-ਜਰਨੈਲ ਸਿੰਘ, ਅਮਨ ਅਰੋੜਾ ਅਤੇ ਅਨਮੋਲ ਗਗਨ ਮਾਨ ਦੇ ਰਾਜਪਾਲ ਪੰਜਾਬ ਦੇ ਨਿਵਾਸ ਮੂਹਰੇ ਲਾਇਆ ਧਰਨਾ
ਐਮ.ਐਲ.ਏ. ਹੋਸਟਲ ਕੰਪਲੈਕਸ ‘ਚ ‘ਆਪ’ ਆਗੂਆਂ ਤੇ ਵਰਕਰਾਂ ਨੇ ਪੁਲੀਸ ਅਤੇ ਜਲ ਤੋਪ ਗੱਡੀਆਂ ਦਾ ਕੱਢਿਆ ਧੂੰਆਂ
– ਚੰਡੀਗੜ੍ਹ ਪੁਲੀਸ ਨੇ ਹਿਰਾਸਤ ‘ਚ ਲਏ ‘ਆਪ’ ਆਗੂ ਅਤੇ ਵਰਕਰ, ਦੇਰ ਸ਼ਾਮ ਕੀਤੇ ਰਿਹਾਅ
ਚੰਡੀਗੜ੍ਹ, 6 ਅਕਤੂਬਰ। ਲਖੀਮਪੁਰ ਖੀਰੀ ‘ਚ ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਰੋਸ ਪ੍ਰਗਟ ਕਰ ਰਹੇ 4 ਕਿਸਾਨਾਂ ਨੂੰ ਐਸ.ਯੂ.ਵੀ ਗੱਡੀ ਨਾਲ ਦਰੜ ਕੇ ਮਰਨ ਵਾਲੇ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਗੁੰਡੇ ਪੁੱਤ ਆਸ਼ੀਸ਼ ਮਿਸ਼ਰਾ ਨੂੰ ਤੁਰੰਤ ਗ੍ਰਿਫ਼ਤਾਰ ਅਤੇ ਅਜੈ ਮਿਸ਼ਰਾ ਨੂੰ ਮੰਤਰੀ ਮੰਡਲ ‘ਚੋਂ ਬਰਖ਼ਾਸਤ ਕਰਨ ਲਈ ਆਮ ਆਦਮੀ ਪਾਰਟੀ (ਆਪ) ਪੰਜਾਬ ਵੱਲੋਂ ਰਾਜਪਾਲ ਦੀ ਰਿਹਾਇਸ਼ ‘ਰਾਜ ਭਵਨ’ ਅੱਗੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ। ‘ਆਪ’ ਦੇ ਆਗੂਆਂ ਅਤੇ ਵਰਕਰਾਂ ਨੇ ਜਿੱਥੇ ਰਾਜ ਭਵਨ ਦੇ ਬਾਹਰ ਮੁੱਖ ਸੜਕ ‘ਤੇ ਰੋਸ ਧਰਨਾ ਲਾ ਕੇ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਨੂੰ ਭਾਜੜਾਂ ਪਾਈਆਂ, ਉੱਥੇ ਸੈਕਟਰ 4 ਸਥਿਤ ਐਮ.ਐਲ.ਏ. ਹੋਸਟਲ ਕੰਪਲੈਕਸ ‘ਚ ‘ਆਪ’ ਦੇ ਵਿਧਾਇਕਾਂ, ਅਹੁਦੇਦਾਰ ਆਗੂਆਂ ਅਤੇ ਵਰਕਰਾਂ ਨੇ ਜਲ ਤੋਪਾਂ ਦੀ ਪ੍ਰਵਾਹ ਨਾ ਕਰਦੇ ਹੋਏ ਪੁਲੀਸ ਅਤੇ ਜਲ ਤੋਪ ਗੱਡੀਆਂ ਦਾ ਧੂੰਆਂ ਕੱਢ ਦਿੱਤਾ।
