ਅਣਪਛਾਤੇ ਪਰਵਾਸੀਆਂ ਦੀ ਵੈਰੀਫਿਕੇਸ਼ਨ ਲਈ ਪੰਜਾਬੀ ਹਿੰਦੂ ਗਰੁੱਪ ਤੇ ਸਨਾਤਨ ਸੇਵਾ ਦਲ ਵਲੋਂ ਰਾਜ ਪੱਧਰੀ ਮੁਹਿੰਮ

ਗੁਰਦਾਸਪੁਰ,4 ਸਤੰਬਰ 2025 (ਮੰਨਨ ਸੈਣੀ)। ਪੰਜਾਬੀ ਹਿੰਦੂ ਗਰੁੱਪ ਵਲੋਂ ਚੇਅਰਮੈਨ ਮਹੰਤ ਸ਼੍ਰੀ ਰਵੀ ਕਾਂਤ ਮੁਨੀ ਜੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਨਾਤਨ ਸੇਵਾ ਦਲ ਨੇ ਪੰਜਾਬ ਭਰ ਵਿੱਚ “ਅਨਆਈਡੈਂਟੀਫਾਈ ਪੀਪਲ ਵੈਰੀਫਿਕੇਸ਼ਨ ਡਰਾਈਵ” ਮੁਹਿੰਮ ਸ਼ੁਰੂ ਕੀਤੀ ਹੈ। ਇਸ ਸਿਲਸਿਲੇ ਵਿੱਚ ਰਾਜ ਦੇ ਕਰੀਬ 400 ਪੁਲਿਸ ਥਾਣਿਆਂ ਵਿੱਚ ਮੰਗ ਪੱਤਰ ਦਿੱਤੇ ਗਏ ਹਨ।

ਇਸ ਮੁਹਿੰਮ ਤਹਿਤ ਅੱਜ ਗੁਰਦਾਸਪੁਰ ਦੇ ਸਿਟੀ ਥਾਣੇ ਵਿੱਚ ਪੰਜਾਬੀ ਹਿੰਦੂ ਗਰੁੱਪ ਦੇ ਸ਼੍ਰੀ ਵਿਕਰਮ ਵਾਲੀਆ ਅਤੇ ਸਨਾਤਨ ਸੇਵਾ ਦਲ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪਿਆ ਗਿਆ। ਪੱਤਰ ਵਿੱਚ ਡੀਜੀਪੀ ਪੰਜਾਬ, ਹਾਈਕੋਰਟ ਅਤੇ ਸੁਪਰੀਮ ਕੋਰਟ ਦੇ ਹੁਕਮਾਂ ਦਾ ਹਵਾਲਾ ਦੇ ਕੇ ਬੰਗਲਾਦੇਸ਼ੀ, ਰੋਹਿੰਗਿਆ ਅਤੇ ਹੋਰ ਅਣਪਛਾਤੇ ਸ਼ਕੀ ਵਿਅਕਤੀਆਂ ਦੀ ਵੈਰੀਫਿਕੇਸ਼ਨ ਕਰਨ ਦੀ ਮੰਗ ਕੀਤੀ ਗਈ।

ਇਸ ਮੌਕੇ ਸ਼੍ਰੀ ਵਿਕਰਮ ਵਾਲੀਆ ਨੇ ਕਿਹਾ ਕਿ ਪੰਜਾਬ ਇੱਕ ਬਾਰਡਰ ਸਟੇਟ ਹੋਣ ਕਰਕੇ ਵਿਦੇਸ਼ੀ ਸਾਜਿਸ਼ਾਂ ਦੀ ਮਾਰ ਸਹਿੰਦਾ ਰਿਹਾ ਹੈ। ਪਿਛਲੇ ਦਹਾਕਿਆਂ ਦੌਰਾਨ ਅੱਤਵਾਦ ਕਾਰਨ ਹਜ਼ਾਰਾਂ ਪੰਜਾਬੀ ਹਿੰਦੂਆਂ ਦੀਆਂ ਜਾਨਾਂ ਗਈਆਂ ਹਨ ਅਤੇ ਰਾਜ ਨੇ ਸ਼ਾਂਤੀ ਲਈ ਵੱਡੀ ਕੀਮਤ ਚੁਕਾਈ ਹੈ। ਹੁਣ ਮੁੜ ਤੋਂ ਸ਼ਕੀ ਘੁਸਪੈਠੀਆਂ ਦੀ ਆਮਦ ਨਾਲ ਸੁਰੱਖਿਆ ਸੰਕਟ ਖੜ੍ਹਾ ਹੋ ਰਿਹਾ ਹੈ।

