ਮੁੱਖ ਮੰਤਰੀ ਗੁਲਾਬੀ ਸੁੰਡੀ ਦੇ ਹਮਲੇ ਨਾਲ ਪ੍ਰਭਾਵਤ ਹੋਏ ਨਰਮਾ ਉਤਪਾਦਕਾਂ ਲਈ 50 ਹਜ਼ਾਰ ਰੁਪਏ ਪ੍ਰਤੀ ਏਕੜ ਤੇ ਖੇਤ ਮਜ਼ਦੂਰਾਂ ਲੲਂ 15 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਐਲਾਨਣ ਲਈ ਵੀ ਆਖਿਆ
ਅੰਮ੍ਰਿਤਸਰ, 26 ਅਕਤੂਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਆਖਿਆ ਕਿ ਉਹ ਪੰਜਾਬ ਵਿਚ ਬੀ ਐਸ ਐਫ ਦੇ ਅਧਿਕਾਰ ਵਿਚ ਕੀਤਾ ਵਾਧਾ ਰੱਦ ਕਰਨ ਬਾਰੇ ਪੰਜਾਬ ਦੇ ਫੈਸਲੇ ਤੋਂ ਕੇਂਦਰ ਸਰਕਾਰ ਨੂੰ ਤੁਰੰਤ ਜਾਣੂ ਕਰਵਾਉਣ ਤੇ ਇਸ ਸੰਵੇਦਨਸ਼ੀਲ ਮਾਮਲੇ ’ਤੇ ਖੋਖਲੇ ਬਿਆਨ ਦੇਣ ਤੱਕ ਹੀ ਸੀਮਤ ਨਾ ਰਹਿਣ।
ਇਥੇ ਪਵਿੱਤਰ ਨਗਰੀ ਦੇ ਦੌਰੇ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਬਾਦਲ, ਜਿਹਨਾਂ ਨੇ ਸਨੱਅਤ ਤੇ ਵਪਾਰ ਸਮੇਤ ਪ੍ਰੋਫੈਸ਼ਨਲਾਂ ਤੇ ਟਰਾਂਸਪੋਰਟਾਂ ਸਮੇਤ ਸਮਾਜ ਦੇ ਵੱਖ ਵੱਖ ਵਰਗਾਂ ਨਾਲ ਮੁਲਾਕਾਤ ਕੀਤੀ, ਨੇ ਕਿਹਾ ਕਿ ਉਹ ਇਸ ਤੋਂ ਹੈਰਾਨ ਹਨ ਕਿ ਮੁੱਖ ਮੰਤਰੀ ਹਾਲੇ ਵੀ ਇਹੀ ਸੋਚ ਰਹੇ ਹਨ ਕਿ ਮੁੱਖ ਮੰਤਰੀ ਇਸ ਮਾਮਲੇ ’ਤੇ ਕੀ ਸੋਚ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬੀ ਮੁੱਖ ਮੰਤਰੀ ਤੋਂ ਆਸ ਰੱਖਦੇ ਹਨ ਕਿ ਉਹ ਬੀ ਐਸ ਐਫ ਦਾ ਅਧਿਕਾਰ ਕੌਮਾਂਤਰੀ ਬਾਰਡਰ ਤੋਂ 50 ਕਿਲੋਮੀਟਰ ਤੱਕ ਵਧਾਉਣ ਦਾ ਫੈਸਲਾ ਸੂਬੇ ਨੁੰ ਪ੍ਰਵਾਨ ਨਾ ਹੋਣ ਦੀ ਗੱਲ ਕੇਂਦਰ ਨੂੰ ਠੋਕ ਕੇ ਦੱਸ ਦੇਣ। ਉਹਨਾਂ ਕਿਹਾ ਕਿ ਮੁੱਖ ਮੰਤੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੇਂਦਰ ਦਾ ਫੈਸਲਾ ਸੁਬੇ ਦੇ ਅਧਿਕਾਰਾਂ ’ਤੇ ਡਾਕਾ ਹੈ ਤੇ ਇਹ ਸੂਬੇ ਦੇ ਸੰਘੀ ਹੱਕਾਂ ’ਤੇ ਹੀ ਸੱਟ ਮਾਰਦਾ ਹੈ। ਉਹਨਾਂ ਕਿਹਾ ਕਿ ਇਸਨੁੰ ਤੁਰੰਤ ਰੱਦ ਕਰਨਾ ਚਾਹੀਦਾ ਹੈ।
ਜਦੋਂ ਉਹਨਾਂ ਤੋਂ ਕਾਂਗਰਸ ਸਰਕਾਰ ਵਿਚਲੇ ਮਾੜੇ ਹਾਲਾਤਾਂ ਬਾਰੇ ਪੁੱਛਿਆ ਗਿਆ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪ੍ਰਸ਼ਾਸਨ ਠੱਪ ਹੋ ਗਿਆ ਹੈ। ਉਹਨਾਂ ਕਿਹਾ ਕਿ ਬਜਾਏ ਲੋਕ ਮਸਲੇ ਹੱਲ ਕਰਨ ਦੇ, ਕਾਂਗਰਸੀ ਆਪਸੀ ਲੜਾਈ ਵਿਚ ਉਲਝੇ ਹਨ। ਉਹਨਾਂ ਕਿਹਾ ਕਿ ਨਾਲੋ ਨਾਲ ਉਹ ਸੂਬੇ ਦੇ ਖਜ਼ਾਨੇ ਨੁੰ ਲੁੱਟ ਰਹੇ ਹਨ।
ਸਰਦਾਰ ਬਾਦਲ ਨੇ ਮੁੱਖ ਮੰਤਰੀ ਨੁੰ ਇਹ ਵੀ ਆਖਿਆ ਕਿ ਉਹ ਗੁਲਾਬੀ ਸੁੰਡੀ ਕਾਰਨ ਪ੍ਰਭਾਵਤ ਹੋਈ ਨਰਮਾ ਫਸਲ ਦੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਵਿਚ ਦੇਰੀ ਨਾ ਕਰਨ। ਉਹਨਾÇ ਕਹਾ ਕਿ ਸਰਕਾਰ ਕਿਸਾਨਾਂ ਲਈ 50 ਹਜ਼ਾਰ ਰੁਪਏ ਪ੍ਰਤੀ ਏਕੜ ਅਤੇ ਖੇਤ ਮਜ਼ਦੂਰਾਂ ਲਈ 15 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਤੁਰੰਤ ਜਾਰੀ ਕਰੇ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਕਿਸਾਨਾਂ ਨੂੰ ਹਾਲੇ ਤੱਕ ਇਕ ਧੇਲਾ ਵੀ ਨਹੀਂ ਮਿਲਿਆ ਪਰ ਮੁੱਖ ਮੰਤਰੀ ਇਸ਼ਤਿਹਾਰਾਂ ਰਾਹੀਂ ਕਿਸਾਨਾਂ ਨੁੰ ਮੁਆਵਜ਼ਾ ਦੇਣ ਦਾ ਸਿਹਰਾ ਆਪਣੇ ਸਿਰ ਬੰਨ ਰਹੇ ਹਨ। ਉਹਨਾਂ ਇਹ ਵੀ ਮੰਗ ਕੀਤੀ ਕਿ ਹਾਲ ਹੀ ਵਿਚ ਹੋਈ ਗੜ੍ਹੇਮਾਰੀ ਤੇ ਭਾਰੀ ਬਰਸਾਤ ਨਾਲ ਤਬਾਹ ਹੋਈ ਫਸਲ ਦਾ ਮੁਆਵਜ਼ਾ ਵੀ ਪੰਦਰਾਂ ਦਿਨਾਂ ਦੇ ਅੰਦਰ ਅੰਦਰ ਜਾਰੀ ਕਰਨਾ ਯਕੀਨੀ ਬਣਾਉਣ।
ਅਕਾਲੀ ਦਲ ਦੇ ਪ੍ਰਧਾਨ ਨੇ ਸ਼ਹਿਰ ਦੇ ਵਪਾਰੀਆਂ ਤੇ ਉਦਯੋਗਪਤੀਆਂ ਤੋਂ ਇਲਾਵਾ ਡਾਕਟਰਾਂ ਤੇ ਹੋਰ ਪ੍ਰੋਫੈਸ਼ਨਲ ਲੋਕਾਂ ਨਾਲ ਵੀ ਮੁਲਾਕਾਤ ਕੀਤੀ। ਇਹਨਾਂ ਵਰਗਾਂ ਨੇ ਉਹਨਾਂ ਨੂੰ ਇਹ ਵੀ ਦੱਸਿਆ ਕਿ ਸਰਕਾਰ ਕਿਵੇਂ ਉਹਨਾਂ ਦੀਆਂ ਲੋੜਾਂ ਪ੍ਰਤੀ ਅਸੰਵੇਦਨਸ਼ੀਲ ਹੈ। ਸਰਦਾਰ ਬਾਦਲ ਨੇ ਇਸਦੇ ਬਦਲੇ ਉਹਨਾਂ ਨੂੰ ਦੱਸਿਆ ਕਿ ਉਹਨਾਂ ਦੀ ਸੋਚ ਕੀ ਹੈ ਤੇ ਉਹ ਸੁਬੇ ਪ੍ਰਤੀ ਕੀ ਯੋਜਨਾਵਾਂ ਰੱਖਦੇ ਹਨ। ਵਪਾਰ ਤੇ ਉਦਯੋਗ ਤੇ ਪ੍ਰੋਫੈਸ਼ਨਲ ਲੋਕਾਂ ਨੇ ਉਹਨਾ ਨੂੰ ਭਰੋਸਾ ਦੁਆਇਆ ਕਿ ਉਹ ਅਕਾਲੀ ਦਲ ਤੇ ਬਸਪਾ ਗਠਜੋੜ ਅਤੇ ਇਸਦੀਆਂ ਲੋਕ ਪੱਖੀ ਤੇ ਵਿਕਾਸ ਪੱਖੀ ਨੀਤੀਆਂ ਦੀ ਹਮਾਇਤ ਕਰਨਗੇ।