ਪਾਰਟੀ ਵੱਲੋਂ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਨੂੰ ਝਕਾਨੀ ਦੇਣ ਦੀ ਰਣਨੀਤੀ ਤਹਿਤ ਪੰਜਾਬ ਭਰ ‘ਚੋਂ ਸੱਦੇ ਆਗੂਆਂ ਅਤੇ ਵਰਕਰਾਂ ਨੂੰ ਇੱਕ ਪਾਸੇ ਐਮ.ਐਲ.ਏ. ਹੋਸਟਲ ‘ਚ ਇਕੱਠਾ ਕਰ ਲਿਆ ਗਿਆ, ਦੂਜੇ ਪਾਸੇ ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ, ਵਿਧਾਇਕ ਅਮਨ ਅਰੋੜਾ ਅਤੇ ਯੂਥ ਵਿੰਗ ਪੰਜਾਬ ਦੀ ਸਹਿ ਪ੍ਰਧਾਨ ਅਨਮੋਲ ਗਗਨ ਮਾਨ ਦੀ ਅਗਵਾਈ ਹੇਠ ਆਗੂਆਂ ਅਤੇ ਵਰਕਰਾਂ ਦਾ ਇੱਕ ਜਥਾ ਰਾਜ ਭਵਨ ਮੂਹਰੇ ਪੁੱਜ ਗਿਆ, ਜਿੱਥੇ ਪੁਲੀਸ ਨੇ ਪਹਿਲਾਂ ਹੀ ਭਾਰੀ ਨਾਕੇਬੰਦੀ ਕੀਤੀ ਹੋਈ ਸੀ।
‘ਆਪ’ ਆਗੂਆਂ ਨੇ ਰਾਜ ਭਵਨ ਨੇੜੇ ਲਾਏ ਇਸ ਨਾਕੇ ‘ਤੇ ਹੀ ਧਰਨਾ ਲਾ ਲਿਆ ਅਤੇ ਕੇਂਦਰ ਦੀ ਭਾਜਪਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਅੱਗੇ ਵਧਣ ਦੀ ਜੱਦੋ ਜਹਿਦ ਦੌਰਾਨ ‘ਆਪ’ ਆਗੂਆਂ ਦੀ ਚੰਡੀਗੜ੍ਹ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਨਾਲ ਕਾਫ਼ੀ ਤਕਰਾਰ ਹੋਈ। ਜਿਸ ਉਪਰੰਤ ਜਰਨੈਲ ਸਿੰਘ, ਅਮਨ ਅਰੋੜਾ, ਮਾਸਟਰ ਬਲਦੇਵ ਸਿੰਘ ਅਤੇ ਅਨਮੋਲ ਗਗਨ ਮਾਨ ਸਮੇਤ ਦਰਜਨਾਂ ਹੋਰ ਵਰਕਰਾਂ ਅਤੇ ਆਗੂਆਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਕੇ ਸੈਕਟਰ- 3 ਦੇ ਥਾਣੇ ਵਿੱਚ ਬੰਦ ਕਰ ਦਿੱਤਾ।