ਉਹਨਾਂ ਦਾਅਵਾ ਕੀਤਾ ਕਿ ਕਈ ਅਣਪਛਾਤੇ ਲੋਕ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਇਕੱਠੇ ਹੋ ਕੇ ਹੜਬੜਾਹਟ ਪੈਦਾ ਕਰਦੇ ਹਨ, ਸਥਾਨਕ ਮਹਿਲਾਵਾਂ ਨਾਲ ਛੇੜਛਾੜ ਕਰਦੇ ਹਨ ਅਤੇ ਬੇਤਰਤੀਬ ਗੱਡੀਆਂ ਖੜ੍ਹੀਆਂ ਕਰਕੇ ਕਾਨੂੰਨ ਵਿਵਸਥਾ ਨੂੰ ਚੁਣੌਤੀ ਦੇ ਰਹੇ ਹਨ। ਇਹ ਲੋਕ ਫਰਜ਼ੀ ਦਸਤਾਵੇਜ਼ ਤਿਆਰ ਕਰਕੇ ਭਾਰਤੀ ਨਾਗਰਿਕ ਬਣਨ ਦੀ ਕੋਸ਼ਿਸ਼ ਕਰ ਰਹੇ ਹਨ, ਜਦਕਿ ਅਦਾਲਤੀ ਹੁਕਮਾਂ ਅਨੁਸਾਰ ਆਧਾਰ, ਪੈਨਕਾਰਡ ਜਾਂ ਵੋਟਰਕਾਰਡ ਨਾਗਰਿਕਤਾ ਦੇ ਸਬੂਤ ਨਹੀਂ ਮੰਨੇ ਜਾਂਦੇ।

ਉਹਨਾਂ ਮੰਗ ਕੀਤੀ ਕਿ ਆਉਣ ਵਾਲੇ ਸ਼ੁਕਰਵਾਰ ਨੂੰ ਇਕੱਠੇ ਹੋਣ ਵਾਲੇ ਅਜਿਹੇ ਸ਼ਕੀ ਲੋਕਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇ, ਨਹੀਂ ਤਾਂ ਅਗਲੇ ਹਫ਼ਤੇ ਡੀਐਸਪੀ ਜਾਂ ਡੀਸੀਪੀ ਦਫ਼ਤਰਾਂ ਵਿੱਚ ਰਿਪਰੇਜ਼ੇਂਟੇਸ਼ਨ ਦਿੱਤਾ ਜਾਵੇਗਾ। ਜੇਕਰ ਕਾਰਵਾਈ ਨਾ ਹੋਈ ਤਾਂ ਨਵਰਤਰਿਆਂ ਤੋਂ ਪਹਿਲਾਂ ਪੰਜਾਬ ਪੱਧਰ ’ਤੇ ਅੰਦੋਲਨ ਵੀ ਕੀਤਾ ਜਾਵੇਗਾ।

ਇਸ ਮੌਕੇ ਸਨਾਤਨ ਸੇਵਾ ਦਲ ਦੇ ਪ੍ਰਧਾਨ ਦੀਪਕ ਮਹਾਜਨ, ਗੁਲਸ਼ਨ ਸੈਣੀ, ਪਾਰੁਸ਼ ਸਰਨਾ, ਬਿੱਟੂ ਜੀ, ਰੋਹਿਤ ਗੁਪਤਾ, ਅੰਕੁਸ਼ ਸ਼ਰਮਾ, ਸੂਰਜ ਮਹਾਜਨ, ਮੁੰਨਾ ਠਾਕੁਰ ਅਤੇ ਕੇਸ਼ਵ ਗੋਇਲ ਵੀ ਹਾਜ਼ਿਰ ਸਨ।

Exit mobile version