ਜੇਕਰ ਮੇਰੇ ਖਿਲਾਫ ਨਸ਼ਿਆਂ ਦੇ ਕਿਸੇ ਵੀ ਮਾਮਲੇ ਵਿਚ ਗਲਤ ਕੰਮ ਦੇ ਸਬੂਤ ਹਨ ਤਾਂ ਪੇਸ਼ ਕਰੋ
ਕਿਹਾ ਕਿ ਕਾਂਗਰਸ ਸਰਕਾਰ ਅਫਸਰਾਂ ’ਤੇ ਉਹਨਾਂ ਨੁੰ ਨਵੇਂ ਕੇਸ ਵਿਚ ਫਸਾਉਣ ਲਈ ਦਬਾਅ ਬਣਾ ਰਹੀ ਹੈ
ਕਾਂਗਰਸ ਵਿਧਾਇਕ ਦਲ ਨੇ ਮਜੀਠੀਆ ਖਿਲਾਫ ਅਪਮਾਨਯੋਗ ਟਿੱਪਣੀਆਂ ਕਰਨ ’ਤੇ ਮੁੱਖ ਮੰਤਰੀ ਦੀ ਕੀਤੀ ਨਿਖੇਧੀ
ਕਿਹਾ ਕਿ ਵਿਸ਼ੇਸ਼ ਇਜਲਾਸ ਸਿਰਫ ‘ਜੁਮਲੇ’ ਤੱਕ ਸੀਮਤ ਹੋਇਆ ਤੇ ਬਜਾਏ ਬੀ ਐਸ ਐਫ ਦਾ ਅਧਿਕਾਰ ਖੇਤਰ ਵਧਾਉਣ ਤੇ ਤਿੰਨ ਖੇਤੀ ਕਾਨੂੰਨਾਂ ਬਾਰੇ ਕਾਰਜਕਾਰੀ ਹੁਕਮ ਜਾਰੀ ਕਰਨ ਦੇ ਕਾਂਗਰਸ ਸਰਕਾਰ ਵੱਲੋਂ ਅਰਥਵਿਹੁਣੇ ਮਤਿਆਂ ਰਾਹੀਂ ਅੱਖਾਂ ਵਿਚ ਘੱਟਾ ਪਾਉਣ ਦਾ ਯਤਨ
ਚੰਡੀਗੜ੍ਹ, 11 ਨਵੰਬਰ : ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਉਹਨਾਂ ਖਿਲਾਫ ਝੂਠੇ ਦੋਸ਼ ਲਗਾਉਣ ਦੀ ਨਿਖੇਧੀ ਕੀਤੀ ਤੇ ਉਹਨਾਂ ਨੁੰ ਖੁੱਲ੍ਹੀ ਚੁਣੌਤੀ ਦਿੱਤੀ ਕਿ ਜੇਕਰ ਉਹਨਾਂ ਕੋਲ ਨਸ਼ਿਆਂ ਦੇ ਮਾਮਲੇ ਵਿਚ ਉਹਨਾਂ ਖਿਲਾਫ ਕੋਈ ਵੀ ਗਲਤ ਕੰਮ ਕਰਨ ਦਾ ਸਬੁਤ ਹੈ ਤਾਂ ਉਹ ਪੇਸ਼ ਕਰਨ ਅਤੇ ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਹੁਣ ਇਕ ਨਵੇਂ ਕੇਸ ਵਿਚ ਉਹਨਾਂ ਨੁੰ ਫਸਾਉਣ ਦਾ ਯਤਨ ਕਰ ਰਹੀ ਹੈ।
ਸਰਦਾਰ ਬਿਕਰਮ ਸਿੰਘ ਮਜੀਠੀਆ ਇਥੇ ਅਕਾਲੀ ਦਲ ਦੇ ਵਿਧਾਇਕ ਦਲ ਦੇ ਆਗੂ ਸ਼ਰਨਜੀਤ ਸਿੰਘ ਢਿੱਲੋਂ ਸਮੇਤ ਵਿਧਾਇਕ ਦਲ ਦੇ ਮੈਂਬਰਾਂ ਨਾਲ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰ ਰਹੇ ਸਨ। ਵਿਧਾਇਕ ਦਲ ਨੇ ਸਰਦਾਰ ਮਜੀਠੀਆ ਖਿਲਾਫ ਬੇਹੂਦਾ ਤੇ ਅਪਮਾਨਯੋਗ ਸ਼ਬਦਾਵਲੀ ਵਰਤਣ ’ਤੇ ਮੁੱਖ ਮੰਤਰੀ ਦੀ ਨਿਖੇਧੀ ਕੀਤੀ।
