Close

Recent Posts

ਪੰਜਾਬ ਮੁੱਖ ਖ਼ਬਰ ਰਾਜਨੀਤੀ

ਪੰਜਾਬ ਕੋਲੋਂ ਚੰਡੀਗੜ੍ਹ ਖੋਹਣ ਲਈ ਕੇਂਦਰ ਸਰਕਾਰ ਦੇ ਨਾਪਾਕ ਮਨਸੂਬੇ ਸਫਲ ਨਹੀਂ ਹੋਣ ਦੇਵਾਂਗੇ-ਮੁੱਖ ਮੰਤਰੀ

ਪੰਜਾਬ ਕੋਲੋਂ ਚੰਡੀਗੜ੍ਹ ਖੋਹਣ ਲਈ ਕੇਂਦਰ ਸਰਕਾਰ ਦੇ ਨਾਪਾਕ ਮਨਸੂਬੇ ਸਫਲ ਨਹੀਂ ਹੋਣ ਦੇਵਾਂਗੇ-ਮੁੱਖ ਮੰਤਰੀ
  • PublishedNovember 22, 2025

ਪੰਜਾਬ ਦੇ ਵਿਰੁੱਧ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਦੇ ਘਿਨਾਉਣੇ ਕਦਮ ਦੀ ਜ਼ੋਰਦਾਰ ਮੁਖਾਲਫ਼ਤ ਕਰਾਂਗੇ

ਚੰਡੀਗੜ੍ਹ, 22 ਨਵੰਬਰ 2025 (ਦੀ ਪੰਜਾਬ ਵਾਇਰ)। ਪੰਜਾਬ ਵਿਰੁੱਧ ਕੇਂਦਰ ਸਰਕਾਰ ਦੇ ਇਕ ਹੋਰ ਘਿਨਾਉਣੇ ਕਦਮ ਦੀ ਜ਼ੋਰਦਾਰ ਮੁਖਾਲਫ਼ਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਪੰਜਾਬ ਸਰਕਾਰ ਸੂਬੇ ਕੋਲੋਂ ਉਸ ਦੀ ਰਾਜਧਾਨੀ ਚੰਡੀਗੜ੍ਹ ਨੂੰ ਖੋਹਣ ਲਈ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਦੇ ਨਾਪਾਕ ਮਨਸੂਬੇ ਸਫਲ ਨਹੀਂ ਹੋਣ ਦੇਵੇਗੀ।

ਅੱਜ ਇੱਥੇ ਇਕ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਚੰਡੀਗੜ੍ਹ, ਪੰਜਾਬ ਦਾ ਅਨਿੱਖੜਵਾਂ ਅੰਗ ਸੀ, ਹੈ ਅਤੇ ਰਹੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਅਗਾਮੀ ਸੰਸਦੀ ਸੈਸ਼ਨ ਵਿੱਚ ਸੰਵਿਧਾਨ ਦੀ ਧਾਰਾ-240 ਦੇ ਤਹਿਤ ਪੰਜਾਬ ਦੀ ਰਾਜਧਾਨੀ ਨੂੰ ਵੀ ਬਾਕੀ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨਾਲ ਜੋੜਣ ਲਈ ਸੋਧ ਕਰਨ ਦੇ ਲਿਆਂਦੇ ਜਾ ਰਹੇ ਪ੍ਰਸਤਾਵ ਦੀ ਹਰਗਿਜ਼ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਾਵੇਂ ਹਰੇਕ ਸੂਬੇ ਦਾ ਆਪਣੀ ਰਾਜਧਾਨੀ ਉਤੇ ਪੂਰਾ ਹੱਕ ਹੁੰਦਾ ਹੈ ਪਰ ਪੰਜਾਬ ਨੂੰ ਉਸ ਦੀ ਰਾਜਧਾਨੀ ਸੌਂਪਣ ਤੋਂ ਆਨਾਕਾਨੀ ਕਰਕੇ ਸੂਬੇ ਨਾਲ ਵੱਡੀ ਬੇਇਨਸਾਫੀ ਕੀਤੀ ਜਾ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਸੱਚ ਹੈ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਸ਼ਰੇਆਮ ਧੱਕੇਸ਼ਾਹੀ ਉਤੇ ਉੱਤਰੀ ਹੋਈ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਸੂਬੇ ਨੂੰ ਉਸ ਦੀ ਰਾਜਧਾਨੀ ਤੋਂ ਵਿਰਵਾ ਨਹੀਂ ਕੀਤਾ ਜਾਂਦਾ ਜਦਕਿ ਪੰਜਾਬ ਨੂੰ ਉਸ ਦੀ ਰਾਜਧਾਨੀ ਤੋਂ ਸੱਖਣਾ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਤੱਥ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ ਕਿ ਪੰਜਾਬ ਤੋਂ ਉਸ ਦਾ ਹੱਕ ਖੋਹਿਆ ਜਾ ਰਿਹਾ ਹੈ। ਭਗਵੰਤ ਸਿੰਘ ਮਾਨ ਨੇ ਦੁੱਖ ਨਾਲ ਕਿਹਾ ਕਿ ਪਿਛਲੇ ਸਮੇਂ ਦੀਆਂ ਸਰਕਾਰਾਂ ਨੇ ਵੀ ਚੰਡੀਗੜ੍ਹ, ਪੰਜਾਬ ਨੂੰ ਨਾ ਦੇ ਕੇ ਧੱਕੇਸ਼ਾਹੀ ਕੀਤੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਕਿਤੇ ਵੀ ਹੋਰ ਅਜਿਹੀ ਮਿਸਾਲ ਨਹੀਂ ਮਿਲਦੀ ਜਿੱਥੇ ਭਾਸ਼ਾ ਦੇ ਆਧਾਰ ਉਤੇ ਸੂਬੇ ਦਾ ਗਠਨ ਕਰਨ ਤੋਂ ਬਾਅਦ ਉਸ ਨੂੰ ਰਾਜਧਾਨੀ ਤੋਂ ਵਾਂਝਾ ਕਰ ਦਿੱਤਾ ਗਿਆ ਹੋਵੇ। ਉਨ੍ਹਾਂ ਕਿਹਾ ਕਿ ਪੰਜਾਬ ਲੰਮੇ ਸਮੇਂ ਤੋਂ ਕੇਂਦਰ ਦੀਆਂ ਧੱਕੇਸ਼ਾਹੀਆਂ ਦਾ ਸ਼ਿਕਾਰ ਰਿਹਾ ਹੈ ਅਤੇ ਹੁਣ ਮੋਦੀ ਸਰਕਾਰ ਅਜਿਹੇ ਆਪਹੁਦਰੇ ਫੈਸਲੇ ਲੈ ਕੇ ਪੰਜਾਬੀਆਂ ਦੇ ਜ਼ਖਮਾਂ ‘ਤੇ ਲੂਣ ਛਿੜਕ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਰਬ ਪ੍ਰਵਾਨਿਤ ਕਾਨੂੰਨ ਤਹਿਤ ਚੰਡੀਗੜ੍ਹ, ਪੰਜਾਬ ਦਾ ਅਟੁੱਟ ਹਿੱਸਾ ਹੈ ਅਤੇ ਸੂਬੇ ਨੂੰ ਵਾਪਸ ਕੀਤਾ ਜਾਣਾ ਚਾਹੀਦਾ ਹੈ।

Written By
The Punjab Wire