Close

Recent Posts

ਗੁਰਦਾਸਪੁਰ ਪੰਜਾਬ ਰਾਜਨੀਤੀ

ਰਮਨ ਬਹਿਲ ਨੇ ਲੋੜਵੰਦ ਪਰਿਵਾਰਾਂ ਦੀ ਲਈ ਸਾਰ, ਦੀਵਾਲੀ ਤੋਂ ਪਹਿਲਾਂ 174 ਪਰਿਵਾਰਾਂ ਨੂੰ ਦਿੱਤਾ 60.90 ਲੱਖ ਰੁਪਏ ਦਾ ਤੋਹਫ਼ਾ

ਰਮਨ ਬਹਿਲ ਨੇ ਲੋੜਵੰਦ ਪਰਿਵਾਰਾਂ ਦੀ ਲਈ ਸਾਰ, ਦੀਵਾਲੀ ਤੋਂ ਪਹਿਲਾਂ 174 ਪਰਿਵਾਰਾਂ ਨੂੰ ਦਿੱਤਾ 60.90 ਲੱਖ ਰੁਪਏ ਦਾ ਤੋਹਫ਼ਾ
  • PublishedOctober 23, 2026

ਪੰਜਾਬ ਨਿਰਮਾਣ ਸਕੀਮ ਤਹਿਤ ਮਕਾਨਾਂ ਦੀ ਮੁਰੰਮਤ ਲਈ ਪ੍ਰਤੀ ਪਰਿਵਾਰ 35 ਹਜ਼ਾਰ ਰੁਪਏ ਦੀ ਸਹਾਇਤਾ

ਕਾਂਗਰਸ ਵੱਲੋਂ ਸੱਤਾ ਵਿੱਚ ਆਉਣ ’ਤੇ ਅਜਿਹੀਆਂ ਸਹੂਲਤਾਂ ਬੰਦ ਕਰਨ ਦੇ ਬਿਆਨ ’ਤੇ ਰਮਨ ਬਹਿਲ ਨੇ ਚੁੱਕੇ ਸਵਾਲ

ਗੁਰਦਾਸਪੁਰ, 23 ਅਕਤੂਬਰ 2026 (ਮੰਨਨ ਸੈਣੀ)। ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਹਲਕਾ ਗੁਰਦਾਸਪੁਰ ਦੇ ਲੋੜਵੰਦ ਪਰਿਵਾਰਾਂ ਨੂੰ ਰਾਹਤ ਦਿੰਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਮਨ ਬਹਿਲ ਨੇ 174 ਪਰਿਵਾਰਾਂ ਨੂੰ ਮਕਾਨਾਂ ਦੀ ਮੁਰੰਮਤ ਲਈ ਕੁੱਲ 60.90 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇ ਚੈੱਕ ਸੌਂਪੇ। ਪੰਜਾਬ ਨਿਰਮਾਣ ਸਕੀਮ ਤਹਿਤ ਹਲਕੇ ਦੇ ਲਗਭਗ 38 ਪਿੰਡਾਂ ਦੇ ਲਾਭਪਾਤਰੀਆਂ ਨੂੰ ਪ੍ਰਤੀ ਪਰਿਵਾਰ 35 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਗਈ। ਇਸ ਪਹਿਲਕਦਮੀ ਨਾਲ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਨੂੰ ਆਪਣੇ ਖਸਤਾ ਹਾਲਤ ਮਕਾਨਾਂ ਦੀ ਮੁਰੰਮਤ ਕਰਵਾਉਣ ਵਿੱਚ ਮਦਦ ਮਿਲੇਗੀ।

