ਕਿਹਾ ਕਿ ਪਾਰਟੀ ਸਿਰਫ ਉਹੀ ਮੰਗਾਂ ਇਸ ਵਿਚ ਸ਼ਾਮਲ ਕਰੇਗੀ ਜੋ ਪੂਰੀਆਂ ਹੋ ਸਕਦੀਆਂ ਹੋਣ ਨਾ ਕਿ ਕਾਂਗਰਸ ਪਾਰਟੀ ਵਾਂਗ ਵੱਡੇ ਵੱਡੇ ਤੇ ਝੂਠੇ ਵਾਅਦੇ ਕਰੇਗੀ
ਕਿਹਾ ਕਿ ਮੁਲਾਜ਼ਮ ਫਰੰਟ ਦੀ ਜ਼ਿਲ੍ਹਾ ਜਥੇਬੰਦੀ ਦਾ ਜੁਲਾਈ ਦੇ ਅੰਤ ਤੱਕ ਐਲਾਨ ਹੋਵੇਗਾ
ਚੰਡੀਗੜ੍ਹ, 11 ਜੂਨ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪਾਰਟੀ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਮਨੋਰਥ ਪੱਤਰ ਅਕਤੂਬਰ 2021 ਦੇ ਅੰਤ ਤਿਆਰ ਕਰ ਲਵੇਗੀ ਅਤੇ ਇਸ ਵਿਚ ਸਰਕਾਰੀ ਮੁਲਾਜ਼ਮਾਂ ਦੀਆਂ ਸਿਰਫ ਉਹੀ ਮੰਗਾਂ ਸ਼ਾਮਲ ਹੋਣਗੀਆਂ ਜੋ ਪੂਰੀਆਂ ਕੀਤੀਆਂ ਜਾ ਸਕਣਗੀਆਂ ਨਾ ਕਿ ਕਾਂਗਰਸ ਪਾਰਟੀ ਵਾਂਗ ਵੱਡੇ ਵੱਡੇ ਤੇ ਝੂਠੇ ਵਾਅਦੇ ਕੀਤੇ ਜਾਣਗੇ।
ਇਥੇ ਮੁਲਾਜ਼ਮ ਫਰੰਟ ਦੇ ਆਗੂਆਂ ਵੱਲੋਂ ਉਹਨਾਂ ਨੂੰ ਮੰਗ ਪੱਤਰ ਸੌਂਪਣ ਵੇਲੇ ਇਕੱਤਰ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਿਰਫ ਉਹੀ ਵਾਅਦੇ ਕਰੇਗਾ ਜੋ ਇਹ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਪੂਰੇ ਕਰ ਸਕਣ ਦੇ ਸਮਰਥ ਹੋਵੇ। ਉਹਨਾਂ ਕਿਹਾ ਕਿ ਅਕਾਲੀ ਦਲ ਕੀਤੀ ਜ਼ੁਬਾਨ ਪੂਰੀ ਕਰਨ ਵਿਚ ਵਿਸ਼ਵਾਸ ਰੱਖਦਾ ਹੈ ਜਿਵੇਂ ਕਿ ਬੀਤੇ ਸਮੇਂ ਦੌਰਾਨ ਇਸਦੀ ਅਗਵਾਈ ਵਾਲੀਆਂ ਸਰਕਾਰਾਂ ਕਰਦੀਆਂ ਰਹੀਆਂ ਹਨ। ਉਹਨਾਂ ਕਿਹਾ ਕਿ ਦੂਜੇ ਪਾਸੇ ਕਾਂਗਰਸ ਪਾਰਟੀ ਵੱਡੇ ਵੱਡੇ ਤੇ ਝੂਠੇ ਵਾਅਦੇ ਕਰ ਕੇ ਲੋਕਾਂ ਨੂੰ ਗੁੰਮਰਾਹ ਕਰ ਕੇ ਸੱਤਾ ਹਾਸਲ ਕਰਨ ਵਿਚ ਵਿਸ਼ਵਾਸ ਰੱਖਦੀ ਹੈ।
