ਕਮੋਰ ਕਮੇਟੀ ਨੇ ਸਿੱਖ ਕੌਮ ਦੇ ਧਾਰਮਿਕ ਮਾਮਲਿਆਂ ਵਿਚ ਦਿੱਲੀ ਦੀ ਆਪ ਸਰਕਾਰ ਦੇ ਦਖਲ ਦਾ ਗੰਭੀਰ ਨੋਟਿਸ ਲਿਆ
ਚੰਡੀਗੜ੍ਹ, 5 ਅਕਤੂਬਰ : ਸ਼੍ਰੋਮਣੀ ਅਕਾਲੀ ਦਲ ਦੇ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਨੁੰ ਲਖੀਮਪੁਰ ਖੀਰੀ ਵਿਖੇ ਮਾਸੂਮ ਕਿਸਾਨਾਂ ਦੇ ਕਾਤਲਾਂ ਖਿਲਾਫ ਕਾਰਵਾਈ ਵਿਚ ਦੇਰੀ ਦੀ ਆਗਿਆ ਨਹੀਂ ਦੇਣੀ ਚਾਹੀਦੀ ਤੇ ਇਸਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੁੰ ਅਪੀਲ ਕੀਤੀ ਕਿ ਉਹ ਤਿੰਨ ਖੇਤੀ ਕਾਨੂੰਨ ਤੁਰੰਤ ਵਾਪਸ ਲਵੇ।
ਪਾਰਟੀ ਨੇ ਇਥੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਕੋਰ ਕਮੇਟੀ ਮੀਟਿੰਗ ਵਿਚ ਇਸ ਮਾਮਲੇ ਵਿਚ ਦ੍ਰਿੜ੍ਹ ਨਿਸ਼ਚਾ ਲਿਆ ਤੇ ਪਾਰਟੀ ਪ੍ਰਧਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੁੰ ਕਿਸਾਨਾਂ ਦੀਆਂ ਭਾਵਨਾਵਾਂ ਦੀ ਕਦਰ ਅਤੇ ਇਹਨਾਂ ਦਾ ਖਿਆਲ ਕਰਦਿਆਂ ਜਿੰਨੀ ਛੇਤੀ ਸੰਭਵ ਹੋ ਕੇ ਖੇਤੀ ਕਾਨੁੰਨ ਖਾਰਜ ਕਰਨੇ ਚਾਹੀਦੇ ਹਨ। ਉਹਨਾਂ ਕਿਹਾ ਕਿ ਉਪਜੀ ਬੇਚੈਨੀ ਖਤਮ ਕਰਨ ਤੇ ਹੋਰ ਜਾਨਾਂ ਨਾ ਜਾਣਾ ਯਕੀਨੀ ਬਣਾਉਣ ਦੀ ਬੇਹੱਦ ਜ਼ਰੂਰਤ ਹੈ।
ਕੋਰ ਕਮੇਟੀ ਨੇ ਹੈਰਾਨੀ ਪ੍ਰਗਟ ਕੀਤੀ ਕਿ ਲਖੀਮਪੁਰ ਵਿਖੇ ਮਾਸੂਮ ਕਿਸਾਨਾਂ ਦਾ ਬੇਰਹਿਮੀ ਨਾਲ ਕਤਲ ਕਰਨ ਵਾਲਿਆਂ ਖਿਲਾਫ ਕਾਰਵਾਈ ਵਾਸਤੇ ਕੋਈ ਠੋਸ ਕਦਮ ਨਹੀਂ ਚੁੱਕੇ ਗਏ। ਪਾਰਟੀ ਨੇ ਇਹ ਵੀ ਮੰਗ ਕੀਤੀ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਭੜਕਾਊ ਭਾਸ਼ਣ ਸਮੇਤ ਸਾਰੇ ਮਾਮਲੇ ਦੀ ਨਿਆਂਇਕ ਜਾਂਚ ਕਰਵਾਈ ਜਾਵੇ। ਕੋਰ ਕਮੇਟੀ ਨੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਅਗਵਾਈ ਵਿਚ ਲਖੀਮਪੁਰ ਖੀਰੀ ਜਾ ਰਹੇ ਅਕਾਲੀ ਦਲ ਦੇ ਵਫਦ ਨੂੰ ਰਾਹ ਵਿਚ ਰੋਕਣ ਲਈ ਉੱਤਰ ਪ੍ਰਦੇਸ਼ ਸਰਕਾਰ ਦੀ ਨਿਖੇਧੀ ਕੀਤੀ।
ਕੋਰ ਕਮੇਟੀ ਨੇ ਇਸ ਗੱਲ ਦਾ ਵੀ ਗੰਭੀਰ ਨੋਟਿਸ ਲਿਆ ਕਿ ਕਿਸ ਤਰੀਕੇ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਸਿੱਖ ਕੌਮ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਦੇ ਰਹੀ ਹੈ। ਕਮੇਟੀ ਨੇ ਕਿਹਾ ਕਿ ਆਪ ਸਰਕਾਰ ਅਕਾਲੀ ਦਲ ਵੱਲੋਂ ਸਪਸ਼ਟ ਬਹੁਮਤ ਹਾਸਲ ਕਰਨ ਦੇ ਬਾਵਜੂਦ ਆਪ ਸਰਕਾਰ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਜਨਰਲ ਹਾਊਸ ਦਾ ਗਠਨ ਨਹੀਂ ਹੋਣ ਦੇ ਰਹੀ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਦਿੱਲੀ ਕਮੇਟੀ ਦਾ ਕੋਆਪਟਡ ਮੈਂਬਰ ਬਣਨ ਤੋਂ ਰੋਕਣ ਲਈ ਕਿਸ ਤਰੀਕੇ ਦੇ ਫਿਲਮੀ ਆਧਾਰ ਬਣਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਸਰਦਾਰ ਸਿਰਸਾ ਦੀ ਨਾਮਜ਼ਦਗੀ ਸਾਰੇ ਪੱਖਾਂ ਤੋਂ ਦਰੁੱਸਤ ਹੈ ਤੇ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਉਹ ਪੰਜਾਬੀ ਭਾਸ਼ਾ ਤੋਂ ਚੰਗੀ ਤਰ੍ਹਾਂ ਜਾਣੂ ਹਨ ਪਰ ਜਾਣ ਬੁੱਝ ਕੇ ਬਹਾਨ ਬਣਾ ਕੇ ਉਹਨਾਂ ਦੀ ਨਾਮਜ਼ਦਗੀ ਰੱਣ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਸੇ ਤਰੀਕੇ ਡਾਇਰੈਕਟਰ ਗੁਰਦੁਆਰਾ ਚੋਣਾਂ ਨੇ ਦਿੱਲੀ ਦੀਆਂ ਸਿੰਘ ਸਭਾਵਾਂ ਦੇ ਦੋ ਮੈਂਬਰਾਂ ਦੀ ਕੋਆਪਸ਼ਨ ਨਾਲ ਚੋਣ ਦੇ ਮਾਮਲੇ ਵਿਚ ਵੀ ਨਿਯਮਾਂ ਮੁਤਾਬਕ ਸਿੰਘ ਸਭਾਵਾਂ ਦੇ ਦੋ ਪ੍ਰਧਾਨਾਂ ਨੁੰ ਨਾਮਜ਼ਦ ਨਹੀਂ ਕੀਤਾ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਦਿੱਲੀ ਕਮੇਟੀ ਚੋਣਾਂ ਜਿੱਤ ਚੁੱਕੇ ਅਕਾਲੀ ਦਲ ਦੇ 7 ਤੋਂ 8 ਮੈਂਬਰਾਂ ਨੁੰ ਝੂਠੇ ਕੇਸਾਂ ਵਿਚ ਫਸਾ ਕੇ ਉਹਨਾਂ ਨੁੰ ਡਰਾਇਆ ਧਮਕਾਇਆ ਜਾ ਰਿਹਾ ਹੈ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਦਿੱਲੀ ਦੀ ਆਪ ਸਰਕਾਰ ਸੰਵਿਧਾਨਕ ਸੰਸਥਾਵਾਂ ਨੁੰ ਖ਼ਤਮ ਕਰਨ ’ਤੇ ਤੁਲੀ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਕਿਸੇ ਵੀ ਹਾਲਤ ਵਿਚ ਸਿੱਖ ਕੌਮ ਦੇ ਅੰਦਰੂਨੀ ਮਾਮਲਿਆਂ ਵਿਚ ਸਿੱਧਾ ਦਖਲ ਬਰਦਾਸ਼ਤ ਨਹੀਂ ਕਰੇਗਾ। ਉਹਨਾਂ ਕਿਹਾ ਕਿ ਸਿੱਖ ਕੌਮ ਨੇ ਗੁਰੂ ਧਾਮਾਂ ਦਾ ਲੰਬੇ ਸੰਘਰਸ਼ ਤੋਂ ਬਾਅਦ ਮਹੰਤਾਂ ਤੋਂ ਕਬਜ਼ਾ ਛੁਡਕਵਾਹਿਆ ਤੇ ਕੌਮ ਹੁਣ ਵੀ ਕਾਨੂੰਨ ਮੁਤਾਬਕ ਲੜਾਈ ਲੜ ਕੇ ਯਕੀਨੀ ਬਣਾਏਗੀ ਕਿ ਦਿੱਲੀ ਕਮੇਟੀ ਤੇ ਹੋਰ ਸਿੱਖ ਸੰਸਥਾਵਾਂ ਕਾਇਮ ਹੋਣ।ਇਸ ਮੌਕੇ ਕੋਰ ਕਮੇਟੀ ਮੈਂਬਰਾਂ ਨੇ ਦੋ ਮਿੰਅ ਦਾ ਮੋਨ ਰੱਖ ਕੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੁੰ ਸ਼ਰਧਾਂਜਲੀ ਵੀ ਭੇਂਅ ਕੀਤੀ।
ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ, ਜਥੇਦਾਰ ਤੋਤਾ ਸਿੰਘ, ਬੀਬੀ ਜਗੀਰ ਕੌਰ, ਨਿਰਮਲ ਸਿੰਘ ਕਾਹਲੋਂ, ਡਾ. ਦਲਜੀਤ ਸਿੰ ਚੀਮਾ, ਜਥੇਦਾਰ ਹੀਰਾ ਸਿੰਘ ਗਾਬੜੀਆ, ਬਿਕਰਮ ਸਿੰਘ ਮਜੀਠੀਆ, ਸਿਕੰਦਰ ਸਿੰਘ ਮਲੂਕਾ, ਸੁਰਜੀਤ ਸਿੰਘ ਰੱਖੜਾ ਤੇ ਬਲਦੇਵ ਸਿੰਘ ਮਾਨ ਵੀ ਸ਼ਾਮਲ ਸਨ।