Close

Recent Posts

CORONA ਪੰਜਾਬ ਮੁੱਖ ਖ਼ਬਰ ਰਾਜਨੀਤੀ

ਪੰਜਾਬ ਦੇ ਲੋਕਾਂ ਵਿਚ ਜਾਤੀ ਆਧਾਰ ‘ਤੇ ਵਖਰੇਵੇਂ ਪਾਉਣ ਸਬੰਧੀ ਭਾਜਪਾ ਦੇ ਸੌੜੇ ਏਜੰਡੇ ਨੂੰ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ: ਕੈਪਟਨ ਅਮਰਿੰਦਰ ਸਿੰਘ

ਪੰਜਾਬ ਦੇ ਲੋਕਾਂ ਵਿਚ ਜਾਤੀ ਆਧਾਰ ‘ਤੇ ਵਖਰੇਵੇਂ ਪਾਉਣ ਸਬੰਧੀ ਭਾਜਪਾ ਦੇ ਸੌੜੇ ਏਜੰਡੇ ਨੂੰ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ: ਕੈਪਟਨ ਅਮਰਿੰਦਰ ਸਿੰਘ
  • PublishedOctober 23, 2020

ਕਿਹਾ, ਭਾਜਪਾ ਕਿਸਾਨਾਂ ਅਤੇ ਅਨੁਸੂਚਿਤ ਜਾਤੀਆਂ ਦੇ ਅਧਿਕਾਰਾਂ ਦੀ ਰਾਖੀ ਕਰਨ ਵਿਚ ਆਪਣੀ ਨਾਕਾਮੀ ਲੁਕਾਉਣ ਵਿਚ ਲੱਗੀ

ਚੰਡੀਗੜ੍ਹ, 23 ਅਕਤੂਬਰ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਭਾਰਤੀ ਜਨਤਾ ਪਾਰਟੀ (ਭਾਜਪਾ) ‘ਤੇ ਆਪਣੇ ਰਾਜਨੀਤਿਕ ਹਿੱਤਾਂ ਦੀ ਪੂਰਤੀ ਲਈ ਜਾਤੀ ਆਧਾਰ ‘ਤੇ ਸਮਾਜ ਵਿਚ ਵਖਰੇਵੇਂ ਪਾਉਣ ਦੀ ਕੋਸ਼ਿਸ਼ ਕਰਨ ਦਾ ਦੋਸ ਲਗਾਉਂਦਿਆਂ ਕਿਹਾ ਕਿ ਉਹ ਭਾਜਪਾ ਨੂੰ ਇਹ ਸੌੜਾ ਏਜੰਡਾ ਸੂਬੇ ‘ਤੇ ਥੋਪਣ ਨਹੀਂ ਦੇਣਗੇ।
ਭਾਜਪਾ ਵੱਲੋਂ ਕੱਲ੍ਹ ਬਿਨਾਂ ਇਜਾਜਤ ਲਏ ਅਖੌਤੀ ‘ਦਲਿਤ ਇਨਸਾਫ ਯਾਤਰਾ’ ਕੱਢਣ ਦੀ ਵਿਅਰਥ ਕੋਸ਼ਿਸ਼ ਵੱਲ ਇਸ਼ਾਰਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ, ”ਮੈਂ ਉਨ੍ਹਾਂ ਨੂੰ ਕਿਸੇ ਵੀ ਕੀਮਤ ‘ਤੇ ਪੰਜਾਬ ਦੇ ਸਾਂਤਮਈ ਮਾਹੌਲ ਨੂੰ ਵਿਗਾੜਨ ਨਹੀਂ ਦੇਵਾਂਗਾ।” ਉਨ੍ਹਾਂ ਕਿਹਾ ਕਿ ਇਹ ਵੰਡੀਆਂ ਪਾਉਣ ਵਾਲੀਆਂ ਚਾਲਾਂ ਪੰਜਾਬ ਵਿਚ ਕਦੇ ਵੀ ਸਫਲ ਨਹੀਂ ਹੋਣਗੀਆਂ, ਜਿਸ ਦੇ ਲੋਕ ਆਪਣੀ ਸਮੂਹਿਕ ਵਿਕਾਸ ਲਈ ਖੁਸ਼ੀ ਨਾਲ ਇਕੱਠੇ ਰਹਿ ਰਹੇ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਜਪਾ ਨੂੰ ਦਲਿਤ ਅਧਿਕਾਰਾਂ ਬਾਰੇ ਗੱਲ ਕਰਨ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ, ਜਿਸ ਨੂੰ ਭਾਜਪਾ ਆਪਣੀ ਸੱਤਾ ਦੌਰਾਨ ਬੇਰਹਿਮੀ ਨਾਲ ਦਰੜਦੀ ਰਹੀ ਹੈ। ਉਨ੍ਹਾਂ ਹੈਰਾਨ ਕਰਨ ਵਾਲੇ ਅੰਕੜਿਆਂ ਵੱਲ ਇਸ਼ਾਰਾ ਕੀਤਾ ਜੋ ਦਰਸਾਉਂਦੇ ਹਨ ਕਿ ਭਾਜਪਾ ਦੀ ਸੱਤਾ ਦੌਰਾਨ ਉੱਤਰ ਪ੍ਰਦੇਸ ਵਿਚ ਅਨੁਸੂਚਿਤ ਜਾਤੀ ਦੇ ਲੋਕਾਂ ਉੱਤੇ ਹੋਏ ਅੱਤਿਆਚਾਰ ਦੇਸ ਵਿਚ ਹੋਏ ਅੱਤਿਆਚਾਰਾਂ ਦਾ 25 ਫੀਸਦ ਤੋਂ ਵੱਧ ਹਿੱਸਾ ਹਨ ਅਤੇ ਸਾਲ 2018 ਵਿੱਚ ਅਜਿਹੀਆਂ ਸਭ ਤੋਂ ਵੱਧ ਘਟਨਾਵਾਂ ਦਰਜ ਹੋਈਆਂ ਹਨ। ਉਨ੍ਹਾਂ ਭਾਜਪਾ ਨੂੰ ਪੁੱਛਿਆ, ”ਕੀ ਇਹ ਤੁਹਾਡੀ ਦਲਿਤਾਂ ਲਈ ਨਿਆਂ ਦੀ ਪਰਿਭਾਸ਼ਾ ਹੈ? ਕੀ ਤੁਸੀਂ ਇਹੋ ਪੰਜਾਬ ਦੀਆਂ ਅਨੁਸੂਚਿਤ ਜਾਤੀਆਂ ਨੂੰ ਦੇਣਾ ਚਾਹੁੰਦੇ ਹੋ?”

ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਮਾਰੂ, ਕਿਸਾਨੀ ਵਿਰੋਧੀ ਅਤੇ ਗੈਰ ਸੰਵਿਧਾਨਕ ਖੇਤੀ ਕਾਨੂੰਨਾਂ ਦੇ ਸਬੰਧ ਵਿਚ ਪੂਰੀ ਤਰ੍ਹਾਂ ਫਸ ਗਈ ਹੈ ਅਤੇ ਲੋਕਾਂ ਦਾ ਧਿਆਨ ਭਟਕਾਉਣ ਦੇ ਇਕੋ-ਇਕ ਉਦੇਸ਼ ਨਾਲ ਨਾਟਕ ਅਤੇ ਗਲਤ ਪ੍ਰਚਾਰਾਂ ਵਿਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਤੱਥ ਇਹ ਹੈ ਕਿ ਪਾਰਟੀ ਨੇ ਕਿਸਾਨਾਂ ਅਤੇ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਨੂੰ ਪੂਰੀ ਤਰ੍ਹਾਂ ਅਣਗੌਲਿਆ ਕੀਤਾ ਹੈ ਜਿਨ੍ਹਾਂ ਨੂੰ ਭਾਜਪਾ ਦੀ ਕੇਂਦਰ ਸਰਕਾਰ ਨੇ ਜਾਣਬੁਝ ਕੇ ਕੇਂਦਰੀ ਪੋਸਟ-ਮੈਟ੍ਰਿਕ ਸਕਾਲਰਸਪਿ ਸਕੀਮ ਤੋਂ ਹੱਥ ਝਾੜ ਕੇ ਉੱਚ ਸਿੱਖਿਆ ਤੱਕ ਪਹੁੰਚ ਤੋਂ ਵਾਂਝਾ ਕਰ ਦਿੱਤਾ ਸੀ।

ਕੈਪਟਨ ਅਮਰਿੰਦਰ ਨੇ ਕਿਹਾ ਕਿ ਭਾਜਪਾ ਨੇ ਸੂਬਾ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਲਈ ਸੂਬੇ ਦੀ ਸਕਾਲਰਸ਼ਿਪ ਸਕੀਮ ਦੀ ਸਫ਼ਲਤਾਪੂਰਵਕ ਸ਼ੁਰੂਆਤ ਤੋਂ ਘਬਰਾ ਕੇ ਇਹ ਰੈਲੀ ਕੀਤੀ। ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਦਲਿਤ ਵਿਰੋਧੀ ਫੈਸਲੇ ਕਾਰਨ 800 ਕਰੋੜ ਰੁਪਏ ਦਾ ਘਾਟਾ ਝੱਲਣ ਦੇ ਬਾਵਜੂਦ, ਆਰਥਿਕ ਮੰਦੀ ਵਾਲੀ ਪੰਜਾਬ ਸਰਕਾਰ ਨੇ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਲਈ ਇੱਕ ਨਵੀਂ ਸਕੀਮ ਡਾ. ਬੀ.ਆਰ. ਅੰਬੇਦਕਰ ਐਸ ਸੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸ਼ੁਰੂ ਕੀਤੀ, ਜਿਸ ਦਾ ਉਦੇਸ਼ ਨਾ ਸਿਰਫ਼ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਨੂੰ ਲਾਭ ਦੇਣਾ ਹੈ, ਸਗੋਂ ਹੋਰ ਨੌਜਵਾਨਾਂ ਤੱਕ ਇਸ ਦਾ ਲਾਭ ਪਹੁੰਚਾਉਣਾ ਹੈ, ਜੋ ਭਾਜਪਾ ਸਰਕਾਰ ਹਜ਼ਮ ਨਾ ਕਰ ਸਕੀ।