ਸਰਦਾਰ ਮਜੀਠੀਆ ਨੇ ਇਹ ਵੀ ਉਜਾਗਰ ਕੀਤਾ ਕਿ ਕਿਵੇਂ ਕਾਂਗਰਸ ਸਰਕਾਰ ਪਹਿਲਾਂ ਦੇ ਐਨ ਡੀ ਪੀ ਐਸ ਕੇਸਾਂ ਵਿਚ ਉਹਨਾਂ ਖਿਲਾਫ ਕੋਈ ਮਾਮਲਾ ਨਾ ਬਣਦਾ ਹੋਣ ਕਾਰਨ ਨਮੋਸ਼ੀ ਵਿਚ ਘਿਰ ਗਈ ਹੈ ਕਿਉਂਕਿ ਇਹਨਾਂ ਕੇਸਾਂ ਦਾ ਫੈਸਲਾ ਤਿੰਨ ਸਾਲ ਪਹਿਲਾਂ ਹੋ ਚੁੱਕਾ ਹੈ। ਉਹਨਾਂ ਕਿਹਾ ਕਿ ਸਰਕਾਰ ਹੁਣ ਉਹਨਾਂ ਨੁੰ ਨਵੇਂ ਕੇਸ ਵਿਚ ਫਸਾਉਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਮੁੱਖ ਮੰਤਰੀ ਨੇ ਉਹਨਾਂ ਖਿਲਾਫ ਦੋਸ਼ ਲਗਾਉਣ ਦਾ ਰਾਹ ਫੜਿਆ ਹੈ। ਉਹਨਾਂ ਕਿਹਾ ਕਿ ਉਹ ਸਪਸ਼ਟ ਕਰਨਾ ਚਾਹੁੰਦੇ ਹਨ ਕਿ ਉਹ ਅਜਿਹੇ ਤਰੀਕਿਆਂ ਤੋਂ ਡਰਨ ਵਾਲੇ ਨਹੀਂ ਹਨ। ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਉਹਨਾਂ ਨੇ ਵਿਸ਼ੇਸ਼ ਇਜਲਾਸ ਵਿਚ ਸਿਰਫ ਲੋਕਾਂ ਦੀਆਂ ਭਾਵਨਾਵਾਂ ਉਠਾਈਆਂ ਸਨ ਤੇ ਉਹਨਾਂ ਨੂੰ ਸ੍ਰੀ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਕੋਈ ਨਿੱਜੀ ਸ਼ਿਕਾਇਤ ਨਹੀਂ ਹੈ। ਵੁਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਸ੍ਰੀ ਚੰਨੀ ਤਾਂ ਉਹਨਾਂ ਨੁੰ ਖੁਦ ਉਸ ਵੇਲੇ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕੋਲ ਲੈ ਜਾਂਦੇ ਸਨ ਜਦੋਂ ਉਹਨਾਂ ਦੇ ਭਰਾ ਮਨਮੋਹਨ ਸਿੰਘ ਦਾ ਨਾਂ ਸਿਟੀ ਸੈਂਟਰ ਘੁਟਾਲੇ ਵਿਚ ਆ ਗਿਆ ਸੀ।