ਜਰਨੈਲ ਸਿੰਘ ਅਤੇ ਅਮਨ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਰਾਜਪਾਲ ਰਾਹੀਂ ਕੇਂਦਰ ਦੀ ਮੋਦੀ ਅਤੇ ਯੂ.ਪੀ. ਦੀ ਯੋਗੀ ਅਦਿੱਤਿਆ ਨਾਥ ਸਰਕਾਰ ਕੋਲੋਂ ਇਹ ਸਵਾਲ ਪੁੱਛਣਾ ਚਾਹੁੰਦੀ ਹੈ ਕਿ ਸੱਤਾ ਦੇ ਨਸ਼ੇ ‘ਚ ਅੰਨ੍ਹੇ ਹੋ ਕੇ ਅੰਨਦਾਤਾ ਨੂੰ ਆਪਣੀਆਂ ਗੱਡੀਆਂ ਥੱਲੇ ਦਰੜਨ ਵਾਲੇ ਮੰਤਰੀ ਦੇ ਗੁੰਡੇ ਪੁੱਤ ਨੂੰ ਯੂ.ਪੀ. ਪੁਲੀਸ ਗ੍ਰਿਫ਼ਤਾਰ ਕਿਉਂ ਨਹੀਂ ਕਰ ਰਹੀ? ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਜਿਹੀ ਕਿਹੜੀ ਮਜਬੂਰੀ ਹੈ ਕਿ ਅਜੇ ਤੱਕ ਦਰਿੰਦੇ ਪੁੱਤ ਦੇ ਮੰਤਰੀ ਪਿਓ ਨੂੰ ਕੇਂਦਰੀ ਮੰਤਰੀ ਮੰਡਲ ‘ਚੋਂ ਕਿਉਂ ਨਹੀਂ ਬਰਖ਼ਾਸਤ ਕੀਤਾ ਗਿਆ? ਕੀ ਇਹ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਆਪਣੀ ਹੋਂਦ ਦੀ ਲੜਾਈ ਲੜ ਰਹੇ ਦੇਸ਼ ਭਰ ਦੇ ਕਿਸਾਨਾਂ ਬਾਰੇ ਬਦਲੇ ਦੀ ਅੱਗ ਹੈ ਕਿ ਮੋਦੀ ਅਤੇ ਯੋਗੀ ਸਰਕਾਰਾਂ ਕਿਸਾਨਾਂ ਦੇ ਖ਼ੂਨ ਦੀਆਂ ਇਸ ਕਦਰ ਪਿਆਸੀਆਂ ਹੋ ਗਈਆਂ? ਕਿਸਾਨ ਅੰਦੋਲਨ ਤਹਿਤ ਹੁਣ ਤੱਕ ਸਾਢੇ 700 ਕਿਸਾਨ ਆਪਣਾ ਬਲੀਦਾਨ ਦੇ ਚੁੱਕੇ ਹਨ। ਕੀ ਐਨੀਆਂ ਜਾਨਾਂ ਲੈ ਕੇ ਭਾਜਪਾ ਦੀ ਖ਼ੂਨੀ ਪਿਆਸ ਨਹੀਂ ਬੁਝੀ? ਕੀ ਮੋਦੀ ਅਤੇ ਅਮਿਤ ਸ਼ਾਹ ਦੱਸਣਗੇ ਕਿ ਅਜੈ ਮਿਸ਼ਰਾ ਦੇ ਗ੍ਰਹਿ ਰਾਜ ਮੰਤਰੀ ਹੁੰਦਿਆਂ ਲਖੀਮਪੁਰ ਖੀਰੀ ਸਾਕੇ ਦੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਸੰਭਵ ਹੈ?, ਕਿਉਂਕਿ ਪੂਰੇ ਦੇਸ਼ ਦਾ ਪੁਲੀਸ ਤੰਤਰ ਅਜੈ ਮਿਸ਼ਰਾ ਦੇ ਅਧੀਨ ਹੈ।
