ਇਕ ਲੱਖ ਰੁਪਏ ਦੀ ਆਰਥਿਕ ਸਹਾਇਤਾ ਲਈ ਚੈਕ ਸੌਂਪਿਆ
ਗੁਰਦਾਸਪੁਰ 7 ਜੁਲਾਈ 2023 (ਦੀ ਪੰਜਾਬ ਵਾਇਰ) ਤੇਪਈ ਏਸ਼ੀਅਨ ਜੂਡੋ ਚੈਂਪੀਅਨਸ਼ਿਪ ਦੇ ਗੋਲਡ ਮੈਡਲ ਵਿਜੇਤਾ ਜਸਲੀਨ ਸੈਣੀ ਦਾ ਪੈਰਿਸ ਓਲੰਪਿਕ ਵਿੱਚ ਕੁਆਲੀਫਾਈ ਹੋਣ ਦਾ ਸੁਪਨਾ ਪੂਰਾ ਕਰਨ ਲਈ ਵਿਦੇਸ਼ੀ ਧਰਤੀ ਤੇ ਓਲੰਪਿਕ ਪੱਧਰ ਦੇ ਖਿਡਾਰੀਆਂ ਨਾਲ ਟ੍ਰੇਨਿੰਗ ਕਰਨ ਲਈ ਵਿੱਤੀ ਮਦਦ ਦੀ ਜ਼ਰੂਰਤ ਮਹਿਸੂਸ ਕਰਦਿਆਂ ਖੇਡਾਂ ਨੂੰ ਪਿਆਰ ਕਰਨ ਵਾਲੇ ਲੋਕਾਂ ਨੇ ਗੰਭੀਰਤਾ ਨਾਲ ਲਿਆ ਹੈ।
ਸੋਸ਼ਲ ਮੀਡੀਆ ਤੇ ਜਸਲੀਨ ਸੈਣੀ ਦੇ ਕੋਚ ਅਮਰਜੀਤ ਸ਼ਾਸਤਰੀ ਦੀ ਅਪੀਲ ਸੁਣਕੇ ਦੁਬਈ ਅਧਾਰਿਤ ਉਦਯੋਗ ਪਤੀ ਸਰਬੱਤ ਦਾ ਭਲਾ ਟਰੱਸਟ ਦੇ ਚੇਅਰਮੈਨ ਸ੍ਰ ਐਸ ਪੀ ਓਬਰਾਏ ਨੇ ਇਕ ਲੱਖ ਰੁਪਏ ਦੇਣ ਤੋਂ ਬਾਅਦ ਅਮਰੀਕਾ ਦੇ ਅਲਬਾਮਾ ਯੂਨੀਵਰਸਿਟੀ ਦੇ ਭਾਰਤ ਵਿਚ ਪ੍ਰਤੀਨਿਧ ਮਿਸਟਰ ਰਾਜਨ ਨੇ ਜੂਡੋ ਸੈਂਟਰ ਦਾ ਦੌਰਾ ਕੀਤਾ। ਉਹਨਾਂ ਨਾਲ ਉਨ੍ਹਾਂ ਦੀ ਮਾਤਾ ਜੀ ਸਾਬਕਾ ਪ੍ਰਿੰਸੀਪਲ ਸ਼੍ਰੀ ਮਤੀ ਪੂਰਨਾਂ ਦੇਵੀ ਸਨ। ਉਹਨਾਂ ਜਸਲੀਨ ਦੀ ਮਿਹਨਤ ਅਤੇ ਵੱਡੀ ਪ੍ਰਾਪਤੀ ਤੇ ਮਾਣ ਮਹਿਸੂਸ ਕਰਦਿਆਂ ਉਸ ਦੀ ਹਰ ਸੰਭਵ ਮਦਦ ਕਰਨ ਦਾ ਐਲਾਨ ਕੀਤਾ। ਜਾਪਾਨ ਵਿਚ ਟ੍ਰੇਨਿੰਗ ਲਈ ਇਕ ਲੱਖ ਰੁਪਏ ਦਾ ਚੈੱਕ ਸੌਂਪਿਆ। ਇਸ ਤੋਂ ਪਹਿਲਾਂ ਵੀ ਮਿਸਟਰ ਰਾਜਨ ਕਜ਼ਾਕਿਸਤਾਨ ਵਿਖੇ ਭਾਗ ਲੈਣ ਲਈ ਇਕ ਲੱਖ ਰੁਪਏ ਦੀ ਆਰਥਿਕ ਸਹਾਇਤਾ ਕਰ ਚੁੱਕੇ ਸਨ।
ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਮੈਡਮ ਪੂਰਨਾਂ ਦੇਵੀ ਨੇ ਕਿਹਾ ਕਿ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਆਪਣੇ ਕੋਚਾਂ ਦੀ ਸਿਖਿਆ ਤੇ ਅਮਲ ਨਾਲ ਵੱਡੇ ਵੱਡੇ ਨਿਸ਼ਾਨਿਆਂ ਨੂੰ ਪੂਰਾ ਕੀਤਾ ਜਾ ਸਕਦਾ ਹੈ। ਜੂਡੋ ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਜੂਡੋਕਾ ਵੈਲਫੇਅਰ ਸੁਸਾਇਟੀ ਵੱਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਹੋ ਜਿਹੇ ਲੋਕਾਂ ਦੀ ਬਦੌਲਤ ਹੀ ਭਾਰਤ ਦੇ ਨੌਜਵਾਨਾਂ ਵਿਚ ਨਵੀਂ ਰੂਹ ਫੂਕੀ ਜਾ ਸਕਦੀ ਹੈ। ਇਹ ਵਰਨਣਯੋਗ ਹੈ ਕਿ ਪ੍ਰਿੰਸੀਪਲ ਪੂਰਨਾਂ ਦੇਵੀ ਦੇ ਪਤੀ ਸਵਰਗਵਾਸੀ ਸਵਾਮੀ ਮੁਨਸ਼ੀ ਰਾਮ ਉੱਘੇ ਲੇਖਕ, ਸਮਾਜਸੇਵੀ, ਨਸ਼ਿਆਂ ਦੇ ਮੁੱਦੇ ਤੇ ਗੱਲ ਕਰਨ ਵਾਲੇ ਅਤੇ ਯੋਗਾ ਅਚਾਰੀਆ ਸਨ। ਜਿਹਨਾਂ ਨੇ ਨਸ਼ਾ ਛੁਡਾਊ ਕੇਂਦਰ ਗੁਰਦਾਸਪੁਰ ਵਿੱਚ ਲੰਮਾਂ ਸਮਾਂ ਸੇਵਾ ਕੀਤੀ ਸੀ। ਮਿਸਟਰ ਰਾਜਨ ਭਾਰਤ ਦੀਆਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਵਿੱਚ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਅਮਰੀਕਾ ਵਿੱਚ ਪੜ੍ਹਨ ਲਈ ਤਿਆਰੀ ਕਰਵਾ ਰਹੇ ਹਨ। ਇਸ ਮੌਕੇ ਸਤੀਸ਼ ਕੁਮਾਰ, ਪ੍ਰਿੰਸੀਪਲ ਅਮਰਜੀਤ ਸਿੰਘ ਮਨੀ, ਡਾਕਟਰ ਰਵਿੰਦਰ ਸਿੰਘ, ਮੈਡਮ ਬਲਵਿੰਦਰ ਕੌਰ ਤੋਂ ਇਲਾਵਾ ਹੋਰ ਜੂਡੋ ਖੇਡ ਪ੍ਰੇਮੀ ਹਾਜਰ ਸਨ।