮ ਲਾਗੂ ਨਹੀਂ ਕਰਦੀ, ਉਦੋਂ ਤੱਕ ਕਿਸਾਨਾਂ ਤੇ ਕਿਸਾਨ ਜਥੇਬੰਦੀਆਂ ਦੀ ਸੰਤੁਸ਼ਟੀ ਨਹੀਂ ਕਰਵਾਈ ਜਾ ਸਕਦੀ।
ਅਕਾਲੀ ਦਲ ਦੇ ਪ੍ਰਧਾਨ ਕਾਂਗਰਸ ਦੇ ਬੁੱਧੀਜੀਵੀ ਸੈਲ ਦੇ ਪ੍ਰਧਾਨ ਅਨੀਸ਼ ਸਿਦਾਣਾ ਦੇ ਅੱਜ ਸਾਥੀਆਂ ਸਮੇਤ ਅਕਾਲੀ ਦਲ ਵਿਚ ਸ਼ਾਮਲ ਹੋਣ ਮੌਕੇ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੂੰ ਸ਼ਹਿਰੀ ਖੇਤਰ ਦੇ ਮਾਮਲੇ ਵਿਚ ਆਪਣਾ ਸਿਆਸੀ ਸਲਾਹਕਾਰ ਨਿਯੁਕਤ ਕੀਤਾ ਤੇ ਉਹਨਾਂ ਨੂੰ ਬੇਨਤੀ ਕੀਤੀ ਕਿ ਉਹ ਪਾਰਟੀ ਦੀਆਂ ਨੀਤੀਆਂ ਤੇ ਸੋਚ ਲੋਕਾਂ ਤੱਕ ਪਹੁੰਚਣ।

ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੱਲ੍ਹ ਮੁੱਖ ਮੰਤਰੀ ਨਾਲ ਮੀਟਿੰਗ ਮਗਰੋਂ ਕਿਸਾਨ ਸੰਗਠਨਾਂ ਦੇ ਪ੍ਰਤੀਨਿਧਾਂ ਵੱਲੋਂ ਤਸੱਲੀ ਪ੍ਰਗਟਾਉਣ ’ਤੇ ਹੈਰਾਨੀ ਪ੍ਰਗਟ ਕੀਤੀ। ਉਹਨਾਂ ਕਿਹਾ ਕਿ ਸੂਬੇ ਦੇ ਕਿਸਾਨ ਤਾਂ ਹਾਲੇ ਕਾਂਗਰਸ ਪਾਰਟੀ ਦੀ ਪੂਰਨ ਕਰਜ਼ਾ ਮੁਆਫੀ ਦੀ ਉਡੀਕ ਕਰ ਰਹੇ ਹਨ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਇਸ ਮਾਮਲੇ ’ਤੇ ਪਵਿੱਤਰ ਗੁਟਕਾ ਸਾਹਿਬ ਦੀ ਸਹੁੰ ਚੁੱਕੀ ਸੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਉਸ ਸਹੁੰ ਦਾ ਹਿੱਸਾ ਸਨ ਤੇ ਹੁਣ ਉਹਨਾਂ ਨੁੰ ਇਸ ਵਾਅਦੇ ਤੋਂ ਭੱਜਣਾ ਨਹੀਂ ਚਾਹੀਦਾ। ਉਹਨਾਂ ਕਿਹਾ ਕਿ ਕਿਸਾਨ ਤੇ ਕਿਸਾਨ ਜਥੇਬੰਦੀਆਂ ਨੂੰ ਵੀ ਕਾਂਗਰਸ ਪਾਰਟੀ ਨੂੰ ਆਪਣੇ ਬੋਲ ਪੁਗਾਉਣ ਲਈ ਆਖਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਸੇ ਤਰੀਕੇ ਕਿਸਾਨ ਵੀ ਕਿਸਾਨ ਜਥੇਬੰਦੀਆਂ ਤੋਂ ਇਹ ਆਸ ਕਰਦੇ ਸਨ ਕਿ ਉਹ ਮੁੱਖ ਮੰਤਰੀ ਨਾਲ ਕੱਲ੍ਹ ਦੀ ਮੀਟਿੰਗ ਦੌਰਾਨ ਡੀ ਏ ਪੀ ਖਾਦ ਦੀ ਘਾਟ ਤੇ ਇਸਦੀ ਕਾਲਾਬਾਜ਼ਾਰੀ ਦਾ ਮਾਮਲਾ ਚੁੱਕਣਗੇ।
