ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ਦੇ ਵਰਤਾਰੇ ’ਤੇ ਲਗਾਤਾਰ ਟਿੱਪਣੀਆਂ ਕਰਦੇ ਆ ਰਹੇ ਕਾਂਗਰਸ ਦੇ ਲੁਧਿਆਣਾ ਤੋਂ ਸੰਸਦ ਮੈਂਬਰ ਸ: ਰਵਨੀਤ ਸਿੰਘ ਬਿੱਟੂ ਨੇ ਐਤਵਾਰ ਪੰਜਾਬ ਕੈਬਨਿਟ ਦੀ ਮੀਟਿੰਗ ਦੇ ਚੱਲਦਿਆਂ ਅਤੇ ਕੈਬਨਿਟ ਦੇ ਫ਼ੈਸਲੇ ਐਲਾਨੇ ਜਾਣ ਤੋਂ ਪਹਿਲਾਂ ਹੀ ਕਾਂਗਰਸ ਦੇ ਤਾਜ਼ਾ ਸੂਰਤ-ਏ-ਹਾਲ ’ਤੇ ਤਨਜ਼ ਕੀਤਾ ਹੈ।
ਉੱਤਰਾਖੰਡ ਵਿੱਚ ਕੇਦਾਰਨਾਥ ਪੁੱਜੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ਦੀਆਂ ਏਕਤਾ ਵਿਖਾਉਂਦੀਆਂ ਤਸਵੀਰਾਂ ’ਤੇ ਸ: ਬਿੱਟੂ ਨੇ ਸਵਾਲ ਕੀਤਾ ਸੀ, ‘ਕਾਂਗਰਸ ਵਿੱਚ ਇਕਜੁੱਟਤਾ ਵਾਲਾ ਚਿਹਰਾ.. ..ਪਰ ਉੱਤਰਾਖੰਡ ਵਿੱਚ ਹੀ ਕਿਉਂ, ਪੰਜਾਬ ਵਿੱਚ ਕਿਉਂ ਨਹੀਂ’। ਇਸ ਤੋਂ ਬਾਅਦ ਸ: ਸਿੱਧੂ ਵੱਲੋਂ ਪੱਤਰਕਾਰ ਸੰਮੇਲਨ ਕਰਕੇ ਫ਼ਿਰ ਡੀ.ਜੀ.ਪੀ. ਅਤੇ ਏ.ਜੀ. ਦੀਆਂ ਨਿਯੁਕਤੀਆਂ ਸਵਾਲ ਉਠਾਏ ਜਾਣ ਮਗਰੋਂ ਸ: ਬਿੱਟੂ ਨੇ ਕਿਹਾ ਸੀ, ‘ਕੇਦਾਰਨਾਥ ਸਮਝੌਤਾ ਟੁੱਟਿਆ’।
ਐਤਵਾਰ ਨੂੰ ਕੈਬਨਿਟ ਦੇ ਫ਼ੈਸਲੇ ਸੁਣਾਏ ਜਾਣ ਤੋਂ ਪਹਿਲਾਂ ਹੀ ਸ: ਰਵਨੀਤ ਸਿੰਘ ਬਿੱਟੂ ਨੇ ਇਕ ਹੋਰ ਟਵੀਟ ਕੀਤਾ ਅਤੇ ਆਖ਼ਿਆ ਕਿ ‘ਪਹਿਲਾਂ ਸਿੱਧੂ ਨੂੰ ਖੁਸ਼ ਕਰ ਲਉ, ਫ਼ਿਰ ਪੰਜਾਬ ਦੇ ਲੋਕਾਂ ਲਈ ਰਾਹਤ ਅਤੇ ਭਲਾਈ ਸਕੀਮਾਂ ਦੇ ਪੈਕੇਜ ਐਲਾਨ ਲੈਣਾ, ਨਹੀਂ ਤਾਂ ਉਹ ਫ਼ਿਰ ਸਰਕਾਰ ਦੇ ਮਨਸ਼ਿਆਂ ’ਤੇ ਸਵਾਲ ਖੜ੍ਹੇ ਕਰਨਗੇ।’
ਯਾਦ ਰਹੇ ਕਿ ਇਸ ਤੋਂ ਪਹਿਲਾਂ ਵੀ ਸ: ਚੰਨੀ ਵੱਲੋਂ ਇਕ ਨਵੰਬਰ ਨੂੰ ਬਿਜਲੀ ਕੀਮਤਾਂ ਬਾਰੇ ਦੀਵਾਲੀ ਤੋਂ ਪਹਿਲਾਂ ‘ਇਤਿਹਾਸਕ ਐਲਾਨ’ ਕਰਕੇ ਪ੍ਰਚਾਰੇ ਗਏ ਐਲਾਨ ਤੋਂ ਪਹਿਲਾਂ ਹੀ ਸ: ਨਵਜੋਤ ਸਿੰਘ ਸਿੱਧੂ ਨੇ ਸ੍ਰੀ ਅਸ਼ਵਨੀ ਸੇਖ਼ੜੀ ਅਤੇ ਕੁਝ ਹਿੰਦੂ ਸੰਗਠਨਾਂ ਵੱਲੋਂ ਕਰਵਾਏ ਗਏ ਪ੍ਰੋਗਰਾਮ ਤੋਂ ਪਹਿਲਾਂ ਵੀ ਚੰਨੀ ਸਰਕਾਰ ’ਤੇ ਵੱਡੇ ਹਮਲੇ ਬੋਲੇ ਸਨ।