ਅਕਾਲੀ ਆਗੂ ਨੇ ਪਾਰਟੀ ਵਿਧਾਇਕਾਂ ਦੇ ਨਾਲ ਵੀ ਦੱਸਿਆ ਕਿ ਕਿਵੇਂ ਬ੍ਰਹਮ ਮਹਿੰਦਰਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਪਰਗਟ ਸਿੰਘ ਸਮੇਤ ਸੀਨੀਅਰ ਕਾਂਗਰਸੀ ਆਗੂਆਂ ਨੇ ਸਪੀਕਰ ਦੇ ਚੈਂਬਰ ਵਿਚ ਮੰਨਿਆ ਹੈ ਕਿ ਮੁੱਖ ਮੰਤਰੀ ਨੇ ਉਹਨਾਂ ਖਿਲਾਫ ਅਪਮਾਨਯੋਗ ਭਾਸ਼ਾ ਦੀ ਵਰਤੋਂ ਕੀਤੀ। ਉਹਨਾਂ ਕਿਹਾ ਕਿ ਕੁਲਦੀਪ ਜ਼ੀਰਾ ਜਿਸਨੇ ਅਕਾਲੀ ਵਿਧਾਇਕ ਪਵਨ ਟੀਨੁੰ ਨੂੰ ਧਮਕੀ ਵੀ ਦਿੱਤੀ, ਸਮੇਤ ਮੁੱਖ ਮੰਤਰੀ ਦੇ ਆਲੇ ਦੁਆਲੇ ਦੀ ਟੀਮ ਉਹਨਾਂ ਦੀ ਹਮਾਇਤ ਵਿਚ ਨਿੱਤਰੀ ਤੇ ਉਹਨਾਂ ’ਤੇ ਇੰਨੀ ਭਾਰੂ ਪੈ ਗਈ ਕਿ ਮੁੱਖ ਮੰਤਰੀ ਨੂੰ ਆਪਣੇ ਰਵੱਈਏ ਦੀ ਮੁਆਫੀ ਤੱਕ ਨਹੀਂ ਮੰਗਣੀ ਦਿੱਤੀ।
2013 ਦੀ ਕਾਂਟਰੈਕਟਰ ਫਾਰਮਿੰਗ ਅੇਕਟ ਜੋ ਪਿਛਲੀ ਅਕਾਲੀ ਦਲ ਤੇ ਭਾਜਪਾ ਗਠਜੋੜ ਸਰਕਾਰ ਨੇ ਪਾਸ ਕੀਤਾ ਸੀ, ਦੀ ਗੱਲ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਸ੍ਰੀਮਤੀ ਨਵਜੋਤ ਕੌਰ ਸਿੱਧੂ ਨੇ ਉਸ ਵੇਲੇ ਦੀ ਸਰਕਾਰ ਵਿਚ ਮੁੱਖ ਪਾਰਲੀਮਾਨੀ ਸਕੱਤਰ ਵਜੋਂ ਇਸ ਬਿੱਲ ਦੀ ਹਮਾਇਤ ਕੀਤੀ ਸੀ ਤੇ ਇਹ ਸਰਬਸੰਮਤੀ ਨਾਲ ਪਾਸ ਹੋਇਆ ਸੀ।
ਇਸ ਦੌਰਾਨ ਅਕਾਲੀ ਦਲ ਵਿਧਾਇਕ ਦਲ ਨੇ ਕਾਂਗਰਸ ਸਰਕਾਰ ਵੱਲੋਂ ਵਿਧਾਨ ਸਭਾ ਸੈਸ਼ਨ ਨੂੰ ਸਿਰਫ ‘ਜੁਮਲੇ’ ਤੱਕ ਸੀਮਤ ਕਰਨ ਦੀ ਨਿਖੇਧੀ ਕੀਤੀ। ਸਰਦਾਰ ਸ਼ਰਨਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਪਾਰਟੀ ਵਿਧਾਇਕਾਂ ਨੇ ਕਾਂਗਰਸ ਸਰਕਾਰ ਨੇ ਬੀ ਐਸ ਐਫ ਦਾ ਪੰਜਾਬ ਵਿਚ ਅਧਿਕਾਰ ਖੇਤਰ ਵਧਾਏ ਜਾਣ ਅਤੇ ਤਿੰਨ ਖੇਤੀ ਕਾਨੂੰਨਾਂ ’ਤੇ ਮਤੇ ਪਾਸ ਕਰ ਕੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਦਾ ਯਤਨ ਕੀਤਾ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰ ਇਹਨਾਂ ਦੋ ਮਾਮਲਿਆਂ ’ਤੇ ਸੱਚਮੁੱਚ ਗੰਭੀਰ ਸੀ ਤਾਂ ਉਸਨੁੰ ਦੋਵੇਂ ਫੈਸਲੇ ਗੈਰ ਜ਼ਰੂਰ ਕਰਾਰ ਦੇਣ ਵਾਸਤੇ ਨੋਟੀਫਿਕੇਸ਼ਨ ਜਾਰੀ ਕਰਨਾ ਚਾਹੀਦਾ ਸੀ। ਵਿਧਾਇਕਾਂ ਨੇ ਕਿਹਾ ਕਿ ਇਸੇ ਤਰੀਕੇ ਸਰਕਾਰ ਨੇ ਬਿਜਲੀ ਖਰੀਦ ਸਮਝੌਦਿਆਂ ਬਾਰੇ ਬਿੱਲ ਪਾਸ ਕੀਤਾ ਹੈ ਜਦੋਂ ਕਿ ਸਰਕਾਰ ਜਾਣਦੀ ਹੈ ਕਿ ਪ੍ਰਾਈਵੇਟ ਥਰਮਲ ਪਲਾਂਟਾਂ ਨੁੰ ਪੀ ਪੀ ਏ ਰੱਦ ਕਰਨ ਲਈ ਜਾਰੀ ਕੀਤੇ ਕਾਰਣ ਦੱਸੋ ਨੋਟਿਸ ’ਤੇ ਕੇਂਦਰੀ ਟ੍ਰਿਬਿਊਨਲ ਨੇ ਰੋਕ ਲਗਾ ਦਿੱਤੀ ਹੈ।
ਵਿਧਾਇਕਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਮੁੱਖ ਮੰਤਰੀ ਨੇ ਸਰਕਾਰੀ ਕੰਪਨੀ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਦੀ ਪਹਿਲਾਂ ਹੀ 7 ਹਜ਼ਾਰ ਕਰੋੜ ਰੁਪਏ ਦੀ ਸਬਸਿਡੀ ਰਾਸ਼ੀ ਹੋਣ ਦੇ ਬਾਵਜੂਦ 15000 ਕਰੋੜ ਰੁਪਏ ਦੀਆਂ ਸਬਸਿਡੀਆਂ ਐਲਾਨ ਦਿੱਤੀਆਂ ਹਨ। ਉਹਨਾਂ ਦੱਸਿਆ ਕਿ ਕਿਵੇਂ ਸਾਢੇ ਚਾਰ ਸਾਲਾਂ ਦੌਰਾਨ ਕਾਂਗਰਸ ਸਰਕਾਰ ਨੇ ਖਪਤਕਾਰਾਂ ਤੋਂ ਬਿਜਲੀ ਦਰਾਂ 11 ਰੁਪਏ ਪ੍ਰਤੀ ਯੁਨਿਟ ਵਸੂਲੀਆਂ ਹਨ ਤੇ 1.22 ਰੁਪਏ ਪ੍ਰਤੀ ਯੂਨਿਟ ਟੈਕਸ ਵੀ ਵਸੂਲਿਆ ਤੇ ਹੁਣ ਸਿਰਫ ਦੋ ਮਹੀਨਿਆਂ ਦੇ ਇਕ ਬਿੱਲ ਵਾਸਤੇ 3 ਰੁਪਏ ਪ੍ਰਤੀ ਯੂਨਿਟ ਬਿਜਲੀ ਵਿਚ ਕਟੌਤੀ ਦਾ ਐਲਾਲ ਕਰ ਕੇ ਪੰਜਾਬੀਆਂ ਨੂੰ ਮੂਰਖ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ।