ਚੈੱਕ ਵੰਡ ਸਮਾਗਮ ਦੌਰਾਨ ਰਮਨ ਬਹਿਲ ਨੇ ਕਿਹਾ ਕਿ ਲੋੜਵੰਦ ਪਰਿਵਾਰਾਂ ਦੀ ਮਦਦ ਕਰਨਾ ਸਿਰਫ਼ ਸਰਕਾਰੀ ਜ਼ਿੰਮੇਵਾਰੀ ਹੀ ਨਹੀਂ, ਸਗੋਂ ਸਮਾਜ ਪ੍ਰਤੀ ਫ਼ਰਜ਼ ਵੀ ਹੈ। ਦੀਵਾਲੀ ਤੋਂ ਪਹਿਲਾਂ ਪਰਿਵਾਰਾਂ ਨੂੰ ਇਹ ਸਹਾਇਤਾ ਮਿਲਣ ਨਾਲ ਉਨ੍ਹਾਂ ਨੂੰ ਆਪਣੇ ਘਰਾਂ ਦੀ ਮੁਰੰਮਤ ਕਰਵਾਉਣ ਅਤੇ ਬਿਹਤਰ ਹਾਲਾਤ ਵਿੱਚ ਰਹਿਣ ਦਾ ਮੌਕਾ ਮਿਲੇਗਾ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਦੀ ਭਲਾਈ ਅਤੇ ਉਨ੍ਹਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਲਈ ਯਤਨ ਕਰ ਰਹੀ ਹੈ। ਸਰਕਾਰ ਦੀ ਕੋਸ਼ਿਸ਼ ਹੈ ਕਿ ਕੋਈ ਵੀ ਲੋੜਵੰਦ ਪਰਿਵਾਰ ਸਿਰ ’ਤੇ ਸੁਰੱਖਿਅਤ ਛੱਤ ਵਰਗੀ ਮੁੱਢਲੀ ਸਹੂਲਤ ਤੋਂ ਵਾਂਝਾ ਨਾ ਰਹੇ।

ਗਰੀਬਾਂ ਨੂੰ ਮਿਲਣ ਵਾਲੀ ਸਹਾਇਤਾ ਬੰਦ ਕਰਨ ਦੀ ਗੱਲ ਕਿਉਂ?

ਰਮਨ ਬਹਿਲ ਨੇ ਕਾਂਗਰਸ ਦੇ ਇੱਕ ਆਗੂ ਵੱਲੋਂ ਸੱਤਾ ਵਿੱਚ ਆਉਣ ’ਤੇ ਅਜਿਹੀਆਂ ਸਹੂਲਤਾਂ ਬੰਦ ਕਰਨ ਸਬੰਧੀ ਦਿੱਤੇ ਗਏ ਬਿਆਨ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਲੋੜਵੰਦ ਅਤੇ ਗਰੀਬ ਪਰਿਵਾਰਾਂ ਨੂੰ ਮਿਲਣ ਵਾਲੀ ਵਿੱਤੀ ਸਹਾਇਤਾ ਨੂੰ ਸਿਆਸੀ ਨਜ਼ਰੀਏ ਨਾਲ ਨਹੀਂ, ਸਗੋਂ ਉਨ੍ਹਾਂ ਦੀਆਂ ਲੋੜਾਂ ਅਤੇ ਹੱਕਾਂ ਦੇ ਨਜ਼ਰੀਏ ਨਾਲ ਦੇਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗਰੀਬ ਪਰਿਵਾਰਾਂ ਨੂੰ ਰਾਹਤ ਦੇਣ ਵਾਲੀਆਂ ਯੋਜਨਾਵਾਂ ਬੰਦ ਕਰਨ ਦੀ ਗੱਲ ਕਰਨਾ ਉਨ੍ਹਾਂ ਦੇ ਹਿੱਤਾਂ ਦੇ ਵਿਰੁੱਧ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਦੀ ਤਰਜੀਹ ਲੋਕਾਂ ਨੂੰ ਰਾਹਤ ਦੇਣਾ, ਉਨ੍ਹਾਂ ਦੀਆਂ ਮੁਸ਼ਕਲਾਂ ਘਟਾਉਣਾ ਅਤੇ ਜੀਵਨ ਪੱਧਰ ਵਿੱਚ ਸੁਧਾਰ ਲਿਆਉਣਾ ਹੋਣੀ ਚਾਹੀਦੀ ਹੈ। ਉਨ੍ਹਾਂ ਅਨੁਸਾਰ, ਲੋਕ ਭਲਾਈ ਦੀਆਂ ਯੋਜਨਾਵਾਂ ਦਾ ਅਸਲ ਲਾਭ ਉਦੋਂ ਹੈ, ਜਦੋਂ ਸਹਾਇਤਾ ਸਿੱਧੇ ਲੋੜਵੰਦ ਪਰਿਵਾਰਾਂ ਤੱਕ ਪਹੁੰਚੇ।