ਉੱਧਰ ਐਮ.ਐਲ.ਏ. ਹੋਸਟਲ ਕੰਪਲੈਕਸ ਦੇ ਦੋਵੇਂ ਗੇਟਾਂ ‘ਤੇ ਭਾਰੀ ਬੈਰੀਗੈਡਿੰਗ ਕਰਕੇ ਪੁਲੀਸ ਪ੍ਰਸ਼ਾਸਨ ਨੇ ਜਲ ਤੋਪਾਂ ਅਤੇ ਭਾਰੀ ਫੋਰਸ ਤੈਨਾਤ ਕਰ ਦਿੱਤੀ। ਜਿਸ ਕਾਰਨ ‘ਆਪ’ ਵਿਧਾਇਕ, ਅਹੁਦੇਦਾਰ ਅਤੇ ਸੈਂਕੜੇ ਵਰਕਰਾਂ ਸਮੇਤ ਮੀਡੀਆ ਕਰਮੀ ਵੀ ਅੰਦਰ ਹੀ ਬੰਦ ਕਰ ਦਿੱਤੇ ਗਏ। ਲਖੀਮਪੁਰ ਖੀਰੀ ਘਟਨਾ ਅਤੇ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਭਾਸ਼ਣਬਾਜ਼ੀ ਅਤੇ ਨਾਅਰੇਬਾਜ਼ੀ ਉਪਰੰਤ ਜਿੱਦਾ ਹੀ ‘ਆਪ’ ਦਾ ਕਾਫ਼ਲਾ ਵਿਧਾਨ ਸਭਾ ‘ਚ ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ, ਪ੍ਰਿੰਸੀਪਲ ਬੁੱਧਰਾਮ, ਮਾਸਟਰ ਬਲਦੇਵ ਸਿੰਘ ਜੈਤੋਂ, ਕੁਲਵੰਤ ਸਿੰਘ ਪੰਡੋਰੀ, ਮਨਜੀਤ ਸਿੰਘ ਬਿਲਾਸਪੁਰ, ਜੈ ਸਿੰਘ ਰੋੜੀ (ਸਾਰੇ ਵਿਧਾਇਕ), ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਅਤੇ ਸੂਬਾ ਖ਼ਜ਼ਾਨਚੀ ਨੀਨਾ ਮਿੱਤਲ ਦੀ ਅਗਵਾਈ ਹੇਠ ਐਮ.ਐਲ.ਏ. ਹੋਸਟਲ ਦੇ ਗੇਟ ਵੱਲ ਵਧਿਆ ਅਤੇ ਬੈਰੀਕੇਡਿੰਗ ਟੱਪਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਨੇ ਜਲ ਤੋਪਾਂ ਦੀ ਅੰਨ੍ਹੇਵਾਹ ਬੁਛਾੜ ਸ਼ੁਰੂ ਕਰ ਦਿੱਤੀ। ਪਰ ‘ਆਪ’ ਆਗੂਆਂ ਅਤੇ ਵਰਕਰਾਂ ਦੇ ਹੌਸਲੇ ਬੁਲੰਦ ਰਹੇ। ਜਲ ਤੋਪਾਂ ਦੀ ਬੇਕਿਰਕ ਵਰਤੋਂ ਦਾ ਸਿਲਸਿਲਾ ਲਗਭਗ ਇੱਕ ਘੰਟੇ ਤੱਕ ਜਾਰੀ ਰਿਹਾ, ਅੰਤ ਉਦੋਂ ਰੁਕੀਆਂ ਜਦੋਂ ਜਲ ਤੋਪ ਟਰੱਕ ਦਾ ਇੰਜਨ ਧੂੰਆਂ- ਧੂੰਆਂ ਹੋ ਕੇ ਬੰਦ ਨਹੀਂ ਹੋ ਗਿਆ।