ਸਰਦਾਰ ਬਾਦਲ ਨੇ ਟਰਾਂਸਪੋਰਟਰਾਂ ਨਾਲ ਵੀ ਗੱਲਬਾਤ ਕੀਤੀ ਤੇ ਭਰੋਸਾ ਦੁਆਇਆ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਨ ਮਗਰੋਂ ਟਰਾਂਸਪੋਰਟ ਭਲਾਈ ਬੋਰਡ ਗਠਿਤ ਕੀਤਾ ਜਾਵੇਗਾ ਤੇ ਟਰਾਂਸਪੋਰਟ ਯੂਨੀਅਨਾਂ ਬਹਾਲ ਕੀਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਟਰੱਕ ਅਪਰੇਟਰਾਂ ਨੁੰ ਸਾਲਾਨਾ ਟਵਿੱਕਰ ਜਾਰੀ ਕਰ ਕੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤੇ ਜਾਣਾ ਖਤਮ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸਟਿੱਕਰ ਲੱਗੇ ਕਿਸੇ ਵੀ ਟਰੱਥ ਨੁੰ ਸੜਕ ’ਤੇ ਕਿਸੇ ਵੱਲੋਂ ਵੀ ਰੋਕਿਆ ਨਹੀਂ ਜਾਵੇਗਾ। ਉਹਨਾਂ ਇਹ ਵੀ ਐਲਾਨ ਕੀਤਾ ਕਿ ਮਿੰਨੀ ਬੱਸਾਂ ਲਈ ਵੱਖਰੀ ਨੀਤੀ ਐਲਾਨੀ ਜਾਵੇਗੀ ਤੇ ਡਰਾਈਵਰਾਂ ਲਈ ਐਕਸੀਡੈਂਟਲ ਬੀਮਾ ਨੀਤੀ ਜਾਰੀ ਕੀਤੀ ਜਾਵੇਗੀ। ਉਹਨਾਂ ਨੇ ਹਰੇਕ ਸ਼ਹਿਰ ਵਿਚ ਵੱਖਰਾ ਟਰਾਂਸਪੋਰਟ ਨਗਰ ਬਣਾਉਣ ਦਾ ਵੀ ਐਲਾਨ ਕੀਤਾ।
ਅਕਾਲੀ ਦਲ ਦੇ ਪ੍ਰਧਾਨ ਨੇ ਅੰਮ੍ਰਿਤਸਰ ਪੱਛਮੀ ਵਿਚ ਪੈਂਦੀ ਪੁਤਲੀਘਰ ਮਾਰਕੀਟ ਵਿਚ ਲੋਕਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਦੀਆਂ ਸ਼ਿਕਾਇਤਾਂ ਸੁਣੀਆਂ ਤੇ ਭਰੋਸਾ ਦੁਆਇਆ ਕਿ ਸਰਕਾਰ ਬਣਨ ਮਗਰੋਂ ਇਹਨਾਂ ਨੁੰ ਹੱਲ ਕੀਤਾ ਜਾਵੇਗਾ।
ਇਸ ਮੌਕੇ ਸੀਨੀਅਰ ਆਗੂ ਗੁਰਪ੍ਰਤਾਪ ਸਿੰਘ ਟਿੱਕਾ, ਦਲਬੀਰ ਸਿੰਘ ਵੇਰਕਾ ਅਤੇ ਤਲਬੀਰ ਗਿੱਲ ਤੋਂ ਇਲਾਵਾ ਅੰਮ੍ਰਿਤਸਰ ਗੁਡਜ਼ ਟਰਾਂਸਪੋਰਟ ਐਸੋਸੀਏਸ਼ਨ ਦੇ ਪ੍ਰਧਾਨ ਅਵਤਾਰ ਸਿੰਘ ਟਰੱਕਾਂਵਾਲਾ ਵੀ ਹਾਜ਼ਰ ਸਨ।