ਸਰਦੀਆਂ ਤੋਂ ਪਹਿਲਾਂ ਮਕਾਨਾਂ ਦੀ ਮੁਰੰਮਤ ਲਈ ਮਿਲੇਗੀ ਮਦਦ

ਰਮਨ ਬਹਿਲ ਨੇ ਕਿਹਾ ਕਿ ਆਉਣ ਵਾਲੀਆਂ ਸਰਦੀਆਂ ਦੇ ਮੱਦੇਨਜ਼ਰ ਇਹ ਵਿੱਤੀ ਸਹਾਇਤਾ ਪਰਿਵਾਰਾਂ ਲਈ ਕਾਫ਼ੀ ਲਾਹੇਵੰਦ ਸਾਬਤ ਹੋਵੇਗੀ। ਕੱਚੇ ਅਤੇ ਖਸਤਾ ਹਾਲਤ ਮਕਾਨਾਂ ਦੀ ਮੁਰੰਮਤ ਹੋਣ ਨਾਲ ਲੋਕਾਂ ਨੂੰ ਛੱਤਾਂ ਤੋਂ ਪਾਣੀ ਚੋਣ ਅਤੇ ਹੋਰ ਸਮੱਸਿਆਵਾਂ ਤੋਂ ਰਾਹਤ ਮਿਲ ਸਕੇਗੀ।

ਉਨ੍ਹਾਂ ਪਿੰਡ ਭੁੱਲੇਚੱਕ ਦੀ ਬਜ਼ੁਰਗ ਮਾਤਾ ਵੀਰੋ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਮਕਾਨ ਲੰਮੇ ਸਮੇਂ ਤੋਂ ਕੱਚੀ ਹਾਲਤ ਵਿੱਚ ਸੀ। ਹੁਣ ਉਨ੍ਹਾਂ ਨੂੰ ਵੀ ਮਕਾਨ ਦੀ ਮੁਰੰਮਤ ਲਈ ਸਹਾਇਤਾ ਦਾ ਚੈੱਕ ਦਿੱਤਾ ਗਿਆ ਹੈ, ਜਿਸ ਨਾਲ ਉਹ ਆਪਣੇ ਘਰ ਦੀ ਲੋੜੀਂਦੀ ਮੁਰੰਮਤ ਕਰਵਾ ਸਕਣਗੇ।

ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਭਾਰੀ ਬਰਸਾਤਾਂ ਅਤੇ ਹੜ੍ਹਾਂ ਕਾਰਨ ਨੁਕਸਾਨੇ ਗਏ ਮਕਾਨਾਂ ਵਾਲੇ ਪਰਿਵਾਰਾਂ ਲਈ ਵੀ ਸਰਕਾਰ ਵੱਲੋਂ ਵੱਖਰੇ ਤੌਰ ’ਤੇ ਰਾਹਤ ਅਤੇ ਮੁਆਵਜ਼ਾ ਦੇਣ ਦੀ ਪ੍ਰਕਿਰਿਆ ਤਹਿਤ ਸਹਾਇਤਾ ਕੀਤੀ ਜਾ ਰਹੀ ਹੈ। ਕੁਦਰਤੀ ਆਫ਼ਤਾਂ ਨਾਲ ਪ੍ਰਭਾਵਿਤ ਪਰਿਵਾਰਾਂ ਨੂੰ ਮੁੜ ਆਪਣੇ ਪੈਰਾਂ ’ਤੇ ਖੜ੍ਹਾ ਕਰਨ ਲਈ ਸਹਿਯੋਗ ਦੇਣਾ ਜ਼ਰੂਰੀ ਹੈ।

