ਕੋਈ ਵੀ ਕੰਮ ਜੇ ਲੰਬਿਤ ਪਾਇਆ ਗਿਆ ਸਬੰਧਤ ਕਰਮਚਾਰੀ ਦੀ ਜਵਾਬਦੇਹੀ ਤੈਅ ਹੋਵੇਗੀ: ਪਰਗਟ ਸਿੰਘ
ਚੰਡੀਗੜ, 2 ਨਵੰਬਰ। ਪੰਜਾਬ ਦੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਪਰਗਟ ਸਿੰਘ ਨੇ ਮੁਹਾਲੀ ਸਥਿਤ ਸਿੱਖਿਆ ਭਵਨ ਵਿਖੇ ਡੀ.ਪੀ.ਈ.(ਕਾਲਜਾਂ) ਮੁੱਖ ਦਫਤਰ ਦੀ ਅਚਨਚੇਤੀ ਚੈਕਿੰਗ ਕੀਤੀ।
ਕੈਬਨਿਟ ਮੰਤਰੀ ਨੇ ਮੁੱਖ ਦਫਤਰ ਦੀਆਂ ਬਰਾਂਚਾਂ ਵਿੱਚ ਖੁਦ ਜਾ ਕੇ ਕੰਮ ਬਾਰੇ ਜਾਣਕਾਰੀ ਲਈ ਅਤੇ ਵੱਖ-ਵੱਖ ਸੀਟਾਂ ਉਤੇ ਹੁੰਦੇ ਕੰਮਾਂ ਦੀ ਸਥਿਤੀ ਜਾਣੀ। ਉਨਾਂ ਦਫਤਰਾਂ ਵਿੱਚ ਸਟਾਫ ਦੀ ਹਾਜ਼ਰੀ ਵੀ ਦੇਖੀ ਅਤੇ ਗੈਰ ਹਾਜ਼ਰ ਕਰਮਚਾਰੀਆਂ ਨੂੰ ਤਾੜਨਾ ਦੇਣ ਲਈ ਵੀ ਕਿਹਾ। ਉਨਾਂ ਐਨ.ਸੀ.ਸੀ. ਵਿੰਗ ਵਿਖੇ ਕਾਲਜਾਂ ਵਿੱਚ ਐਨ.ਸੀ.ਸੀ.ਕੈਡਿਟਾਂ ਅਤੇ ਇਸ ਦੀਆਂ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਲਈ।
ਸ. ਪਰਗਟ ਸਿੰਘ ਨੇ ਕਿਹਾ ਕਿ ਉਨਾਂ ਦੇ ਆਮ ਲੋਕਾਂ ਨੂੰ ਮਿਲਦੇ ਸਮੇਂ ਉਨਾਂ ਦੇ ਧਿਆਨ ਵਿੱਚ ਆਇਆ ਹੈ ਕਿ ਮੁੱਖ ਦਫਤਰ ਵਿੱਚ ਸਬੰਧਤ ਕੰਮ ਅਕਸਰ ਲਟਕ ਜਾਂਦੇ ਹਨ ਜਿਸ ਦਾ ਗੰਭੀਰ ਨੋਟਿਸ ਲੈਂਦਿਆਂ ਉਨਾਂ ਕਿਹਾ ਕਿ ਕੋਈ ਵੀ ਕੰਮ ਲੰਬਿਤ ਰੱਖਿਆ ਗਿਆ ਤਾਂ ਸਬੰਧਤ ਕਰਮਚਾਰੀ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ। ਉਨਾਂ ਕਿਹਾ ਕਿ ਤੈਅ ਸਮੇਂ ਅੰਦਰ ਸੇਵਾਵਾਂ ਦਿੱਤੀਆਂ ਜਾਣ।
ਉਚੇਰੀ ਸਿੱਖਿਆ ਮੰਤਰੀ ਨੇ ਸਟਾਫ ਨੂੰ ਆਖਿਆ ਕਿ ਲੋਕਾਂ ਨੂੰ ਕਿਸੇ ਵੀ ਕੰਮ ਵਿੱਚ ਦਿੱਕਤ ਨਹੀਂ ਆਉਣੀ ਚਾਹੀਦੀ ਅਤੇ ਪਾਰਦਰਸ਼ਤਾ ਤੇ ਸਾਫ-ਸੁਥਰਾ ਪ੍ਰਸ਼ਾਸਨ ਦੇਣਾ ਯਕੀਨੀ ਬਣਾਇਆ ਜਾਵੇ। ਉਨਾਂ ਕਿਹਾ ਕਿ ਅਨੁਸਾਸ਼ਣਹੀਣਤਾ ਕਿਸੇ ਵੀ ਕੀਮਤ ਉਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।