ਇਹਨਾਂ ਵਿਧਾਇਕਾਂ ਨੇ ਇਹ ਵੀ ਦੱਸਿਆ ਕਿ ਕਿਵੇਂ 90 ਹਜ਼ਾਰ ਕਰੋੜ ਰੁਪਏ ਦੀ ਪੂਰਨ ਕਰਜ਼ਾ ਮੁਆਫ ਸਮੇਤ ਕਿਸਾਨਾਂ ਦੇ ਅਸਲ ਮੁੱਦਿਆਂ, ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੁੰ 10 ਲੱਖ ਰੁਪਏ ਮੁਆਵਜ਼ਾ, ਕਿਸਾਨ ਅੰਦੋਲਨ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ 50 ਲੱਖ ਰੁਪਏ ਮੁਆਵਜ਼ਾ, ਨਰਮਾ ਉਤਪਾਦਕਾਂ ਜਿਹਨਾਂ ਦੀ ਫਸਲ ਗੁਲਾਬੀ ਸੁੰਡੀ ਦੇ ਹਮਲੇ ਵਿਚ ਤਬਾਹੋ ਹੋ ਗਈ ਹੈ, ਨੁੰ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਅਤੇ ਡੀ ਏ ਪੀ ਦੀ ਕਾਲਾਬਾਜ਼ਾਰੀ ’ਤੇ ਕੋਈ ਚਰਚਾ ਨਹੀਂ ਕਰਵਾਈ ਗਈ। ਉਹਨਾਂ ਕਿਹਾ ਕਿ ਸਰਕਾਰ ਘਰ ਘਰ ਨੌਕਰੀ ਦੇ ਮਾਮਲੇ, ਨੌਜਵਾਨਾਂ ਨੂੰ ਬੇਰੋਜ਼ਗਾਰੀ ਭੱਤਾ ਤੇ ਐਸ ਸੀ ਵਿਦਿਆਰਥੀਆਂ ਨੁੰ 1800 ਕਰੋੜ ਰੁਪਏ ਸਕਾਲਰਸ਼ਿਪ ਰਾਸ਼ੀ ਜਾਰੀ ਕਰਨ ਦੇ ਮਾਮਲੇ ’ਤੇ ਵੀ ਵਿਸ਼ੇਸ਼ ਇਜਲਾਸ ਵਿਚ ਚਰਚਾ ਨਹੀਂ ਕਰਵਾ ਸਕੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਦਲ ਦੇ ਨੇਤਾ ਸ਼ਰਨਜੀਤ ਸਿੰਘ ਢਿੱਲੋਂ, ਲਖਬੀਰ ਸਿੰਘ ਲੋਧੀਨੰਗਲ, ਐਨ ਕੇ ਸ਼ਰਮਾ, ਗੁਰਪ੍ਰਤਾਪ ਸਿੰਘ ਵਡਾਲਾ, ਪਵਨ ਕੁਮਾਰ ਟੀਨੁੰ, ਮਨਪ੍ਰੀਤ ਸਿੰਘ ਇਯਾਲੀ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਬਲਦੇਵ ਸਿੰਘ ਖਹਿਰਾ ਤੇ ਡਾ. ਸੁਖਵਿੰਦਰ ਸੁੱਖੀ ਵੀ ਹਾਜ਼ਰ ਸਨ।