ਉਹਨਾਂ ਕਿਹਾ ਕਿ ਪਾਰਟੀ 2022 ਦੀਆਂ ਚੋਣਾਂ ਵਾਸਤੇ ਚੋਣ ਮਨੋਰਥ ਤਿਆਰ ਕਰ ਰਹੀ ਹੈ ਤੇ ਇਹ ਅਕਤੂਬਰ 2021 ਦੇ ਅੰਤ ਤੱਕ ਤਿਆਰ ਹੋ ਜਾਣ ਦੀ ਸੰਭਾਵਨਾ ਹੈ।ਉਹਨਾਂ ਕਿਹਾ ਕਿ ਸਾਰੇ ਮੁਲਾਜ਼ਮ ਇਹ ਗੱਲ ਭਲੀ ਭਾਂਤੀ ਜਾਣਦੇ ਹਨ ਕਿ ਬੀਤੇ ਸਮੇਂ ਵਿਚ ਪੇਅ ਕਮਿਸ਼ਨ ਦੀਆਂ ਸਿਫਾਰਸ਼ਾਂ ਸਿਰਫ ਅਕਾਲੀ ਸਰਕਾਰਾਂ ਨੇ ਹੀਲਾਗੂ ਕੀਤੀਆਂ ਹਨ ਤੇ ਹੁਣ ਜੋ ਹਾਲਾਤ ਬਣ ਰਹੇ ਹਨ, ਉਸ ਤੋਂ ਜਾਪ ਰਿਹਾ ਹੈ ਕਿ 2022 ਵਿਚ ਅਕਾਲੀ ਸਰਕਾਰ ਬਣਨ ’ਤੇ ਅਕਾਲੀ ਦਲ ਨੂੰ ਇਹ ਸਿਫਾਰਸ਼ਾਂ ਲਾਗੂ ਕਰਨੀਆਂ ਪੈਣਗੀਆਂ।
ਉਹਨਾਂ ਹੋਰ ਦੱਸਿਆ ਕਿ ਮੁਲਾਜ਼ਮ ਫਰੰਟ ਦਾ ਜ਼ਿਲ੍ਹਾ ਪੱਧਰੀ ਢਾਂਚਾ ਜੁਲਾਈ 2021 ਦੇ ਅੰਤ ਤੱਕ ਐਲਾਨ ਦਿੱਤਾ ਜਾਵੇਗਾ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਜੇਕਰ ਲੋਕਾਂ ਖਾਸ ਤੌਰ ’ਤੇ ਮੁਲਾਜ਼ਮਾਂ ਦੀਆਂ ਮੰਗਾਂ ਸੁਣਨ ਤੇ ਪ੍ਰਵਾਨ ਕਰਨ ਵਿਚ ਨਾਕਾਮ ਰਹੀ ਤਾਂ ਫਿਰ ਅਕਾਲੀ ਦਲ ਆਪਣਾ ਸੰਘਰਸ਼ ਹੋਰ ਤੇਜ਼ ਕਰੇਗਾ। ਉਹਨਾਂ ਨੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਉਹ ਮੁਲਾਜ਼ਮ ਪੱਖੀ ਸਰਕਾਰ ਦਾ ਸਾਥ ਦੇਣ ਅਤੇ ਵਾਆ ਕੀਤਾ ਕਿ ਅਕਾਲੀ ਦਲ ਦੀ ਸਰਕਾਰ ਬਣਨ ਉਪਰੰਤ ਮੁਲਜ਼ਮ ਭਲਾਈ ਬੋਰਡ ਵਿਚ ਮੁਲਾਜ਼ਮ ਆਗੂਆਂ ਨੁੰ ਢੁਕਵੀਂ ਪ੍ਰਤੀਧਿਤਾ ਦਿੱਤੀ ਜਾਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਐਮ ਪੀ ਬਲਵਿੰਦਰ ਸਿੰਘ ਭੂੰਦੜ, ਸਿਕੰਦਰ ਸਿੰਘ ਮਲੂਕਾ, ਡਾ. ਦਲਜੀਤ ਸਿੰਘ ਚੀਮਾ, ਚਰਨਜੀਤ ਸਿੰਘ ਬਰਾੜ ਤੇ ਮੁਲਾਜ਼ਮ ਫਰੰਟ ਦੇ ਆਗੂ ਬਾਜ਼ ਸਿੰਘ ਖਹਿਰਾ ਪ੍ਰਧਾਨ, ਮਨਜੀਤ ਸਿੰਘ ਚਾਹਲ ਸਕੱਤਰ ਜਨਰਲ, ਹਰਮੇਸ਼ ਧੀਮਾਨ ਸਕੱਤਰ ਜਨਰਲ, ਗੁਰਜੰਟ ਸਿੰਘ ਵਾਲੀਆ, ਸੁਖਵਿੰਦਰ ਸਿੰਘ ਚਾਹਲ, ਬਲਵਿੰਦਰ ਸਿੰਘ ਬਾਜਵਾ, ਨਵ ਵਰਿੰਦਰ ਸਿੰਘ ਨਵੀ, ਬਲਵਿੰਦਰ ਸਿੰਘ ਭੱਠੇ ਭੈਣੀ, ਹਰਜੰਟ ਸਿੰਘ ਬੋਡੇ, ਕੁਲਵੰਤ ਸਿੰਘ ਨਾਭਾ, ਬੁਲਦੇਵ ਸਿੰਘ ਬਸਰਾ, ਜਗਜੀਤ ਸਿੰਘ ਮੱਟੀ ਤੇ ਅਮਰੀਕ ਸਿੰਘ ਚਾਹਲ ਵੀ ਹਾਜ਼ਰ ਸਨ।