ਸੜਕਾਂ, ਨਿਕਾਸੀ ਅਤੇ ਬੁਨਿਆਦੀ ਸਹੂਲਤਾਂ ਦੇ ਕੰਮਾਂ ਨੂੰ ਪਹਿਲ

ਹਲਕੇ ਵਿੱਚ ਵਿਕਾਸ ਕਾਰਜਾਂ ਬਾਰੇ ਗੱਲ ਕਰਦਿਆਂ ਰਮਨ ਬਹਿਲ ਨੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਸੜਕਾਂ ਦੇ ਨਿਰਮਾਣ, ਪਾਣੀ ਦੀ ਨਿਕਾਸੀ, ਛੱਪੜਾਂ ਦੀ ਸਫ਼ਾਈ, ਗਲੀਆਂ-ਨਾਲੀਆਂ ਦੇ ਨਵੀਨੀਕਰਨ ਅਤੇ ਬਿਜਲੀ ਨਾਲ ਸਬੰਧਤ ਸਮੱਸਿਆਵਾਂ ਦੇ ਹੱਲ ਲਈ ਕੰਮ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਅਤੇ ਲੋੜਵੰਦ ਪਰਿਵਾਰਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨਾ ਉਨ੍ਹਾਂ ਦੀ ਪਹਿਲ ਹੈ।

ਉਨ੍ਹਾਂ ਉਮੀਦ ਜਤਾਈ ਕਿ ਪੰਜਾਬ ਨਿਰਮਾਣ ਸਕੀਮ ਤਹਿਤ ਮਿਲੀ ਇਹ ਸਹਾਇਤਾ ਪਰਿਵਾਰਾਂ ਦੇ ਮਕਾਨਾਂ ਦੀ ਹਾਲਤ ਸੁਧਾਰਨ ਅਤੇ ਉਨ੍ਹਾਂ ਨੂੰ ਸੁਰੱਖਿਅਤ ਜੀਵਨ ਪ੍ਰਦਾਨ ਕਰਨ ਵਿੱਚ ਮਦਦਗਾਰ ਸਾਬਤ ਹੋਵੇਗੀ।

ਇਸ ਮੌਕੇ ਬੀ.ਡੀ.ਪੀ.ਓ. ਗੁਰਦਾਸਪੁਰ ਦਿਲਬਾਗ ਸਿੰਘ, ਚੇਅਰਮੈਨ ਬਲਾਕ ਸੰਮਤੀ ਰਣਜੀਤ ਸਿੰਘ ਰਾਣਾ, ਸੰਗਠਨ ਇੰਚਾਰਜ ਭਾਰਤ ਭੂਸ਼ਣ ਸ਼ਰਮਾ, ਚੇਅਰਮੈਨ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮਟਿਡ ਗੁਰਦਾਸਪੁਰ ਲਖਵਿੰਦਰ ਸਿੰਘ ਬੱਬਰੀ ਨੰਗਲ, ਵਾਈਸ ਚੇਅਰਮੈਨ ਅਸ਼ਵਨੀ ਕੁਮਾਰ, ਬਲਾਕ ਪ੍ਰਧਾਨ ਅਤੇ ਇੰਪਰੂਵਮੈਂਟ ਟਰੱਸਟ ਦੇ ਟਰੱਸਟੀ ਹਿਤੇਸ਼ ਮਹਾਜਨ, ਸੈਕਟਰੀ ਜਗਜੀਤ ਸਿੰਘ ਪਿੰਟਾ, ਬਲਾਕ ਸੰਮਤੀ ਮੈਂਬਰ ਬਿਕਰਮਜੀਤ ਸਿੰਘ, ਸੁਰਿੰਦਰ ਸਿੰਘ ਅਤੇ ਪ੍ਰਗਟ ਸਿੰਘ, ਐੱਮ.ਸੀ. ਵਾਰਡ ਨੰਬਰ 9 ਯੋਗੇਸ਼ ਸ਼ਰਮਾ, ਪਿੰਡ ਬੱਬਰੀ ਦੇ ਸਰਪੰਚ ਟਿੰਕੂ ਸ਼ੇਰਗਿੱਲ, ਹਨੀ ਬਹਿਲ, ਕਬੀਰ ਬਹਿਲ, ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ, ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਤੇ ਪੰਚਾਇਤ ਮੈਂਬਰਾਂ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ।

Written By
The Punjab Wire