ਸਰਦਾਰ ਨੇ ਇਸ ਮੌਕੇ ਮੁੱਖ ਮੰਤਰੀ ’ਤੇ ਤਿੱਖਾ ਹਮਲਾ ਬੋਲਿਆ। ਉਹਨਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਸੂਬੇ ਵਿਚ ਨਜਾਇਜ਼ ਕਲੌਨੀਆਂ ਕੱਟਣ ਵਾਲਾ ਸਭ ਤੋਂ ਵੱਡਾ ਕਲੋਨਾਈਜ਼ਰ ਹੈ ਜੋ ਖਰੜ-ਰੋਪੜ ਪੱਟੀ ’ਤੇ ਗੈਰ ਕਾਨੂੰਨੀ ਕਲੌਨੀਆਂ ਖੁੰਬਾਂ ਵਾਂਗ ਉਗਣ ਲਈ ਜ਼ਿੰਮੇਵਾਰ ਹੈ ਤੇ ਇਸਨੇ ਇਲਾਕੇ ਵਿਚ ਰੇਤ ਮਾਇਨਿੰਗ ਦੇ ਵਪਾਰ ’ਤੇ ਕਬਜ਼ਾ ਕੀਤਾ ਹੋਇਆ ਹੈ। ਸਰਦਾਰ ਬਾਦਲ ਨੇ ਕਿਹਾ ਕਿ ਮੁੰਖ ਮੰਤਰੀ ਗੈਰ ਕਾਨੂੰਨੀ ਕਲੌਨੀਆਂ ਤੇ ਰੇਤ ਮਾਫੀਆ ਦੀ ਸਰਪ੍ਰਸਤੀ ਕਰਨ ਲਈ ਜਾਣੇ ਜਾਂਦੇ ਹਨ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਰੇਤੇ ਦੀਆਂ ਕੀਮਤਾਂ ਘਟਾਉਣ ਦੇ ਨਾਂ ’ਤੇ ਲੋਕਾਂ ਨਾਲ ਫਰੇਬ ਕੀਤਾ ਹੈ। ਉਹਨਾਂ ਕਿਹਾ ਕਿ ਲੋਕਾਂ ਨੁੰ ਕਿਤੇ ਵੀ ਮੁੱਖ ਮੰਤਰੀ ਦੇ ਕੀਤੇ ਐਲਾਨ ਮੁਤਾਬਕ 5 ਰੁਪਏ ਪ੍ਰਤੀ ਫੁੱਟ ਰੇਤਾ ਨਹੀਂ ਮਿਲ ਰਿਹਾ ਬਲਕਿ ਇਸ ਝੁਠ ਦੇ ਪ੍ਰਚਾਰ ਲਈ ਸੂਬੇ ਦੇ ਖ਼ਜ਼ਾਨੇ ਨੇ 50 ਕਰੋੜ ਰੁਪਏ ਗੁਆ ਲਏ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਪੈਟਰੋਲੀਅਮ ਪਦਾਰਥ ਵੀ ਖਿੱਤੇ ਵਿਚ ਸਭ ਤੋਂ ਸਸਤੇ ਹੋਣ ਬਾਰੇ ਝੁਠ ਬੋਲਿਆ ਤੇ 31 ਮਾਰਚ ਤੱਕ ਬਿਜਲੀ ਦਰਾਂ ਵਿਚ 3 ਰੁਪਏ ਦੀ ਕਟੌਤੀ ਕਰ ਕੇ ਪੰਜਾਬੀਆਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਦੀ ਕੋਸ਼ਿਸ਼ ਕੀਤੀ ਹੈ।