ਇਸ ਦੌਰਾਨ ਬੈਰੀਗੇਡਿੰਗ ਟੱਪਣ ਦੀ ਕੋਸ਼ਿਸ਼ ਕਰ ਰਹੀ ‘ਆਪ’ ਬ੍ਰਿਗੇਡ ਨੂੰ ਰੋਕਣ ਵਾਲੀ ਪੁਲੀਸ ਨੂੰ ਕਾਫ਼ੀ ਮਸ਼ੱਕਤ ਕਰਨੀ ਪਈ। ਆਖ਼ਰ ਦੂਜੇ ਗੇਟ ਰਾਹੀਂ ਬੱਸਾਂ ਲਿਆ ਕੇ ਚੰਡੀਗੜ੍ਹ ਪੁਲੀਸ ਨੇ ‘ਆਪ’ ਆਗੂਆਂ ਅਤੇ ਵਰਕਰਾਂ ਨੂੰ ਹਿਰਾਸਤ ‘ਚ ਲੈ ਲਿਆ।
ਇਸ ਮੌਕੇ ਸਰਬਜੀਤ ਕੌਰ ਮਾਣੂੰਕੇ ਨੇ ਪੁਲੀਸ ਦੇ ਜ਼ਾਲਮ ਰਵੱਈਏ ਦੀ ਸਖ਼ਤ ਨਿੰਦਾ ਕੀਤੀ ਅਤੇ ਦੱਸਿਆ ਕਿ ਪੁਲੀਸ ਦੀ ਇਸ ਤਾਨਾਸ਼ਾਹੀ ਕਾਰਨ ਪਾਰਟੀ ਦੇ ਕਾਫ਼ੀ ਵਰਕਰ ਅਤੇ ਆਗੂ ਜ਼ਖ਼ਮੀ ਹੋ ਗਏ, ਪ੍ਰੰਤੂ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਨੇ ਇੱਕ ਐਂਬੂਲੈਂਸ ਤੱਕ ਦਾ ਪ੍ਰਬੰਧ ਨਹੀਂ ਕੀਤਾ।
‘ਆਪ’ ਵਿਧਾਇਕਾਂ ਨੇ ਕਿਹਾ ਕਿ ਸ਼ਾਂਤੀਪੂਰਵਕ ਰੋਸ ਪ੍ਰਦਰਸ਼ਨ ਕਰਨਾ ਹਰੇਕ ਨਾਗਰਿਕ ਦਾ ਸੰਵਿਧਾਨਿਕ ਹੱਕ ਹੈ, ਪ੍ਰੰਤੂ ਭਾਜਪਾ ਆਗੂਆਂ ‘ਚ ਤਾਨਾਸ਼ਾਹ ਹਿਟਲਰ ਦੀ ਰੂਹ ਪ੍ਰਵੇਸ਼ ਕਰ ਚੁੱਕੀ ਹੈ, ਇਸ ਲਈ ਇਹ ਵਿਰੋਧੀ ਧਿਰਾਂ ਅਤੇ ਵਿਰੋਧ ਕਰ ਰਹੇ ਕਿਸਾਨਾਂ ਨੂੰ ਕੀੜੇ- ਮਕੌੜੇ ਸਮਝ ਕੇ ਕੁਚਲਨ ਲੱਗੇ ਹਨ, ਪ੍ਰੰਤੂ ਭਾਜਪਾ ਦਾ ਅੱਤਿਆਚਾਰੀ ਰਵੱਈਆ ਦੇਸ਼ ਦੇ ਅੰਨਦਾਤਾ ਅਤੇ ਆਮ ਆਦਮੀ ਪਾਰਟੀ ਦੇ ਬੁਲੰਦ ਹੌਂਸਲਿਆਂ ਨੂੰ ਮਾਤ ਨਹੀਂ ਦੇ ਸਕਦਾ।
ਇਸ ਮੌਕੇ ਲਖਵੀਰ ਸਿੰਘ ਰਾਏ, ਹਰਜੋਤ ਸਿੰਘ ਬੈਂਸ, ਚੇਤਨ ਸਿੰਘ ਜੌੜਮਾਜਰਾ, ਸੰਨੀ ਸਿੰਘ ਆਹਲੂਵਾਲੀਆ, ਸਤੀਸ਼ ਸੈਣੀ, ਰਾਜ ਲਾਲੀ ਗਿੱਲ, ਗੋਬਿੰਦਰ ਮਿੱਤਲ, ਪ੍ਰਭਜੋਤ ਕੌਰ ਆਦਿ ਆਗੂ ਤੇ ਵਰਕਰ ਵੀ ਮੌਜੂਦ ਸਨ।