ਜੁਆਇੰਟ ਡਾਇਰੈਕਟਰ ਪ੍ਰੀਤ ਕੰਵਲ ਸਿੰਘ ਦੇ ਮਾਤਾ ਸਵਰਨਜੀਤ ਕੌਰ ਨੂੰ ਭਾਵ-ਭਿੰਨੀਆਂ ਸ਼ਰਧਾਂਜਲੀਆਂ ਭੇਂਟ
ਚੰਡੀਗੜ੍ਹ, 5 ਅਕਤੂਬਰ 2025 (ਦੀ ਪੰਜਾਬ ਵਾਇਰ)– ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਜੁਆਇੰਟ ਡਾਇਰੈਕਟਰ ਪ੍ਰੀਤ ਕੰਵਲ ਸਿੰਘ ਦੀ ਮਾਤਾ ਸਵਰਨਜੀਤ ਕੌਰ ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਦੀ ਆਤਮਿਕ ਸ਼ਾਂਤੀ ਲਈ ਅੱਜ ਸੈਕਟਰ 46 ਦੇ ਗੁਰਦੁਆਰਾ ਸਿੰਘ ਸਭਾ ਵਿਖੇ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਹੋਇਆ। ਇਸ ਮੌਕੇ ਸਮਾਜ ਦੇ ਵੱਖ ਵੱਖ ਵਰਗਾਂ ਵਲੋਂ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ ਗਈ।
ਰਾਗੀ ਸਿੰਘਾਂ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ ਅਤੇ ਗੁਰਮਿਤ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਸ਼ਰਧਾਂਜਲੀ ਸਮਾਗਮ ਦੌਰਾਨ ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਨਵਦੀਪ ਸਿੰਘ ਗਿੱਲ ਨੇ ਮਾਤਾ ਜੀ ਦੇ ਜੀਵਨ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਪੜ੍ਹੇ ਲਿਖੇ ਤੇ ਸੁੱਘੜ ਸਿਆਣੇ ਮਾਤਾ ਜੀ ਨੇ ਆਪਣੇ ਪਤੀ ਬਹਾਦਰ ਸਿੰਘ ਨਾਲ ਮਿਲ ਕੇ ਧੀਆਂ–ਪੁੱਤਰਾਂ ਨੂੰ ਚੰਗੀ ਸਿੱਖਿਆ ਦੇ ਕੇ ਉੱਚ ਵਿਦਿਆ ਹਾਸਲ ਕਰਵਾਈ ਜਿਨ੍ਹਾਂ ਨੇ ਸਮਾਜ ਵਿੱਚ ਚੰਗਾ ਰੁਤਬਾ ਹਾਸਲ ਕੀਤਾ।
ਸੀਨੀਅਰ ਪੱਤਰਕਾਰ ਹਮੀਰ ਸਿੰਘ ਨੇ ਪਰਿਵਾਰ ਵੱਲੋਂ ਸਮੁੱਚੀ ਸੰਗਤ ਦਾ ਧੰਨਵਾਦ ਕਰਦਿਆਂ ਮਾਂ ਦੇ ਰਿਸ਼ਤੇ ਨੂੰ ਸਭ ਤੋਂ ਪਵਿੱਤਰ ਤੇ ਅਹਿਮ ਦੱਸਦਿਆਂ ਕਿਹਾ ਕਿ ਮਾਂ ਦਾ ਵਿਛੋੜਾ ਅਸਹਿ ਤੇ ਅਕਹਿ ਹੁੰਦਾ ਹੈ ਜਿਸ ਰਿਸ਼ਤੇ ਦਾ ਕੋਈ ਬਦਲ ਨਹੀਂ ਹੁੰਦਾ।
ਪਰਿਵਾਰਕ ਮੈਂਬਰਾਂ ਵਿੱਚ ਸਵਰਨਜੀਤ ਕੌਰ ਦੇ ਪਤੀ ਬਹਾਦਰ ਸਿੰਘ, ਜਵਾਈ ਜਸਟਿਸ ਪੀਐਸ ਤੇਜੀ, ਪੁੱਤਰ ਅਮਨਦੀਪ ਸਿੰਘ ਤੇ ਪ੍ਰੀਤ ਕੰਵਲ ਸਿੰਘ ਅਤੇ ਪੁੱਤਰੀ ਐਡਵੋਕੇਟ ਗਗਨ ਮੋਹਨੀ ਹਾਜ਼ਰ ਸਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਵਿਧਾਇਕ ਜਸਟਿਸ ਨਿਰਮਲ ਸਿੰਘ, ਸਾਬਕਾ ਲੋਕ ਸਭਾ ਮੈਂਬਰ ਪਰਮਜੀਤ ਕੌਰ ਗੁਲਸ਼ਨ, ਚੰਡੀਗੜ੍ਹ ਦੇ ਗ੍ਰਹਿ ਸਕੱਤਰ ਮਨਦੀਪ ਸਿੰਘ ਬਰਾੜ, ਆਈ.ਏ.ਐਸ. ਅਧਿਕਾਰੀ ਡੀ.ਐਸ. ਮਾਂਗਟ ਤੇ ਸੁਖਜੀਤ ਪਾਲ ਸਿੰਘ, ਜਸਟਿਸ ਐਸ.ਐਸ. ਸਾਰੋ, ਜੰਮੂ ਕਸ਼ਮੀਰ ਦੇ ਸਾਬਕਾ ਡੀਜੀਪੀ ਦਿਲਬਾਗ ਸਿੰਘ, ਹਿਮਾਚਲ ਹਾਈ ਕੋਰਟ ਦੇ ਸਾਬਕਾ ਚੀਫ਼ ਜਸਟਿਸ ਸ਼ਬੀਨਾ, ਚੀਫ਼ ਜੁਡੀਸ਼ਲ ਮੈਜਿਸਟ੍ਰੇਟ ਹਰਪ੍ਰੀਤ ਸਿੰਘ ਭੱਟੀ, ਡਿਪਟੀ ਐਡਵੋਕੇਟ ਜਨਰਲ ਧਰਮਿੰਦਰ ਸਿੰਘ, ਚੜ੍ਹਦੀ ਕਲਾ ਦੇ ਮੁੱਖ ਸੰਪਾਦਕ ਪਦਮ ਸ੍ਰੀ ਜਗਜੀਤ ਸਿੰਘ ਦਰਦੀ, ਲੋਕ ਸੰਪਰਕ ਵਿਭਾਗ ਦੇ ਸਾਬਕਾ ਉੱਚ ਅਧਿਕਾਰੀ ਡਾ ਮੇਘਾ ਸਿੰਘ, ਡਾ ਅਜੀਤ ਕੰਵਲ ਸਿੰਘ, ਓਮਾ ਸ਼ਰਮਾ ਤੇ ਹੇਮ ਰਾਜ ਕਾਲੀਆ, ਵਿਭਾਗ ਦੇ ਮੌਜੂਦਾ ਐਡੀਸ਼ਨਲ ਡਾਇਰੈਕਟਰ ਰਣਦੀਪ ਸਿੰਘ ਆਹਲੂਵਾਲੀਆ, ਜੁਆਇੰਟ ਡਾਇਰੈਕਟਰ ਇਸ਼ਵਿੰਦਰ ਸਿੰਘ ਗਰੇਵਾਲ, ਡਿਪਟੀ ਡਾਇਰੈਕਟਰ ਗੁਰਮੀਤ ਸਿੰਘ ਖਹਿਰਾ ਤੇ ਪ੍ਰਭਦੀਪ ਸਿੰਘ ਸਮੇਤ ਰਾਜਸੀ, ਪ੍ਰਸ਼ਾਸਨਿਕ, ਜੁਡੀਸ਼ਰੀ, ਲੋਕ ਸੰਪਰਕ ਵਿਭਾਗ ਅਤੇ ਮੀਡੀਆ ਜਗਤ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।