ਜਦੋਂ ਉਹਨਾਂ ਤੋਂ ਹਾਈ ਕੋਰਟ ਵਿਚ ਐਸ ਟੀ ਐਫ ਦੀ ਰਿਪੋਰਟ ਬਾਰੇ ਪੁੱਛਿਆ ਗਿਆ ਤਾਂ ਸਰਦਾਰ ਬਾਦਲ ਨੇ ਕਿਹਾ ਕਿ ਕੋਈ ਵੀ ਪੰਜਾਬ ਸਰਕਾਰ ਨੂੰ ਨਸ਼ਿਆਂ ਦੇ ਸੌਦਾਗਰਾਂ ਨੂੰ ਗ੍ਰਿਫਤਾਰ ਕਰਨ ਤੋਂ ਨਹੀਂ ਰੋਕ ਰਿਹਾ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਬਜਾਏ ਨਸ਼ਿਆਂ ਦੇ ਸੌਦਾਗਰਾਂ ਨੂੰ ਗ੍ਰਿਫਤਾਰ ਕਰਨ ਦੇ, ਕਾਂਗਰਸ ਸਰਕਾਰ ਉਸੇ ਤਰੀਕੇ ਮਾਮਲੇ ਦਾ ਸਿਆਸੀਕਰਨ ਕਰ ਰਹੀ ਹੈ ਜਿਵੇਂ ਇਸਨੇ ਬੇਅਦਬੀ ਮਾਮਲੇ ਦਾ ਕੀਤਾ।

ਸਰਦਾਰ ਬਾਦਲ ਨੇ ਸਰਕਾਰ ਨੂੰ ਇਹ ਵੀ ਚੁਣੌਤੀ ਦਿੱਤੀ ਕਿ ਉਹ ਬੇਅਦਬੀ ਮਾਮਲੇ ਵਿਚ ਉਹਨਾਂ ਦੇ ਖਿਲਾਫ ਨਿੱਕਾ ਜਿਹਾ ਵੀ ਸਬੂਤ ਵਿਖਾਵੇ ਤੇ ਕਿਹਾ ਕਿ ਸਰਕਾਰ ਕੇਸ ਵਿਚ ਉਹਨਾਂ ਨੁੰ ਫਸਾਉਣ ਲਈ ਪੱਬਾਂ ਭਾਰ ਹੋਈ ਪਈ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਪਹਿਲਾਂ ਹੀ ਮੈਨੁੰ ਫਸਾਉਣ ਲਈ ਮੁੱਖ ਮੰਤਰੀ, ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਡੀ ਜੀ ਪੀ ਆਈ ਪੀ ਐਸ ਸਹੋਤਾ ਵੱਲੋਂ ਰਚੀ ਗਈ ਸਾਜ਼ਿਸ਼ ਬੇਨਕਾਬ ਕੀਤੀ ਹੈ ਤੇ ਜੇਕਰ ਇਹ ਮੈਨੁੰ ਫਸਾਉਂਦੇ ਹਨ ਤਾਂ ਫਿਰ ਇਹ ਧਾਰਾ 120 (ਬੀ) ਤਹਿਤ ਜ਼ਿੰਮੇਵਾਰ ਹੋਣਗੇ।
ਬੱਸ ਪਰਮਿਟ ਰੱਦ ਕਰਨ ਬਾਰੇ ਸਵਾਲ ਦੇ ਜਵਾਬ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਉਹਨਾਂ ਦੀ ਟਰਾਂਸਪੋਰਟ ਕੰਪਨੀ ਦੇ ਬੱਸ ਪਰਮਿਟ ਬਿਲਾਂ ਕੋਈ ਨੋਟਿਸ ਦਿੱਤਿਆਂ ਰੱਦ ਕੀਤੇ ਗਏ ਹਨ। ਉਹਨਾਂ ਕਿਹਾ ਕਿ ਸਾਡੇ ਵੱਲ ਤਾਂ ਪੰਜਾਬ ਸਰਕਾਰ ਦਾ ਇਕ ਰੁਪਿਆ ਵੀ ਟੈਕਸ ਬਕਾਇਆ ਨਹੀਂ ਹੈ। ਉਹਨਾਂ ਕਿਹਾ ਕਿ ਦੂਜੇ ਪਾਸੇ ਕਾਂਗਰਸੀ ਆਗੂਆਂ ਦੀਆਂ ਕੰਪਨੀਆਂ ਵੱਡੀਆਂ ਡਿਫਾਲਟਰ ਹਨ ਪਰ ਉਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ। ਉਹਨਾਂ ਕਿਹਾ ਕਿ ਸੂਬਾ ਸਰਕਾਰ ਨੇ ਸਰਕਾਰੀ ਬੱਸਾਂ ਦੇ 280 ਕਰੋੜ ਰੁਪਏ ਦੇ ਟੈਕਸ ਬਕਾਏ ਦੇਣੇ ਹਨ ਤੇ ਜ਼ੁਰਮਾਨੇ ਸਾਨੁੰ ਕੀਤੇ ਜਾ ਰਹੇ ਹਨ।