ਕੈਪਟਨ ਅਮਰਿੰਦਰ ਨੇ ਕਿਹਾ ਕਿ ਲੋਕ-ਵਿਰੋਧੀ ਗਤੀਵਿਧੀਆਂ ਵਰਗੇ ਘਿਨਾਉਣੇ ਕਾਰਜਾਂ ਲਈ ਮਾਫ਼ੀ ਮੰਗਣ ਦੀ ਬਜਾਏ ਹੁਣ ਭਾਜਪਾ ‘ਵੰਡੋ ਅਤੇ ਰਾਜ ਕਰੋ’ ਵਰਗੀਆਂ ਘਟੀਆਂ ਚਾਲਾਂ ਦਾ ਸਹਾਰਾ ਲੈ ਰਹੀ ਹੈ ਜੋ ਅੰਗਰੇਜ਼ਾਂ ਨੇ ਲਗਭਗ ਇੱਕ ਸਦੀ ਤੱਕ ਭਾਰਤ ਦੇ ਲੋਕਾਂ ਨੂੰ ਗੁਲਾਮ ਬਣਾਉਣ ਲਈ ਵਰਤੀਆਂ ਸਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਅੱਜ ਦਾ ਭਾਰਤ 19ਵੀਂ ਸਦੀ ਦਾ ਭਾਰਤ ਨਹੀਂ ਹੈ ਅਤੇ ਭਾਜਪਾ ਕਦੇ ਵੀ ਇਸ ਵੰਡ ਵਾਲੀ ਰਾਜਨੀਤੀ ਵਿੱਚ ਸਫ਼ਲ ਨਹੀਂ ਹੋਵੇਗੀ।

ਮੁੱਖ ਮੰਤਰੀ ਨੇ ਕਿਹਾ, ”ਅਸੀਂ ਪੰਜਾਬੀ ਆਪਣਾ ਸਭ ਕੁੱਝ ਕੁਰਬਾਨ ਕਰ ਸਕਦੇ ਹਾਂ ਜਿਵੇਂ ਕਿ ਅਸੀਂ ਆਪਣੀ ਏਕਤਾ ਅਤੇ ਅਖੰਡਤਾ ਦੀ ਰਾਖੀ ਲਈ ਆਜ਼ਾਦੀ ਸੰਗਰਾਮ ਦੌਰਾਨ ਕੀਤਾ ਸੀ ਜੋ ਕਿ ਭਾਰਤੀ ਸੰਵਿਧਾਨ ਦੇ ਸਿਧਾਂਤਾਂ ਦੀ ਪ੍ਰਮੁੱਖ ਵਿਸ਼ੇਸ਼ਤਾ ਹੈ।” ਮੁੱਖ ਮੰਤਰੀ ਨੇ ਭਾਜਪਾ ਨੂੰ ਇਸ ਦੇ ਮਾਰੂ ਅਤੇ ਘਟੀਆ ਏਜੰਡੇ ਨੂੰ ਜਾਰੀ ਰੱਖਣ ਵਿਰੁੱਧ ਚਿਤਾਵਨੀ ਦਿੱਤੀ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬੀ ਭਾਜਪਾ ਦੀਆਂ ਚਾਲਾਂ ਵਿੱਚ ਨਹੀਂ ਆਉਣਗੇ। ਇਸ ਸਮੇਂ ਸੂਬੇ ਦੀ ਵਿਧਾਨ ਸਭਾ ਵਿਚ ਭਾਜਪਾ ਦੇ ਸਿਰਫ਼ 2 ਵਿਧਾਇਕ ਹਨ ਪਰ ਸੂਬੇ ਵਿਚ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਭਾਜਪਾ ਵੱਲੋਂ ਘਟੀਆ ਹੱਥਕੰਢੇ ਅਪਣਾਏ ਜਾ ਰਹੇ ਹਨ।

Written By
The Punjab Wire