ਇਸ ਤੋਂ ਪਹਿਲਾਂ ਸੰਬੋਧਨ ਕਰਦਿਆਂ ਸ੍ਰੀ ਅਨੀਸ਼ ਸਿਧਾਣਾ ਨੇ ਕਿਹਾ ਕਿ ਉਹ ਅਕਾਲੀ ਦਲ ਵਿਚ ਇਸ ਕਰ ਕੇ ਸ਼ਾਮਲ ਹੋਏ ਹਨ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਸਿਰਫ ਅਕਾਲੀ ਦਲ ਹੀ ਬਦਲਾਅ ਲਿਆ ਸਕਦਾ ਹੈ ਉਹਨਾ ਕਿਹਾ ਕਿ ਸਰਕਾਰ ਸੁਖਬੀਰ ਸਿੰਘ ਬਾਦਲ ਵੱਡੀਆਂ ਯੋਜਨਾਵਾਂ ਬਣਾਉਣ ਤੇ ਵੱਡੀਆਂ ਪ੍ਰਾਪਤੀਆਂ ਕਰਨ ਲਈ ਜਾਣੇ ਜਾਂਦੇ ਹਨ। ਉਹਨਾਂ ਕਿਹਾ ਕਿ ਪਿਛਲੀਆਂ ਅਕਾਲੀ ਦਲ ਦੀ ਅਗਵਾਈ ਵਾਲੀਆਂ ਸਰਕਾਰਾਂ ਵੇਲੇ ਪੰਜਾਬ ਵਿਚ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਸਮੇਤ ਹੋਇਆ ਵਿਕਾਸ ਸਭ ਨੇ ਵੇਖਿਆ ਹੈ। ਪੰਜਾਬ ਨੂੰ ਬਿਜਲੀ ਸਰਪਲੱਸ ਸੂਬਾ ਵੀ ਬਣਾਇਆ ਗਿਆ। ਉਹਨਾਂ ਕਿਹਾ ਕਿ ਦੂਜੇਪਾਸੇ ਕਾਂਗਰਸ ਸਰਕਾਰ ਬੇਅਦਬੀ ਮਾਮਲਿਆਂ ਦਾ ਸਿਆਸੀਕਰਨ ਕਰ ਕੇ ਸਿਰਫ ਨਾਂਹ ਪੱਖੀ ਰਾਜਨੀਤੀ ਕਰ ਰਹੀ ਹੈ।

ਇਸ ਮੌਕੇ ਜੋ ਅਕਾਲੀ ਦਲ ਵਿਚ ਸ਼ਾਮਲ ਹੋਏ ਉਹਨਾਂ ਵਿਚ ਪ੍ਰਤਾਪ ਸਿੰਘ ਫਿਰੋਜ਼ਪੁਰ ਪ੍ਰਧਾਨ ਸੈਣ ਸਮਾਜ, ਰਮੇਸ਼ ਬੋਗਾਰੀਆ ਪ੍ਰਧਾਨ ਪ੍ਰਜਾਪਤ ਸਮਾਜ, ਅਨੁਜ ਸੂਦ ਫਤਿਹਗੜ੍ਹ ਸਾਹਿਬ, ਨਰਿੰਦਰ ਸਿੰਘ ਨੱਨੂ ਕੱਕੜ, ਰਮਨ ਸੈਣ ਜਲਾਲਾਬਾਦ, ਪਰਵਿੰਦਰ ਕੱਕੜ ਜਨਰਲ ਸਕੱਤਰ ਯੂਥ ਕਾਂਗਰਸ, ਰਮਨ ਜੁਨੇਜਾ ਜ਼ੀਰਕਪੁਰ ਤੇ ਬੰਟੀ ਬਵੇਜਾ ਜਲਾਲਾਬਾਦ ਸ਼ਾਮਲ ਹਨ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਡਾ. ਦਲਜੀਤ ਸਿੰਘ ਚੀਮਾ, ਰਾਜ ਕੁਮਾਰ ਗੁਪਤਾ, ਹੰਸ ਰਾਜ ਜੋਸਨ ਤੇ ਸਤਿੰਦਰਜੀਤ ਮੰਟਾ ਵੀ ਹਾਜ਼ਰ ਸਨ।

Written By
The Punjab Wire